ਸਹਾਇਕ ਕਮਿਸ਼ਨਰ ਨੇ ਵਾਤਾਵਰਣ ਦੀ ਸੰਭਾਲ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ
ਕਿਹਾ, ਵਾਤਾਵਰਣ ਦੀ ਸੰਭਾਲ ਲਈ ਸਮੂਹਿਕ ਯਤਨ ਕਰਨੇ ਸਮੇਂ ਦੀ ਵੱਡੀ ਲੋੜ: ਸ੍ਰੀ ਸੂਰਜ
5 Dariya News
ਫਿਰੋਜ਼ਪੁਰ 17-May-2023
ਵਾਤਾਵਰਣ ਦੀ ਸੰਭਾਲ ਲਈ ਸਮੂਹਿਕ ਯਤਨ ਕਰਨੇ ਸਮੇਂ ਦੀ ਵੱਡੀ ਲੋੜ ਹੈ। ਇਹ ਪ੍ਰਗਟਾਵਾ ਸਹਾਇਕ ਕਮਿਸ਼ਨਰ (ਜ) ਸ੍ਰੀ ਸੂਰਜ ਨੇ ਵਾਤਾਵਰਣ ਦੀ ਸੰਭਾਲ ਦੇ ਮੰਤਵ ਲਈ ਜ਼ਿਲ੍ਹੇ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੌਰਾਨ ਕੀਤਾ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਸੂਰਜ ਨੇ ਕਿਹਾ ਕਿ ਦਰਖਤਾਂ ਦੀ ਘਾਟ ਕਰਕੇ ਦਿਨੋਂ ਦਿਨ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ ਜਿਸ ਕਾਰਨ ਅਨੇਕਾਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ ਇਸ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਜ਼ਰੂਰੀ ਹਨ।
ਉਨ੍ਹਾਂ ਕਿਹਾ ਕਿ ਅਗਾਮੀ ਮੌਨਸੂਨ ਮੌਸਮ ਵਿੱਚ ਪੰਚਾਇਤਾਂ,ਨਗਰ ਕੌਂਸਲਾਂ, ਵਿਦਿਅਕ ਸੰਸਥਾਵਾਂ ਯੂਥ ਕਲੱਬਾਂ ਅਤੇ ਸਵੈ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਅਤੇ ਮਿਨੀ ਜੰਗਲ ਵਿਕਸਿਤ ਕੀਤੇ ਜਾਣ। ਉਨ੍ਹਾਂ ਸਬੰਧਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਨੂੰ ਹਰਿਆ-ਭਰਿਆ ਬਣਾਉਣ ਲਈ ਜ਼ਿਲ੍ਹੇ ਦੇ ਥਾਣਿਆਂ, ਚੌਕੀਆਂ, ਬੀ.ਐਸ.ਐਫ ਦੇ ਸਹਿਯੋਗ ਨਾਲ ਸਰਹੱਦੀ ਇਲਾਕਿਆਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀ ਖਾਲੀ ਪਈ ਜਗ੍ਹਾ ਅਤੇ ਪਾਰਕਾਂ, ਸਰਕਾਰੀ ਹਸਪਤਾਲਾਂ, ਪ੍ਰਾਇਮਰੀ ਸਿਹਤ ਕੇਂਦਰਾਂ ਅਤੇ ਡਿਸਪੈਂਸਰੀਆਂ, ਜ਼ਿਲ੍ਹੇ ਦੇ ਸਮੂਹ ਸਕੂਲਾਂ ਅਤੇ ਕਾਲਜਾਂ, ਨਹਿਰਾਂ ਦੇ ਆਲੇ-ਦੁਆਲੇ, ਵੈਟਰੀਨਰੀ ਹਸਪਤਾਲਾਂ ਅਤੇ ਪਸ਼ੂ ਡਿਸਪੈਂਸਰੀਆਂ ਵਿੱਚ ਛਾਂ ਵਾਲੇ ਅਤੇ ਫਲਦਾਰ ਪੌਦੇ ਲਗਾਏ ਜਾਣ।
ਸ੍ਰੀ ਸੂਰਜ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਸਮੂਹ ਪੰਚਾਇਤਾਂ ਵੱਲੋਂ ਪਿੰਡਾਂ ਵਿੱਚ ਉਪਲਬਧ ਜਗ੍ਹਾ,ਜ਼ਿਲ੍ਹੇ ਵਿੱਚ ਸਥਾਪਿਤ ਉਦਯੋਗਿਕ ਇਕਾਈਆਂ ਅਤੇ ਇੰਡਸਟਰੀ ਏਰੀਏ ਵਿੱਚ ਜਗ੍ਹਾ ਦੀ ਉਪਲਬਧਤਾ ਹੋਵੇ ਤਾਂ ਵੱਧ ਤੋਂ ਵੱਧ ਪੌਦੇ ਲਗਾ ਕੇ ਮਿੰਨੀ ਜੰਗਲ ਵਿਕਸਤ ਕੀਤੇ ਜਾਣ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਅਤੇ ਧਰਤੀ ਦੀ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਗਾ ਕੇ ਆਪੋ-ਆਪਣਾ ਯੋਗਦਾਨ ਪਾਉਣ।