5 Dariya News

ਤੰਬਾਕੂ ਦੀ ਵਰਤੋ ਕਰਨ ਨਾਲ ਮੂੰਹ ਅਤੇ ਭੋਜਨ ਨਲੀ ਦਾ ਹੁੰਦਾ ਹੈ ਕੈਂਸਰ – ਡਾ. ਹਿਤਿੰਦਰ ਕੌਰ

ਸਾਨੂੰ ਭੋਜਨ ਚਾਹੀਦਾ, ਤੰਬਾਕੂ ਨਹੀ - ਥੀਮ ਹੇਠ ਮਨਾਇਆ ਤੰਬਾਕੂ ਦਿਵਸ

5 Dariya News

ਲੁਧਿਆਣਾ 31-May-2023

ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਤਹਿਤ ਜ਼ਿਲ੍ਹੇ ਭਰ ਦੇ ਸਿਹਤ ਕੇਦਰਾਂ 'ਤੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਹਿਤਿੰਦਰ ਕੌਰ ਨੇ ਦੱਸਿਆ ਕਿ ਵਿਸ਼ਵ ਤੰਬਾਕੂ ਰਹਿਤ ਦਿਵਸ ਹਰ ਸਾਲ 31 ਮਈ ਨੂੰ ਜਿਲ੍ਹੇ ਭਰ ਵਿੱਚ ਮਨਾਇਆ ਜਾਂਦਾ ਹੈ ਅਤੇ ਆਮ ਲੋਕਾਂ ਨੂੰ ਤੰਬਾਕੂ ਨਾਲ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ 16 ਮਈ ਤੋ ਲੈ ਕੇ 31 ਮਈ ਤੱਕ ਵੱਖ ਵੱਖ ਸਿਹਤ ਕੇਦਰਾਂ ਅਤੇ ਜਨਤਕ ਥਾਂਵਾਂ, ਸਕੂਲਾਂ ਅਤੇ ਕਾਲਜਾਂ ਵਿੱਚ ਜਾ ਕੇ ਆਮ ਲੋਕਾਂ ਅਤੇ ਵਿਦਿਆਰਥੀਆਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਤੋ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਚਲਾਨ ਵੀ ਕੀਤੇ ਜਾਂਦੇ ਹਨ। 

ਉਨਾਂ ਦੱਸਿਆ ਕਿ ਇਸ ਸਾਲ 'ਸਾਨੂੰ ਭੋਜਨ ਚਾਹੀਦਾ, ਤੰਬਾਕੂ ਨਹੀ' ਥੀਮ ਹੇਠ ਵਿਸਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ। ਡਾ ਹਿਤਿੰਦਰ ਕੌਰ ਨੇ ਦੱਸਿਆ ਕਿ ਤੰਬਾਕੂ ਦਾ ਸੇਵਨ ਕਰਨ ਨਾਲ ਮੂੰਹ ਦਾ ਕੈਂਸਰ, ਜਬਾੜੇ ਦਾ ਕੈਂਸਰ, ਗਲੇ ਦਾ ਕੈਂਸਰ, ਭੋਜਨ ਨਲੀ ਦਾ ਕੈਂਸਰ, ਫੇਫੜਿਆਂ ਦਾ ਕੈਂਸਰ ਅਤੇ ਸਾਹ ਦੇ ਰੋਗ ਹੋਣ ਦਾ ਖਤਰਾ ਵੀ ਹੁੰਦਾ ਹੈ। 

ਇਸ ਲਈ ਆਮ ਲੋਕਾਂ ਨੂੰ ਤੰਬਾਕੂ ਦੀ ਵਰਤੋ ਕਰਨ ਤੋ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਤੰਬਾਕੂ ਕੰਟਰੋਲ ਐਕਟ 2003 ਦੀ ਧਾਰਾ 4 ਅਨੁਸਾਰ ਜਨਤਕ ਥਾਂਵਾਂ ਜਿਵੇਂ ਬੱਸ ਅੱਡਾ, ਰੇਲਵੇ ਸਟੇਸ਼ਨ, ਹਵਾਈ ਅੱਡਾ, ਸਕੂਲਾਂ, ਕਾਲਜਾਂ, ਸਰਕਾਰੀ, ਪ੍ਰਾਈਵੇਟ ਦਫ਼ਤਰਾਂ, ਹੋਟਲਾਂ ਅਤੇ ਧਾਰਮਿਕ ਥਾਂਵਾਂ ਆਦਿ ਵਿੱਚ ਤੰਬਾਕੂ ਦੀ ਵਰਤੋ ਕਰਨਾ ਮਨਾਹੀ ਹੈ। ਐਕਟ ਦੀ ਧਾਰਾ 6 ਅਨੁਸਾਰ ਸਕੂਲਾਂ, ਕਾਲਜਾਂ ਅਤੇ ਧਾਰਮਿਕ ਥਾਂਵਾਂ ਤੋ 100 ਗਜ਼ ਦੀ ਘੇਰੇ ਅੰਦਰ ਤੰਬਾਕੂ ਉਤਪਾਦਾਂ ਦੀ ਵਿਕਰੀ ਅਤੇ ਵਰਤੋ ਕਰਨ ਦੀ ਵੀ ਮਨਾਹੀ ਹੈ ਅਤੇ 18 ਸਾਲ ਤੋ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਵੇਚਣਾ ਜੁਲਮ ਹੈ।

ਉਨਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਵਿਸ਼ਵ ਤੰਬਾਕੂ ਰਹਿਤ ਦਿਵਸ ਸਿਵਲ ਹਸਪਤਾਲ ਲੁਧਿਆਣਾ ਵਿੱਚ ਜ਼ਿਲ੍ਹਾ ਨੋਡਲ ਅਫਸਰ ਡਾ. ਮਨੂ ਵਿਜ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਨਰਸਿੰਗ ਦੇ ਵਿਦਿਆਰਥੀਆਂ ਦੇ ਪੇਟਿੰਗ ਮੁਕਾਬਲੇ ਵੀ ਕਰਵਾਏ ਗਏ ਅਤੇ ਇਸ ਮੌਕੇ ਹਾਜ਼ਰ ਵਿਦਿਆਰਥੀਆਂ ਨੂੰ ਐਸ ਐਮ ਓ ਡਾ ਅਮਰਜੀਤ ਕੌਰ ਵਲੋ ਸੋਹੰ ਚੁਕਾਈ ਗਈ। 

ਇਸ ਮੌਕੇ ਸਿਵਲ ਹਸਪਤਾਲ ਦੇ ਡਾਕਟਰ ਅਤੇ ਸਟਾਫ ਹਾਜ਼ਰ ਸੀ।