5 Dariya News

ਫ਼ਿਰੋਜ਼ਪੁਰ ਜ਼ਿਲ੍ਹੇ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਿਤ ਕੀਤਾ ਜਾਵੇਗਾ - ਸਾਂਸਦ ਸੰਦੀਪ ਪਾਠਕ

ਆਮ ਆਦਮੀ ਪਾਰਟੀ ਦਾ ਭ੍ਰਿਸ਼ਟਾਚਾਰ ਵਿਰੁੱਧ ਇਕਮੁੱਠ ਹੋ ਕੇ ਲੜਨ ਦਾ ਸੰਕਲਪ ਦੁਹਰਾਇਆ

5 Dariya News

ਫ਼ਿਰੋਜ਼ਪੁਰ 02-Jun-2023

ਸ਼ਹੀਦਾਂ ਦੀ ਧਰਤੀ ਅਤੇ ਇਤਿਹਾਸਕ ਮਹੱਤਤਾ ਵਾਲੇ ਜ਼ਿਲ੍ਹੇ ਫ਼ਿਰੋਜ਼ਪੁਰ ਨੂੰ ਦੇਸ਼ ਵਿਦੇਸ਼ ਵਿੱਚ ਸੈਲਾਨੀ ਕੇਂਦਰ ਵਜੋਂ ਵਿਕਸਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਪੰਜਾਬ ਸਰਕਾਰ ਵੱਲੋਂ ਇਸ ਕੰਮ ਲਈ ਫੰਡਜ਼ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮੈਂਬਰ ਰਾਜ ਸਭਾ ਡਾ. ਸੰਦੀਪ ਪਾਠਕ ਨੇ ਜ਼ਿਲ੍ਹਾ ਰੈੱਡ ਕਰਾਸ ਸੰਸਥਾ ਵੱਲੋਂ ਦਿਵਿਆਂਗਜਨਾਂ ਨੂੰ ਇਲੈਕਟ੍ਰਿਕ ਟਰਾਈਸਾਈਕਲ, ਵਹੀਲ ਚੇਅਰ, ਬਨਾਵਟੀ ਅੰਗਾਂ ਆਦਿ ਦੀ ਵੰਡ ਲਈ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।

ਸਮਾਗਮ ਨੂੰ ਸੰਬੋਧਨ ਕਰਦਿਆਂ ਮੈਂਬਰ ਰਾਜ ਸਭਾ ਡਾ. ਸੰਦੀਪ ਪਾਠਕ ਨੇ ਕਿਹਾ ਕਿ ਲੋੜਵੰਦਾਂ ਦੀ ਮਦਦ ਹੀ ਸਭ ਤੋਂ ਵੱਡਾ ਧਰਮ ਹੈ ਤੇ ਸਾਨੂੰ ਸਾਰਿਆਂ ਨੂੰ ਦਿਵਿਆਂਗਜਨਾਂ ਅਤੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਐਮ.ਪੀ. ਲੈਡ ਫੰਡ ਵਿੱਚੋਂ ਇਸ ਕਾਰਜ ਲਈ 10 ਲੱਖ ਰੁਪਏ ਦੀ ਮਦਦ ਕੀਤੀ ਗਈ ਹੈ। 

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੰਕਲਪ ਹੈ ਕਿ ਉਹ ਫ਼ਿਰੋਜ਼ਪੁਰ ਜ਼ਿਲ੍ਹੇ ਨੂੰ ਵਿਕਾਸ ਦੀਆਂ ਬੁਲੰਦੀਆਂ ‘ਤੇ ਪਹੁੰਚਾਉਣ। ਉਨ੍ਹਾਂ ਇਸ ਮੌਕੇ ਐਲਾਨ ਕੀਤਾ ਕਿ ਉਹ ਸਾਂਸਦ ਵਜੋਂ ਮਿਲਣ ਵਾਲੀ ਆਪਣੀ ਸਾਰੀ ਗ੍ਰਾਂਟ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਵਿਕਾਸ ਲਈ ਖ਼ਰਚਣਗੇ। 

ਉਨ੍ਹਾਂ ਕਿਹਾ ਕਿ ਸਿਹਤ ਤੇ ਸਿੱਖਿਆ ਦੇ ਖੇਤਰਾਂ ਨੂੰ ਤਰਜੀਹੀ ਤੌਰ ‘ਤੇ ਹੋਰ ਵਿਕਸਿਤ ਕੀਤਾ ਜਾਵੇਗਾ। ਇਸ ਮੌਕੇ ਸ੍ਰੀ ਪਾਠਕ ਨੇ ਇਹ ਵੀ ਕਿਹਾ ਕਿ ਫ਼ਿਰੋਜ਼ਪੁਰ ਜਿੱਥੇ ਇਕ ਪੁਰਾਤਨ ਸ਼ਹਿਰ ਹੈ ਉੱਥੇ ਹੀ ਇਸ ਨੂੰ ਸ਼ਹੀਦਾਂ ਦੀ ਧਰਤੀ ਹੋਣ ਦਾ ਮਾਣ ਵੀ ਪ੍ਰਾਪਤ ਹੈ। 

ਉਨ੍ਹਾਂ ਕਿਹਾ ਕਿ ਇਤਿਹਾਸਕ ਮਹੱਤਤਾ ਅਤੇ ਹੋਰ ਥਾਵਾਂ ਕਾਰਨ ਇਹ ਜ਼ਿਲ੍ਹਾ ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣ ਸਕਦਾ ਹੈ ਅਤੇ ਉਹ ਜਲਦੀ ਹੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਮਿਲ ਕੇ ਫ਼ਿਰੋਜ਼ਪੁਰ ਨੂੰ ਸੈਲਾਨੀ ਕੇਂਦਰ ਵਜੋਂ ਵੱਧ ਤੋਂ ਵੱਧ ਵਿਕਸਿਤ ਕਰਨ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਉਹ ਆਪਣੇ ਆਉਣ ਵਾਲੇ ਸੰਸਦ ਫੰਡ ਰਾਹੀਂ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਵਾਉਣ ਦੀ ਸ਼ੁਰੂਆਤ ਕਰਨਗੇ ਤੇ ਪੜਾਅਵਾਰ ਸਾਰੇ ਜ਼ਿਲ੍ਹੇ ਨੂੰ ਇਸ ਵਿੱਚ ਕਵਰ ਕੀਤਾ ਜਾਵੇਗਾ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਸ੍ਰੀ ਸੰਦੀਪ ਪਾਠਕ ਨੂੰ ਦੱਸਿਆ ਕਿ ਫ਼ਿਰੋਜ਼ਪੁਰ ਤੋਂ ‘ਹਰ ਪਿੰਡ ਇਕ ਖੇਡ ਮੈਦਾਨ‘ ਮੁਹਿੰਮ ਦੀ ਸ਼ੁਰੂਆਤ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਕੀਤੀ ਗਈ ਜਿਸ ਤਹਿਤ 125 ਪਿੰਡਾਂ ਵਿੱਚ ਖੇਡ ਮੈਦਾਨ ਬਣਾਏ ਗਏ ਹਨ ਅਤੇ 500 ਤੋਂ ਵੱਧ ਪਿੰਡਾਂ ਵਿੱਚ ਅਜਿਹੇ ਖੇਡ ਮੈਦਾਨ ਬਣਾਉਣ ਦੀ ਮਾਨਤਾ ਮਿਲ ਚੁੱਕੀ ਹੈ ਅਤੇ ਜਲਦੀ ਹੀ ਇਨ੍ਹਾਂ ਪਿੰਡਾਂ ਵਿੱਚ ਵੀ ਖੇਡ ਮੈਦਾਨ ਬਣਾ ਦਿੱਤੇ ਜਾਣਗੇ ਤਾਂ ਕਿ ਜ਼ਿਲ੍ਹੇ ਦੇ ਬੱਚੇ ਅਤੇ ਨੌਜਵਾਨ ਨਸ਼ਿਆਂ ਤੋਂ ਦੂਰ ਹੋ ਕੇ ਖੇਡਾਂ ਵਿੱਚ ਅੱਗੇ ਵੱਧਣ ਤੇ ਰਾਜ ਅਤੇ ਦੇਸ਼ ਦਾ ਨਾਂ ਰੋਸ਼ਨ ਕਰਨ। 

ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਵਿਖੇ ਵਧੀਆ ਸਪੋਰਟਸ ਕੰਪਲੈਕਸ ਬਣਾਇਆ ਜਾ ਰਿਹਾ ਹੈ। ਇਸ ਮੌਕੇ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਅਸੀਂ ਖੁਸ਼ਕਿਸਮਤ ਹਾਂ ਕਿ ਸਾਂਸਦ ਡਾ. ਸੰਦੀਪ ਪਾਠਕ ਵੱਲੋਂ ਵਿਕਾਸ ਕਾਰਜਾਂ ਲਈ ਫ਼ਿਰੋਜ਼ਪੁਰ ਜ਼ਿਲ੍ਹਾ ਚੁਣਿਆ ਗਿਆ ਹੈ। 

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਲੋਕਾਂ ਨੂੰ ਸੁਰੱਖਿਅਤ ਸ਼ਾਸਨ ਦੇਣ ਲਈ ਕੋਈ ਕਸਰ ਨਹੀਂ ਛੱਡੇਗੀ।

ਇਸ ਮੌਕੇ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਸ੍ਰੀ ਰਜਨੀਸ਼ ਦਹੀਆ ਨੇ ਆਪਣੇ ਸੰਬੋਧਨ ਵਿੱਚ ਹਲਕੇ ਵਿੱਚ ਜਿੱਥੇ ਵਿਕਾਸ ਕਾਰਜ ਹੋਣ ਦੇ ਆਸਾਰ ਹਨ, ਬਾਰੇ ਸਾਂਸਦ ਸੰਦੀਪ ਪਾਠਕ ਨੂੰ ਜਾਣੂ ਕਰਾਇਆ ਅਤੇ ਹਲਕੇ ਵਿੱਚ ਸੈਰ-ਸਪਾਟੇ ਵਜੋਂ ਵਿਕਸਿਤ ਕੀਤੀਆਂ ਜਾ ਸਕਣ ਵਾਲੀਆਂ ਥਾਵਾਂ ਬਾਰੇ ਵੀ ਵਿਚਾਰ ਸਾਂਝੇ ਕੀਤੇ। ਇਸ ਅਵਸਰ ‘ਤੇ ਵਿਧਾਇਕ ਗੁਰੂਹਰਸਹਾਏ ਸ. ਫੌਜਾ ਸਿੰਘ ਸਰਾਰੀ ਤੇ ਵਿਧਾਇਕ ਜ਼ੀਰਾ ਸ੍ਰੀ ਨਰੇਸ਼ ਕਟਾਰੀਆ ਨੇ ਵੀ ਆਪਣੇ-ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ। 

ਉਨ੍ਹਾਂ ਆਪਣੇ-ਆਪਣੇ ਹਲਕੇ ਵਿੱਚ ਹੋਰ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਰੈੱਡ ਕਰਾਸ ਸੰਸਥਾਂ ਵੱਲੋਂ 90 ਇਲੈਕਟਰੀਕਲ ਟਰਾਇਸਾਈਕਲ, 61 ਵਹੀਲਚੇਅਰ ਤੋਂ ਇਲਾਵਾ ਟਰਾਇਸਾਈਕਲ, ਬਨਾਵਟੀ ਅੰਗ ਆਦਿ ਸਮਾਨ ਲੋੜਵੰਦਾਂ ਨੂੰ ਵੰਡਿਆ ਗਿਆ।

ਸ੍ਰੀ ਸੰਦੀਪ ਪਾਠਕ ਦੇ ਫ਼ਿਰੋਜ਼ਪੁਰ ਵਿਖੇ ਪਹੁੰਚਣ ‘ਤੇ ਉਨ੍ਹਾਂ ਨੂੰ ਪਹਿਲਾਂ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ। ਇਸ ਉਪਰੰਤ ਸ੍ਰੀ ਸੰਦੀਪ ਪਾਠਕ ਅਤੇ ਸਮੂਹ ਵਿਧਾਇਕ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਨਤਮਸਤਕ ਹੋਏ ਅਤੇ ਕੌਮੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।  

ਇਸ ਮੌਕੇ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ, ਪੰਜਾਬ ਐਗਰੋ ਦੇ ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ,  ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਚੰਦ ਸਿੰਘ ਗਿੱਲ, ਸਹਾਇਕ ਕਮਿਸ਼ਨਰ ਸ੍ਰੀ ਸੂਰਜ, ਐਸਡੀਐਮ ਰਣਜੀਤ ਸਿੰਘ ਭੁੱਲਰ, ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ, ਸਮਾਜ ਸੇਵੀ ਵਿਪੁਲ ਨਾਰੰਗ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।