5 Dariya News

ਚੰਡੀਗੜ੍ਹ ਯੂਨੀਵਰਸਿਟੀ ਨੇ ਮਿਆਰੀ ਉੱਚ ਸਿੱਖਿਆ ਵਿੱਚ ਨਵੇਂ ਮਾਣਕ ਸਥਾਪਿਤ ਕੀਤੇ ਹਨ; ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ

ਪੜ੍ਹੇ-ਲਿਖੇ ਨੌਜਵਾਨ ਭਾਰਤ ਦੀ ਤਰੱਕੀ ਲਈ ਅੰਮ੍ਰਿਤ ਕਾਲ ਦੀ ਸਭ ਤੋਂ ਵੱਡੀ ਤਾਕਤ ਹਨ; ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ

5 Dariya News

ਐਸ ਏ ਐਸ ਨਗਰ 09-Jun-2023

“ਚੰਡੀਗੜ੍ਹ ਯੂਨੀਵਰਸਿਟੀ ਨੇ ਵਿਸ਼ਵ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚ ਸ਼ੁਮਾਰ ਹੋ ਕੇ ਮਿਆਰੀ ਉੱਚ ਸਿੱਖਿਆ ਦੇ ਨਵੇਂ ਮਾਪਦੰਡ ਸਥਾਪਤ ਕੀਤੇ ਹਨ”, ਇਹ ਸ਼ਬਦ ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 9 ਜੂਨ (ਸ਼ੁੱਕਰਵਾਰ) ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਸਾਲਾਨਾ ਕਨਵੋਕੇਸ਼ਨ 2023 ਦੌਰਾਨ ਆਪਣੇ ਸੰਬੋਧਨ ਵਿੱਚ ਕਹੇ। 

ਸਾਲਾਨਾ ਕਨਵੋਕੇਸ਼ਨ ਦੌਰਾਨ 1400 ਤੋਂ ਵੱਧ ਵਿਦਿਆਰਥੀਆਂ ਨੂੰ ਅੰਡਰ ਗਰੈਜੂਏਟ, ਪੋਸਟ ਗ੍ਰੈਜੂਏਟ ਅਤੇ ਪੀਐਚਡੀ ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ ਜਿਨ੍ਹਾਂ ਵਿੱਚੋਂ 45% ਲੜਕੀਆਂ ਹਨ। ਇਸ ਤੋਂ ਇਲਾਵਾ 35 ਵਿੱਚੋਂ 22 ਲੜਕੀਆਂ ਨੂੰ ਗੋਲਡ ਮੈਡਲ ਦਿੱਤੇ ਗਏ ਹਨ। ਕੁੱਲ 35 ਵਿੱਚੋਂ 21 ਲੜਕੀਆਂ ਨੇ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ ਹੈ।

ਇਸ ਮੌਕੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਅਤੇ ਸੀਯੂ ਦੇ ਹੋਣਹਾਰ ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਗੋਲਡ ਮੈਡਲ ਪ੍ਰਦਾਨ ਕੀਤੇ। ਇਸ ਸ਼ੁਭ ਮੌਕੇ, ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ; ਪ੍ਰੋ-ਚਾਂਸਲਰ ਡਾ.(ਪ੍ਰੋ.) ਆਰ ਐਸ ਬਾਵਾ; ਅਤੇ ਵਾਈਸ ਚਾਂਸਲਰ ਡਾ. ਮਨਪ੍ਰੀਤ ਸਿੰਘ ਮੰਨਾ ਵੀ ਹਾਜ਼ਰ ਸਨ।

ਸਾਲਾਨਾ ਕਨਵੋਕੇਸ਼ਨ ਮੌਕੇ ਆਪਣੇ ਸੰਬੋਧਨ ਦੌਰਾਨ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ, “ਚੰਡੀਗੜ੍ਹ ਯੂਨੀਵਰਸਿਟੀ ਨੇ 11 ਸਾਲਾਂ ਦੇ ਥੋੜ੍ਹੇ ਸਮੇਂ ਵਿੱਚ ਹੀ ਭਾਰਤ ਦੇ ਪ੍ਰਮੁੱਖ ਅਦਾਰਿਆਂ ਵਿੱਚੋਂ ਇੱਕ ਵਜੋਂ ਚੰਗੀ ਸਾਖ ਬਣਾਈ ਹੈ, ਜਿਸ ਕਾਰਨ ਇਸ ਨੂੰ ਵਿਸ਼ਵ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚ ਦਰਜਾ ਦਿੱਤਾ ਗਿਆ ਹੈ। ਸੀਯੂ ਤਕਨੀਕੀ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਅਨੁਕੂਲ ਮਾਹੌਲ ਪ੍ਰਦਾਨ ਕਰਦਾ ਹੈ, ਜੋ ਵਿਦਿਆਰਥੀਆਂ ਵਿੱਚ ਸਿੱਖਣ ਦੀ ਭਾਵਨਾ ਅਤੇ ਵਿਗਿਆਨਕ ਸੁਭਾਅ ਪੈਦਾ ਕਰਦਾ ਹੈ। ਇਸ ਦਾ ਅੰਦਾਜ਼ਾ ਯੂਨੀਵਰਸਿਟੀ ਦੇ ਯੋਜਨਾਵਾੰ ਅਤੇ ਪ੍ਰਾਪਤੀਆਂ ਤੋਂ ਲਗਾਇਆ ਜਾ ਸਕਦਾ ਹੈ। 

ਉਹਨਾਂ ਦੱਸਿਆ ਕਿ ਇੱਕ ਸਾਲ ਵਿੱਚ 703 ਤੋਂ ਵੱਧ ਪੇਟੈਂਟ ਦਾਇਰ ਕਰਕੇ ਚੰਡੀਗੜ੍ਹ ਯੂਨੀਵਰਸਿਟੀ ਨੂੰ ਭਾਰਤ ਸਰਕਾਰ ਦੇ ਪੇਟੈਂਟ, ਡਿਜ਼ਾਈਨ, ਟ੍ਰੇਡਮਾਰਕ ਅਤੇ ਭੂਗੋਲਿਕ ਸੰਕੇਤਾਂ ਦੇ ਕੰਟਰੋਲਰ ਜਨਰਲ ਦਫ਼ਤਰ ਵੱਲੋਂ ਭਾਰਤ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਗਿਆ ਹੈ। ਸੀਯੂ ਦੀ ਇਹ ਪ੍ਰਾਪਤੀ ਸਿੱਖਿਆ ਜਗਤ ਵਿੱਚ ਇੱਕ ਵੱਡੀ ਪ੍ਰਾਪਤੀ ਹੈ।“ ਉਹਨਾਂ ਕਿਹਾ, “ਚੰਡੀਗੜ੍ਹ ਯੂਨੀਵਰਸਿਟੀ ਨੇ 11 ਸਾਲਾਂ ਦੇ ਥੋੜ੍ਹੇ ਸਮੇਂ ਵਿੱਚ ਹੀ ਭਾਰਤ ਦੇ ਪ੍ਰਮੁੱਖ ਅਦਾਰਿਆਂ ਵਿੱਚੋਂ ਇੱਕ ਵਜੋਂ ਚੰਗੀ ਸਾਖ ਬਣਾਈ ਹੈ, ਜਿਸ ਕਾਰਨ ਇਸ ਨੂੰ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚ ਦਰਜਾ ਦਿੱਤਾ ਗਿਆ ਹੈ।“

ਉਨ੍ਹਾਂ ਸਿੱਖਿਆ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਸਿੱਖਿਆ ਅਤੇ ਗਿਆਨ ਮਨੁੱਖੀ ਜੀਵਨ ਦੀ ਨੀਂਹ ਹਨ। ਇਸ ਦੇ ਆਧਾਰ 'ਤੇ ਵਿਅਕਤੀ ਦੀ ਸ਼ਖਸੀਅਤ ਦਾ ਨਿਰਮਾਣ ਹੁੰਦਾ ਹੈ। ਸਿੱਖਿਆ ਤਬਦੀਲੀ ਦਾ ਸਭ ਤੋਂ ਮਹੱਤਵਪੂਰਨ ਮਾਧਿਅਮ ਹੈ ਅਤੇ ਨੌਜਵਾਨ ਸਮਾਜਿਕ ਜੀਵਨ ਦਾ ਸਭ ਤੋਂ ਸ਼ਕਤੀਸ਼ਾਲੀ ਪ੍ਰਤੀਨਿਧੀ ਹੁੰਦੇ ਹੈ। 

ਪੜ੍ਹੇ ਲਿਖੇ ਨੌਜਵਾਨ ਹੀ ਸਮਾਜ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆ ਸਕਦੇ ਹਨ। ਪੜ੍ਹੇ-ਲਿਖੇ ਨੌਜਵਾਨ ਹੀ ਸਭ ਤੋਂ ਵੱਡੀ ਤਾਕਤ ਹਨ ਜੋ ਅੰਮ੍ਰਿਤ ਕਾਲ ਵਿਚ ਭਾਰਤ ਦੀ ਤਰੱਕੀ ਨੂੰ ਬਲ ਦੇਵੇਗੀ। 

ਉਹਨਾਂ ਕਿਹਾ ਕਿ 34 ਸਾਲਾਂ ਬਾਅਦ ਪੇਸ਼ ਕੀਤੀ ਗਈ ਨਵੀਂ ਸਿੱਖਿਆ ਨੀਤੀ ਦਾ ਉਦੇਸ਼ ਭਾਰਤੀ ਨੌਜਵਾਨਾਂ ਨੂੰ ਆਉਣ ਵਾਲੇ ਭਵਿੱਖ ਲਈ ਤਿਆਰ ਕਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਮਹਿਲਾ ਸਸ਼ਕਤੀਕਰਨ ਅਤੇ ਮਹਿਲਾ ਲੀਡਰਸ਼ਿਪ ਵੱਲ ਵਧ ਰਿਹਾ ਹੈ ਅਤੇ ਪੜ੍ਹੀਆਂ-ਲਿਖੀਆਂ ਲੜਕੀਆਂ ਸਾਡੇ ਦੇਸ਼ ਦੀ ਤਰੱਕੀ ਦੇ ਸਫ਼ਰ ਨੂੰ ਹੋਰ ਮਜ਼ਬੂਤ ਕਰਨਗੀਆਂ ਅਤੇ ਭਾਰਤ ਨੂੰ 'ਗਲੋਬਲ ਗਿਆਨ ਹੱਬ' ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ।

ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਗੇ ਕਿਹਾ, “ਇਹ ਕਿਹਾ ਜਾਂਦਾ ਹੈ ਕਿ ਭਾਰਤ ਹੌਲੀ-ਹੌਲੀ ‘ਵਿਸ਼ਵ ਗੁਰੂ’ ਬਣਨ ਵੱਲ ਵਧ ਰਿਹਾ ਹੈ, ਪਰ ਜੇ ਅਸੀਂ ਆਪਣੇ ਇਤਿਹਾਸ ਵੱਲ ਝਾਤ ਮਾਰੀਏ ਤਾਂ, ਭਾਰਤ ਪਹਿਲਾਂ ਹੀ ਇੱਕ ਮਹਾਂਸ਼ਕਤੀ ਹੈ। ਇਸ ਨੇ ਰੂਸ-ਯੂਕਰੇਨ ਯੁੱਧ ਦੌਰਾਨ ਕੋਵਿਡ ਟੀਕਾਕਰਨ ਅਤੇ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਭਾਰਤ ਵਾਪਿਸ ਲਿਆਉਣ ਵਰਗੇ ਕਈ ਦਲੇਰ ਫੈਸਲਿਆਂ ਰਾਹੀਂ ਦੁਨੀਆ ਨੂੰ ਆਪਣੀ ਵਧਦੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਹੈ। 

ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਜੀ-20 ਸਿਖਰ ਸੰਮੇਲਨ ਭਾਰਤ ਦੀ ਵਧਦੀ ਸ਼ਕਤੀ ਦਾ ਪ੍ਰਮਾਣ ਹੈ ਅਤੇ ਰਾਸ਼ਟਰ ਲਈ ਆਪਣੇ ਸੰਮਲਿਤ ਵਿਕਾਸ ਨੂੰ ਦੁਨੀਆ ਦੇ ਸਾਹਮਣੇ ਉਜਾਗਰ ਕਰਨ ਦਾ ਇੱਕ ਵਧੀਆ ਮੌਕਾ ਹੈ। ਇਹ ਉਜਾਗਰ ਕਰਦੇ ਹੋਏ ਕਿ ਕਿਵੇਂ ਭਾਰਤ ਵਿਸ਼ਵ ਪੱਧਰ 'ਤੇ ਮਹੱਤਵ ਪ੍ਰਾਪਤ ਕਰ ਰਿਹਾ ਹੈ, ਰਾਮ ਨਾਥ ਕੋਵਿੰਦ ਨੇ ਕਿਹਾ, “ਦੁਨੀਆਂ ਨੂੰ ਹੁਣ ਭਾਰਤ ਦੀ ਅਗਵਾਈ ਵਿੱਚ ਵਿਸ਼ਵਾਸ ਹੈ। 

ਅਤੇ ਅਜੈਪਾਲ ਸਿੰਘ ਬੰਗਾ ਦਾ ਵਿਸ਼ਵ ਬੈਂਕ ਦਾ ਪ੍ਰਧਾਨ ਬਣਨਾ ਇਸ ਦਾ ਪ੍ਰਤੱਖ ਪ੍ਰਮਾਣ ਹੈ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਭਾਰਤੀ ਨੂੰ ਇਹ ਅਹੁਦਾ ਦਿੱਤਾ ਗਿਆ ਹੈ, ਜੋ ਕਿ ਪੂਰੇ ਦੇਸ਼ ਅਤੇ ਇਸ ਦੇ ਨਾਗਰਿਕਾਂ ਲਈ ਮਾਣ ਵਾਲੀ ਗੱਲ ਹੈ।“

ਸਾਲਾਨਾ ਕਨਵੋਕੇਸ਼ਨ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ, “ ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਨਵੋਕੇਸ਼ਨ ਦੌਰਾਨ ਡਿਗਰੀਆਂ ਪ੍ਰਾਪਤ ਕਰਨ ਵਾਲੇ ਗ੍ਰੈਜੂਏਟਾਂ ਨੂੰ ਵਧਾਈ ਦਿੱਤੀ। ਆਪਣੇ ਸੰਬੋਧਨ ਦੌਰਾਨ ਉਹਨਾਂ ਕਿਹਾ,” ਚੰਡੀਗੜ੍ਹ ਯੂਨੀਵਰਸਿਟੀ ਨੂੰ ਸੰਸਾਰ ਦਾ ਇੱਕ ਛੋਟਾ ਮਾੱਡਲ ਕਿਹਾ ਜਾ ਸਕਦਾ ਹੈ, ਕਿਉਂਕਿ ਇੱਥੇ 60 ਦੇਸ਼ਾਂ, 28 ਰਾਜਾਂ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿਦਿਆਰਥੀ ਪੜ੍ਹਦੇ ਹਨ। 

ਭਾਵੇਂ ਇਸਦਾ ਇਤਿਹਾਸ ਕੇਵਲ 11 ਸਾਲ ਪੁਰਾਣਾ ਹੈ ਅਤੇ ਇਹ ਦੇਸ਼ ਦੀ ਇੱਕ ਯੰਗ ਯੂਨੀਵਰਸਿਟੀ ਹੈ, ਫਿਰ ਵੀ ਇਸਦੀ ਕਿਟੀ ਵਿੱਚ ਵੱਡੀਆਂ ਪ੍ਰਾਪਤੀਆਂ ਹਨ। ਯੂਨੀਵਰਸਿਟੀ ਨੇ ਸਾਲਾਂ ਦੌਰਾਨ ਮਿਆਰੀ ਸਿੱਖਿਆ ਵਿੱਚ ਇੱਕ ਮਾਪਦੰਡ ਸਥਾਪਤ ਕੀਤਾ ਹੈ।” ਸਤਨਾਮ ਸਿੰਘ ਸੰਧੂ ਨੇ ਤਾਜ਼ਾ ਦਰਜਾਬੰਦੀ ਬਾਰੇ ਗੱਲ ਕਰਦਿਆਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਵੱਖ-ਵੱਖ ਮਾਪਦੰਡਾਂ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਹਾਲ ਹੀ ਵਿੱਚ ਜਾਰੀ NIRF ਰੈਂਕਿੰਗ 2023 ਵਿੱਚ ਭਾਰਤ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚ 27ਵਾਂ ਰੈਂਕ ਹਾਸਲ ਕੀਤਾ ਹੈ। 

ਆਲ-ਇੰਡੀਆ ਪੱਧਰ ‘ਤੇ, ਫਾਰਮੇਸੀ ਦੇ ਖੇਤਰ ਵਿੱਚ 34ਵਾਂ, ਪ੍ਰਬੰਧਨ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ 36ਵਾਂ ਅਤੇ ਇੰਜੀਨੀਅਰਿੰਗ ਵਿੱਚ 38ਵਾਂ ਸਥਾਨ ਹੈ। ਇਸ ਵਿੱਚ ਯੂਨੀਵਰਸਿਟੀ ਦੀ ਸਮੁੱਚੀ ਰੈਂਕਿੰਗ 45ਵੀਂ ਰਹੀ ਹੈ”। ਸਤਨਾਮ ਸਿੰਘ ਸੰਧੂ ਨੇ ਅੱਗੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ 2023 ਵਿੱਚ QS ਵਰਲਡ ਯੂਨੀਵਰਸਿਟੀ ਸਬਜੈਕਟ ਰੈਂਕਿੰਗ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਇਸਨੇ ਹਾਸਪਿਟੈਲਿਟੀ ਮੈਨੇਜਮੈਂਟ ਦੇ ਖੇਤਰ ਵਿੱਚ ਭਾਰਤ ਵਿੱਚ ਪਹਿਲਾ, ਇੰਜਨੀਅਰਿੰਗ ਅਤੇ ਤਕਨਾਲੋਜੀ, ਕੰਪਿਊਟਰ ਵਿਗਿਆਨ ਅਤੇ ਸੂਚਨਾ ਪ੍ਰਣਾਲੀਆਂ ਦੇ ਖੇਤਰ ਵਿੱਚ ਭਾਰਤ ਵਿੱਚ 11ਵਾਂ ਸਥਾਨ ਪ੍ਰਾਪਤ ਕੀਤਾ। 

ਮਕੈਨੀਕਲ ਇੰਜੀਨੀਅਰਿੰਗ ਦੇ ਖੇਤਰ ਵਿੱਚ 12ਵਾਂ ਅਤੇ ਵਪਾਰ ਅਤੇ ਪ੍ਰਬੰਧਨ ਅਧਿਐਨ ਦੇ ਖੇਤਰ ਵਿੱਚ ਭਾਰਤ ਵਿੱਚ 16ਵਾਂ ਦਰਜਾ ਪ੍ਰਾਪਤ ਹੈ। ਉਹਨਾਂ ਅੱਗੇ ਦੱਸਿਆ, “ਇਹ ਵੱਕਾਰੀ QS ਵਰਲਡ ਯੂਨੀਵਰਸਿਟੀ ਰੈਂਕਿੰਗਜ਼ 2023 ਵਿੱਚ ਡੈਬਿਊ ਕਰਨ ਵਾਲੀ ਦੁਨੀਆ ਦੀ ਸਭ ਤੋਂ ਨਵੀਂ ਯੂਨੀਵਰਸਿਟੀ ਸੀ। 

QS ਵਿਸ਼ਵ ਯੂਨੀਵਰਸਿਟੀ ਰੈਂਕਿੰਗਜ਼ 2022 ਵਿੱਚ ਭਾਰਤ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚੋਂ ਦੂਜਾ ਸਥਾਨ ਅਤੇ ਸਾਰੀਆਂ ਭਾਰਤੀ ਯੂਨੀਵਰਸਿਟੀਆਂ (ਸਰਕਾਰੀ + ਪ੍ਰਾਈਵੇਟ) ਵਿੱਚੋਂ 21ਵਾਂ ਸਥਾਨ ਪ੍ਰਾਪਤ ਕੀਤਾ ਸੀ”। ਸਤਨਾਮ ਸਿੰਘ ਸੰਧੂ ਨੇ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਸਫਲਤਾ ਦੀ ਕਾਮਨਾ ਕਰਦੇ ਹੋਏ ਉਨ੍ਹਾਂ ਨੂੰ ਚੰਗੇ ਅਤੇ ਹੁਨਰਮੰਦ ਪੇਸ਼ੇਵਰ ਬਣਨ ਦੇ ਨਾਲ-ਨਾਲ ਚੰਗੇ ਇਨਸਾਨ ਬਣਨ ਦੀ ਸਲਾਹ ਦਿੱਤੀ। 

ਉਹਨਾਂ ਵਿਦਿਆਰਥੀਆਂ ਨੂੰ ਤਾਕੀਦ ਕੀਤੀ, “ਤੁਸੀਂ ਸੰਸਥਾ ਦੇ ਬ੍ਰਾਂਡ ਅੰਬੈਸਡਰ ਹੋ ਜੋ ਸਮਾਜ ਅਤੇ ਵਿਸ਼ਵ ਵਿੱਚ ਯੂਨੀਵਰਸਿਟੀ ਦੀ ਨੁਮਾਇੰਦਗੀ ਕਰੋਗੇ। ਮੈਂ ਤੁਹਾਨੂੰ ਇੱਕ ਚੰਗੇ ਅਤੇ ਹੁਨਰਮੰਦ ਪੇਸ਼ੇਵਰ ਬਣਨ ਵਿੱਚ ਸਫਲਤਾ ਦੀ ਕਾਮਨਾ ਕਰਦਾ ਹਾਂ, ਪਰ ਮੈਂ ਤੁਹਾਨੂੰ ਪਹਿਲਾਂ ਇੱਕ ਚੰਗੇ ਇਨਸਾਨ ਬਣਨ ਦੀ ਸਲਾਹ ਦੇਣਾ ਚਾਹਾਂਗਾ”।

ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. (ਪ੍ਰੋ.) ਆਰ ਐਸ ਬਾਵਾ ਨੇ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ, "ਚੰਡੀਗੜ੍ਹ ਯੂਨੀਵਰਸਿਟੀ ਆਪਣੇ ਵਿਦਿਆਰਥੀਆਂ ਨੂੰ ਯੋਗ ਵਿਅਕਤੀ ਬਣਾਉਣ ਲਈ ਇੱਕ ਢੁਕਵਾਂ ਅਕਾਦਮਿਕ ਮਾਹੌਲ ਪ੍ਰਦਾਨ ਕਰਦੀ ਹੈ, ਤਾਂ ਜੋ ਉਹ ਆਪਣੀ ਪ੍ਰਤਿਭਾ, ਸਖ਼ਤ ਮਿਹਨਤ ਅਤੇ ਸਮਰਪਣ ਦੁਆਰਾ ਰਾਸ਼ਟਰ ਨਿਰਮਾਣ ਅਤੇ ਇਸਨੂੰ ਵਿਕਾਸ ਵੱਲ ਲਿਜਾਣ ਦੀ ਜ਼ਿੰਮੇਵਾਰੀ ਨਿਭਾ ਸਕਣ।"