5 Dariya News

ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਮਨਾਇਆ ਵਿਸ਼ਵ ਤੰਬਾਕੂ- ਰਹਿਤ ਦਿਵਸ

ਕਈ ਬੀਮਾਰੀਆਂ ਦਾ ਕਾਰਨ ਹੈ ਤੰਬਾਕੂ ਦੀ ਵਰਤੋਂ : ਸਿਵਲ ਸਰਜਨ

5 Dariya News

ਮੋਹਾਲੀ 31-May-2023

ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਅੱਜ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ, ਜਿਸ ਦੌਰਾਨ ਮਰੀਜ਼ਾਂ ਅਤੇ ਹੋਰ ਲੋਕਾਂ ਨੂੰ ਤੰਬਾਕੂ ਦੀ ਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿਤੀ ਗਈ। ਸਿਵਲ ਸਰਜਨ ਡਾ. ਰੁਪਿੰਦਰ ਗਿੱਲ ਅਤੇ ਤੰਬਾਕੂ ਨੋਡਲ ਅਫ਼ਸਰ ਡਾ. ਨਵਦੀਪ ਸਿੰਘ ਨੇ ਦਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਵੱਖ-ਵੱਖ ਸਕੂਲਾਂ ਵਿਚ ਤੰਬਾਕੂ-ਵਿਰੋਧੀ ਡਰਾਇੰਗ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂਆਂ ਨੂੰ ਇਨਾਮ ਦਿਤੇ ਗਏ।

ਡਾ. ਰੁਪਿੰਦਰ ਗਿੱਲ ਨੇ ਕਿਹਾ ਕਿ ਸਿਗਰਟ, ਬੀੜੀ, ਜ਼ਰਦਾ, ਪਾਨ ਮਸਾਲਾ, ਈ ਸਿਗਰਟ, ਚਿਲਮ ਆਦਿ ਤੰਬਾਕੂ ਪਦਾਰਥ ਸਾਡੇ ਸਰੀਰ ਲਈ ਬੇਹੱਦ ਖ਼ਤਰਨਾਕ ਹਨ। ਪਹਿਲਾਂ ਨੌਜਵਾਨ ਦੋਸਤਾਂ ਦੀ ਰੀਸੋ-ਰੀਸ ਤੰਬਾਕੂ ਖਾਣਾ ਸ਼ੁਰੂ ਕਰਦਾ ਹੈ, ਫਿਰ ਇਸ ਦੇ ਪੱਕੇ ਤੌਰ ’ਤੇ ਲਪੇਟੇ ਵਿਚ ਆ ਜਾਂਦਾ ਹੈ। ਇਹ ਮਿੱਠਾ ਜ਼ਹਿਰ ਹੈ ਜਿਹੜਾ ਵਿਅਕਤੀ ਦੀ ਜਾਨ ਵੀ ਲੈ ਲੈਂਦਾ ਹੈ, ਇਸ ਲਈ ਤੰਬਾਕੂ ਦਾ ਖਹਿੜਾ ਛੱਡ ਕੇ ਚੰਗੀ ਜ਼ਿੰਦਗੀ ਦਾ ਪੱਲਾ ਫੜਿਆ ਜਾਵੇ। 

ਉਨ੍ਹਾਂ ਕਿਹਾ ਕਿ ਤੰਬਾਕੂ ਦੀ ਵਰਤੋਂ ਕਈ ਬੀਮਾਰੀਆਂ ਦਾ ਕਾਰਨ ਹੈ ਜਿਵੇਂ ਕੈਂਸਰ, ਸਾਹ ਦੀ ਸਮੱਸਿਆ, ਦਿਲ ਦੀਆਂ ਬੀਮਾਰੀਆਂ, ਸ਼ੱਕਰ ਰੋਗ, ਦੰਦ ਦੀਆਂ ਬੀਮਾਰੀਆਂ, ਸੁਣਨ ਦੀ ਸਮੱਸਿਆ, ਨਿਗ੍ਹਾ ਦੀ ਕਮੀ ਆਦਿ।  ਉਨ੍ਹਾਂ ਦਸਿਆ ਕਿ ਤੰਬਾਕੂ ਦੀ ਵਰਤੋਂ ਕਾਰਨ ਭਾਰਤ ਵਿਚ ਹਰ ਸਾਲ ਔਸਤਨ 10 ਲੱਖ ਤੋਂ ਵੱਧ ਮੌਤਾਂ ਹੁੰਦੀਆਂ ਹਨ ਅਤੇ ਔਸਤਨ ਹਰ ਰੋਜ਼ ਪੰਜ ਹਜ਼ਾਰ ਵਿਦਿਆਰਥੀ ਤੰਬਾਕੂ ਦੀ ਵਰਤੋਂ  ਸ਼ੁਰੂ ਕਰਦੇ ਹਨ। 

ਉਨ੍ਹਾਂ ਦਸਿਆ ਕਿ ਤੰਬਾਕੂ ਵਿਰੋਧੀ ਕਾਨੂੰਨ ਤਹਿਤ ਸਕੂਲ ਜਾਂ ਵਿਦਿਅਕ ਅਦਾਰੇ ਦੀ ਬਾਹਰੀ ਕੰਧ ਦੇ 100 ਗਜ਼ ਦੂਰ ਤਕ ਦੇ ਘੇਰੇ ਵਿਚ ਕੋਈ ਵੀ ਵਿਅਕਤੀ ਤੰਬਾਕੂ ਪਦਾਰਥ ਨਹੀਂ ਵੇਚ ਸਕਦਾ ਤੇ ਨਾ ਹੀ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਤੰਬਾਕੂ ਪਦਾਰਥ ਵੇਚੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਤੰਬਾਕੂ ਦੀ ਆਦਤ ਛਡਣਾ ਕੋਈ ਔਖੀ ਗੱਲ ਨਹੀਂ। ਵਿਅਕਤੀ ਅਪਣਾ ਮਨ ਪੱਕਾ ਕਰ ਲਵੇ ਤਾਂ ਇਸ ਤੋਂ ਸਹਿਜੇ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ। 

ਡਾਕਟਰੀ ਸਲਾਹ ਲਈ ਮੋਹਾਲੀ ਦੇ ਸੈਕਟਰ 66 ਦੇ ਨਸ਼ਾ ਛੁਡਾਊ ਕੇਂਦਰ ਵਿਚ ਤੈਨਾਤ ਮਾਹਰ ਡਾਕਟਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਿਥੇ ਇਸ ਕਿਸੇ ਵੀ ਤਰ੍ਹਾਂ ਦਾ ਨਸ਼ਾ ਛੁਡਾਉਣ ਲਈ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕਿਸੇ ਵੀ ਸਰਕਾਰੀ ਹਸਪਤਾਲ ਵਿਚ ਜਾ ਕੇ ਇਲਾਜ ਸ਼ੁਰੂ ਕਰਵਾਇਆ ਜਾ ਸਕਦਾ ਹੈ। 

ਇਸ ਮੌਕੇ ਸਿਹਤ ਸਟਾਫ਼ ਨੇ ਜ਼ਿੰਦਗੀ ਵਿਚ ਕਦੇ ਵੀ ਤੰਬਾਕੂ ਦੀ ਵਰਤੋਂ ਨਾ ਕਰਨ ਦਾ ਅਹਿਦ ਵੀ ਲਿਆ।