5 Dariya News

ਕੇਂਦਰੀ ਮੰਤਰੀ ਰਹਿੰਦੇ ਸਮੇਂ ਉਨ੍ਹਾਂ ਨੇ ਬਿਨਾਂ ਕਿਸੇ ਪੱਖਪਾਤ ਤੋਂ ਵਿਕਾਸ ਕਾਰਜਾਂ ਲਈ ਫੰਡ ਮੁਹੱਈਆ ਕਰਵਾਏ : ਅੰਬਿਕਾ ਸੋਨੀ

5 ਦਰਿਆ ਨਿਊਜ਼

ਮੋਹਾਲੀ 19-Apr-2014

ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਅੰਬਿਕਾ ਸੋਨੀ ਵਲੋਂ ਅੱਜ ਸਵੇਰੇ ਪਿੰਡ ਦਾਊਂ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਆਪਣੀ ਚੋਣ ਪ੍ਰਚਾਰ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮਗਰੋਂ ਜ਼ਿਲਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਤੇ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਦਾਊਂ ਵਿਖੇ ਆਯੋਜਿਤ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਸੋਨੀ ਨੇ ਕਿਹਾ ਕਿ ਉਹ ਪਿਛਲੇ 45 ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਜੁੜ ਕੇ ਲੋਕ ਸੇਵਾ ਵਿਚ ਲੱਗੇ ਹੋਏ ਹਨ ਅਤੇ ਕੇਂਦਰੀ ਮੰਤਰੀ ਰਹਿੰਦੇ ਸਮੇਂ ਉਨ੍ਹਾਂ ਨੇ ਬਿਨਾਂ ਕਿਸੇ ਪੱਖਪਾਤ ਤੋਂ ਪੂਰੇ ਵਿਚ ਵਿਕਾਸ ਕਾਰਜਾਂ ਲਈ ਫੰਡ ਮੁਹੱਈਆ ਕਰਵਾਏ। ਜਦਕਿ ਅਕਾਲੀ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਆਪਣੇ ਨਿੱਜੀ ਮੁਫਾਦਾਂ ਦੀ ਪੂਰਤੀ ਲਈ ਵਾਰ ਵਾਰ ਪਾਰਟੀਆਂ ਬਦਲਦਾ ਰਿਹਾ ਹੈ ਅਤੇ ਇਸੇ ਕਾਰਨ ਹੀ ਉਸ ਨੂੰ ਹਰ ਚੋਣਾਂ ਵਿਚ ਮੂੰਹ ਦੀ ਖਾਣੀ ਪਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਅਕਾਲੀ ਆਪਣੀ ਦਿਨ ਪ੍ਰਤੀ ਦਿਨ ਖਸਤਾ ਹੁੰਦੀ ਜਾ ਰਹੀ ਹਾਲਤ ਨੂੰ ਵੇਖ ਕੇ ਬੌਖਲਾ ਗਏ ਹਨ ਅਤੇ ਹੁਣ ਪਿੰਡਾਂ ਵਿਚ ਲੋਕਾਂ ਨੂੰ ਧਮਕਾਉਣ ਲੱਗ ਪਏ ਹਨ। 

ਇਸ ਮੌਕੇ ਬੋਲਦਿਆਂ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਲੋਕਾਂ ਦੀ ਕਚਹਿਰੀ ਵਿਚ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਵਿਧਾਨ ਸਭਾ ਚੋਣਾਂ ਮੌਕੇ ਲੋਕਾਂ ਨਾਲ ਕੀਤੇ ਵਾਅਦੇ ਪੰਜਾਬ ਸਰਕਾਰ ਨੇ ਹੁਣ ਤੱਕ ਪੂਰੇ ਕਿਉਂ ਨਹੀਂ ਕੀਤੇ। ਉਨ੍ਹਾਂ ਚੰਦੂਮਾਜਰਾ ਤੋਂ ਪੁੱਛਿਆ ਕਿ ਪੰਜਾਬ ਦੇ ਬਜ਼ੁਰਗਾਂ ਨੂੰ ਮਿਲਣ ਵਾਲੀ ਪੈਨਸ਼ਨ ਦੁੱਗਣੀ ਕਦੋਂ ਹੋਵੇਗੀ, ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਕਦੋਂ ਮਿਲੇਗਾ। ਉਨ੍ਹਾਂ ਦੋਸ਼ ਲਗਾਇਆ ਕਿ ਅਕਾਲੀ ਸਰਕਾਰ ਨੇ ਲੋਕਾਂ ਨਾਲ ਕੀਤਾ ਆਪਣਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦਾ ਗੁੱਸਾ ਅਕਾਲੀਆਂ 'ਤੇ ਭਾਰੂ ਪਵੇਗਾ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਆਪਣੀ ਜ਼ਮਾਨਤ ਬਚਾਉਣੀ ਵੀ ਔਖੀ ਹੋ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਕਾਂਗਰਸ ਕਮੇਟੀ ਮੋਹਾਲੀ ਦੇ ਜਨਰਲ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸੁਰਿੰਦਰ ਸਿੰਘ ਸਾਬਕਾ ਸਰਪੰਚ ਦਾਊ, ਬਲਵਿੰਦਰ ਸਿੰਘ, ਦਲਵਿੰਦਰ ਸਿੰਘ, ਗਿਆਨ ਸਿੰਘ ਸਾਬਕਾ ਪੰਚ, ਅਜਮੇਰ ਸਿੰਘ ਪੰਚ, ਅਮਰਜੀਤ ਕੌਰ ਸਾਬਕਾ ਪੰਚ, ਚੌਧਰੀ ਸੀਸ਼ ਪਾਲ ਹੁਸੈਨਪੁਰ, ਸੁਰਜੀਤ ਸਿੰਘ, ਬਲਜੀਤ ਸਿੰਘ ਠਸਕਾ, ਗੁਰਦੇਵ ਸਿੰਘ ਸਿੱਧੂ ਸਾਬਕਾ ਸਰਪੰਚ ਬੜ ਮਾਜਰਾ, ਦੇਸ਼ ਰਾਜ ਸਾਬਕਾ ਸਰਪੰਚ ਜੁਝਾਰ ਨਗਰ, ਦਲਜੀਤ ਸਿੰਘ ਸਰਪੰਚ ਮਨਾਨਾ, ਸੁਰਿੰਦਰ ਸਿੰਘ ਰਾਏਪੁਰ, ਚੌਧਰੀ ਰਣਧੀਰ ਸਿੰਘ ਧੀਰਾ ਹੁਸੈਨਪੁਰ, ਕਰਤਾਰ ਸਿੰਘ ਸਿਗਲੀਗਰ, ਚੌਧਰੀ ਹਰੀਪਾਲ ਚੋਲਟਾ ਕਲਾਂ, ਜੀ.ਐਸ ਰਿਆੜ, ਭਜਨ ਸਿੰਘ ਚੌਂਕੀਦਾਰ, ਗੁਰਨਾਮ ਸਿੰਘ ਪੰਚ ਠਸਕਾ, ਕਾਕਾ ਸਿੰਘ ਪੰਚ ਮਨਾਣਾ, ਜਗਦੀਪ ਸਿੰਘ ਪੰਚ ਮਨਾਣਾ, ਜਗਦੀਪ ਸਿੰਘ ਪੰਚ ਮਨਾਣਾ ਤੋਂ ਇਲਾਵਾ ਇਲਾਕਾ ਨਿਵਾਸੀ ਹਾਜ਼ਰ ਸਨ।