5 Dariya News

ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਵਲੋਂ ਜੋਤੀ ਸਰੂਪ ਕੰਨਿਆ ਆਸ਼ਰਮ, ਖਰੜ, ਪ੍ਰਭ ਆਸਰਾ, ਪਡਿਆਲਾ ਅਤੇ ਜਿਲ੍ਹਾ ਜੇਲ੍ਹ, ਰੂਪਨਗਰ ਦਾ ਕੀਤਾ ਗਿਆ ਦੌਰਾ

5 Dariya News

ਐਸ.ਏ.ਐਸ. ਨਗਰ 14-Jun-2023

ਸ੍ਰੀ ਮਨਜਿੰਦਰ ਸਿੰਘ, ਜਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਜੋਤੀ ਸਰੂਪ ਕੰਨਿਆ ਆਸ਼ਰਮ, ਖਰੜ, ਪ੍ਰਭ ਆਸਰਾ, ਪਡਿਆਲਾ ਅਤੇ ਜਿਲ੍ਹਾ ਜੇਲ੍ਹ, ਰੂਪਨਗਰ ਦਾ ਦੌਰਾ ਕੀਤਾ ਗਿਆ। ਕੰਨਿਆ ਆਸ਼ਰਮ, ਖਰੜ ਵਿਖੇ ਲੜਕੀਆਂ ਦੇ ਰੂਬਰੂ ਹੁੰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਜੀਵਨ ਵਿਚ ਅੱਗੇ ਵਧਣ ਲਈ ਸਖਤ ਮਿਹਨਤ ਕਰਨ ਕਰਨ ਲਈ ਪ੍ਰੇਰਿਆ ਅਤੇ ਸਿੱਖਿਆ ਦੇ ਮਹੱਤਵ ਸਬੰਧੀ ਜਾਗਰੂਕ ਕੀਤਾ।

ਇਸ ਮੌਕੇ ਤੇ ਸ੍ਰੀ ਬਲਜਿੰਦਰ ਸਿੰਘ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਲੜਕੀਆਂ ਨੂੰ ਉਨ੍ਹਾਂ ਕਾਨੂੰਨੀ ਅਧਿਕਾਰਾਂ ਦੇ ਨਾਲ-ਨਾਲ ਕਾਨੂੰਨੀ ਸੇਵਾਵਾਂ ਅਥਾਰਟੀ ਐਕਟ, 1987 ਅਧੀਨ ਦਿੱਤੀ ਜਾਣ ਵਾਲੀ ਕਾਨੂੰਨੀ ਸਹਾਇਤਾ ਸਬੰਧੀ ਜਾਣੂ ਕਰਵਾਇਆ ਗਿਆ। ਇਸ ਤੋਂ ਬਾਅਦ ਉਨ੍ਹਾਂ ਵਲੋਂ ਪ੍ਰਭ ਆਸਰਾ, ਪਡਿਆਲਾ ਦਾ ਦੌਰਾ ਕੀਤਾ ਗਿਆ ਅਤੇ ਸੰਸਥਾ ਵਲੋਂ ਆਸ਼ਰਮ ਵਿਚ ਦਾਖਲ ਵਿਅਕਤੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਪ੍ਰਭ ਆਸਰਾ ਦੇ ਪ੍ਰਬੰਧਕਾਂ ਦੀ ਲਾਵਾਰਸ ਵਿਅਕਤੀਆਂ ਦੀ ਸਾਂਭ ਸੰਭਾਲ ਲਈ ਸਲਾਘਾ ਕੀਤੀ।

ਇਸੇ ਤਰ੍ਹਾਂ ਜਿਲ੍ਹਾ ਜੇਲ੍ਹ, ਰੂਪਨਗਰ ਦਾ ਵੀ ਦੌਰਾ ਕੀਤਾ ਗਿਆ ਜਿਸ ਵਿਚ ਜੇਲ੍ਹ ਵਿਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਕੇ ਮੌਕੇ ਤੇ ਹੀ ਜੇਲ੍ਹ ਪ੍ਰਸਾਸ਼ਨ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਵਲੋਂ ਜੇਲ੍ਹ ਪ੍ਰਸਾਸਨ ਵਲੋਂ ਕੈਦੀਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਸਬੰਧੀ ਵੀ ਜਾਣਕਾਰੀ ਹਾਸਲ ਕੀਤੀ ਗਈ ਅਤੇ ਖਾਣਾ ਤਿਆਰ ਕਰਨ ਵਾਲੀ ਜਗ੍ਹਾ ਦਾ ਵੀ ਨਿਰੀਖਣ ਕੀਤਾ ਗਿਆ। ਇਸ ਮੌਕੇ ਤੇ ਸ੍ਰੀਮਤੀ ਹਿਮਾਂਸੀ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਵੀ ਹਾਜ਼ਰ ਸਨ।