ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਸ਼ੈਮਰਾਕ ਸਕੂਲ ਵਿਖੇ ਅਟਲ ਟਿੰਕਰਿੰਗ ਲੈਬ ਦਾ ਉਦਘਾਟਨ ਕੀਤਾ
5 Dariya News
ਮੋਹਾਲੀ 20-May-2023
ਮੋਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 69 ਵਿਚ ਅਟਲ ਟਿੰਕਰਿੰਗ ਲੈਬ ਦਾ ਉਦਘਾਟਨ ਕੀਤਾ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਅਟਲ ਇਨੋਵੇਸ਼ਨ ਮਿਸ਼ਨ ਨੇ ਇੱਕ ਨਵੇਂ ਪ੍ਰੋਗਰਾਮ ਅਧੀਨ 10 ਲੱਖ ਭਵਿੱਖ ਦੇ ਬਾਲ ਖੋਜਕਾਰਾਂ ਨੂੰ ਤਿਆਰ ਕਰਨ ਦੇ ਦ੍ਰਿਸ਼ਟੀਕੋਣ ਦੇ ਨਾਲ ਦੇਸ਼ ਭਰ ਦੇ ਵੱਖ ਵੱਖ ਸਕੂਲਾਂ ਵਿਚ ਅਟਲ ਟਿੰਕਰਿੰਗ ਲੈਬਾਰਟਰੀਆਂ ਦੀ ਸਥਾਪਨਾ ਕੀਤੀ ਗਈ ਹੈ।
ਇਨ੍ਹਾਂ ਲੈਬ ਬਣਾਉਣ ਦਾ ਮੁੱਖ ਮੰਤਵ ਵਿਦਿਆਰਥੀਆਂ ਵਿਚ ਵਿਗਿਆਨਕ ਸੁਭਾਅ ਦੀ ਰੁਚੀ ਪੈਦਾ ਕਰਦੇ ਹੋਏ ਆਉਣ ਵਾਲੀਆਂ ਨਸਲਾਂ ਨੂੰ ਨਵੀਨਤਮ ਵਿਗਿਆਨਕ ਖੋਜਾਂ ਲਈ ਤਿਆਰ ਕਰਨਾ ਹੈ। ਇਹ ਲੈਬ ਡੂ-ਇਟ-ਯੋਰਸੇਲਫ ਕਿੱਟਾਂ ਅਤੇ ਆਈਡੀਆ ਸਟੂਡੀਓ ਦੇ ਵਿਗਿਆਨ ਨਾਲ ਸਬੰਧਿਤ ਸਾਰੇ ਯੰਤਰਾਂ ਨਾਲ ਲੈਸ ਹੈ। ਇਸ ਦੇ ਨਾਲ ਹੀ ਇਸ ਪ੍ਰਯੋਗਸ਼ਾਲਾ ਨੂੰ ਵਿਸ਼ਵ ਪੱਧਰ ਦਾ ਡਿਜ਼ਾਈਨ ਮਾਈਂਡ ਸੈੱਟ, ਕੰਪਿਊਟੇਸ਼ਨਲ ਸੋਚ, ਅਡੈਪਟਿਵ ਲਰਨਿੰਗ ਆਦਿ ਵਰਗੇ ਹੁਨਰ ਪੈਦਾ ਕਰਨ ਲਈ ਤਿਆਰ ਕੀਤਾ ਗਿਆ ਹੈ।
ਇਸ ਉਦਘਾਟਨੀ ਸਮਾਰੋਹ ਦੇ ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਦੀਪ ਸ਼ਿਖਾ ਜਲਾ ਕੇ ਕੀਤੀ ਗਈ । ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਇਸ ਆਧੁਨਿਕ ਲੈਬ ਲਈ ਸਕੂਲ ਨੂੰ ਵਧਾਈ ਦਿੰਦੇ ਹੋਏ ਵਿਦਿਆਰਥੀਆਂ ਨੂੰ ਟਿੰਕਰਿੰਗ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ । ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਲੈਬ ਸਕੂਲ ਵਿਚ ਵਿਗਿਆਨਕ ਨਵੀਨਤਾ ਨੂੰ ਹੁਲਾਰਾ ਦੇਵੇਗੀ।
ਇਸ ਮੌਕੇ ਤੇ ਮਾਣਯੋਗ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਵਿਦਿਆਰਥੀਆਂ ਵੱਲੋਂ ਬਣਾਏ ਮਾਡਲਾਂ ਨੂੰ ਦੇਖਿਆ ਅਤੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ।ਸਕੂਲ ਦੇ ਚੇਅਰਮੈਨ ਏ ਐੱਸ ਬਾਜਵਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸ਼ੈਮਰਾਕ ਸਕੂਲ ਦਾ ਅਟਲ ਇਨੋਵੇਸ਼ਨ ਮਿਸ਼ਨ ਤਹਿਤ ਚੁਣੇ ਗਏ ਸਕੂਲਾਂ ਵਿਚੋਂ ਇੱਕ ਹੋਣ ਦਾ ਮਾਣ ਹੈ।
ਇਹ ਲੈਬ ਵਿਦਿਆਰਥੀਆਂ ਵਿਚ ਵਿਗਿਆਨਕ ਖੋਜਾਂ ਪ੍ਰਤੀ ਰੁਝਾਨ ਵਿਚ ਵਾਧਾ, ਨਵੀਨਤਾ, ਰਚਨਾਤਮਿਕਤਾ ਦੀ ਸੋਚ ਪੈਦਾ ਕਰਨ ਲਈ ਭਾਰਤ ਸਰਕਾਰ ਦੀ ਇੱਕ ਪਹੁੰਚ ਹੈ। ਜੋ ਵਿਗਿਆਨਿਕ ਕ੍ਰਾਂਤੀ ਵੱਲ ਭਾਰਤ ਸਰਕਾਰ ਦਾ ਵੱਡਾ ਕਦਮ ਹੈ। ਸਕੂਲ ਦੇ ਪ੍ਰਿੰਸੀਪਲ ਪ੍ਰਨੀਤ ਸੋਹਲ ਨੇ ਕਿਹਾ ਕਿ ਇਹ ਲੈਬ ਵਿਦਿਆਰਥੀਆਂ ਨੂੰ 21ਵੀਂ ਸਦੀ ਦੇ ਜ਼ਰੂਰੀ ਹੁਨਰ ਸਿਖਾਏਗੀ ਜੋ ਉਨ੍ਹਾਂ ਦੇ ਪੇਸ਼ੇਵਾਰ ਅਤੇ ਨਿੱਜੀ ਹੁਨਰ ਨੂੰ ਵਿਕਸਤ ਕਰਨ ਵਿਚ ਉਨ੍ਹਾਂ ਦੀ ਮਦਦ ਕਰੇਗੀ।
ਸਕੂਲ ਦੇ ਐਮ ਡੀ ਕਰਨ ਬਾਜਵਾ ਨੇ ਕਿਹਾ ਕਿ ਹੁਨਰਮੰਦ ਭਾਰਤ ਅੱਜ ਸਮੇਂ ਦੀ ਵੱਡੀ ਲੋੜ ਹੈ। ਇਸ ਲਈ ਉਸ ਸੁਪਨੇ ਨੂੰ ਪੂਰਾ ਕਰਨ ਲਈ ਚੁੱਕੇ ਗਏ ਹਰ ਕਦਮ ਦਾ ਸੁਆਗਤ ਕੀਤਾ ਜਾਣਾ ਚਾਹੀਦਾ ਹੈ ਅਤੇ ਸਾਨੂੰ ਇੱਕ ਬਿਹਤਰ ਭਾਰਤ ਲਈ ਇਸ ਵੱਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ ।ਉਨ੍ਹਾਂ ਵਿਦਿਆਰਥੀਆਂ ਨੂੰ ਇਸ ਲੈਬ ਦਾ ਬਿਹਤਰੀਨ ਉਪਯੋਗ ਕਰਨ ਦੀ ਅਪੀਲ ਕਰਦੇ ਹੋਏ ਵਿਦਿਆਰਥੀਆਂ ਦੇ ਭਵਿੱਖ ਦੇ ਯਤਨਾਂ ਲਈ ਪੂਰੀ ਸਫਲਤਾ ਦੀ ਕਾਮਨਾ ਕੀਤੀ।