5 Dariya News

ਬਿਸ਼ਨ ਸਿੰਘ ਬੇਦੀ ਨੇ ਕੀਤਾ ਕੈਪਟਨ ਅਮਰਿੰਦਰ ਦਾ ਸਮਰਥਨ

5 ਦਰਿਆ ਨਿਊਜ਼ (ਰੋਹਿਤ ਕੁਮਾਰ)

ਅੰਮ੍ਰਿਤਸਰ 18-Apr-2014

ਮਸ਼ਹੂਰ ਖਿਡਾਰੀ ਤੇ ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਨੇ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ, ਜਿਹੜੇ ਇਥੇ ਆਪਣੇ ਸਮਰਥਕਾਂ ਸਮੇਤ ਪਹੁੰਚੇ ਸਨ। ਇਸ ਮੌਕੇ ਬੇਦੀ ਨੇ ਕਿਹਾ ਕਿ ਅੰਮ੍ਰਿਤਸਰ ਦੀ ਅਗਵਾਈ ਕਰਨ ਲਈ ਕੈਪਟਨ ਅਮਰਿੰਦਰ ਸੱਭ ਤੋਂ ਵੱਧੀਆ ਆਗੂ ਹਨ।ਕੈਪਟਨ ਅਮਰਿੰਦਰ ਸਿੰਘ ਤੇ ਆਪਣੇ ਸਾਥੀਆਂ ਅਸ਼ੋਕ ਅਰੋੜਾ ਤੇ ਅਕਾਸ਼ ਲਾਲ ਦੀ ਮੌਜ਼ੂਦਗੀ ਵਾਲੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੇਦੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਇਸ ਮਿੱਟੀ ਦੇ ਇਕ ਮਹਾਨ ਬੇਟੇ ਹਨ। ਇਨ੍ਹਾਂ ਵੱਲੋਂ ਅੰਮ੍ਰਿਤਸਰ ਦੀ ਅਗਵਾਈ ਕਰਨਾ ਇਸ ਸ਼ਹਿਰ ਲਈ ਮਾਣ ਵਾਲੀ ਗੱਲ ਹੋਵੇਗੀ।ਉਨ੍ਹਾਂ ਨੇ ਕਿਹਾ ਕਿ ਬਤੌਰ ਪੰਜਾਬੀ ਉਹ ਕੈਪਟਨ ਅਮਰਿੰਦਰ ਨੂੰ ਇਨ੍ਹਾਂ ਚੋਣਾਂ ਲਈ ਸਮਰਥਨ ਦਿੰਦੇ ਹਨ। ਉਹ ਇਥੇ ਰੱਬ ਨੂੰ ਅਰਦਾਸ ਕਰਨ ਆਏ ਹਨ ਕਿ ਇਹ ਜਿੱਤਣ ਅਤੇ ਅੰਮ੍ਰਿਤਸਰ ਨੂੰ ਵਧੀਆ ਅਗਵਾਈ ਤੇ ਪ੍ਰਤੀਨਿਧਵ ਦੇਣ।

ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕੈਪਟਨ ਬੇਦੀ ਨੇ ਕਿਹਾ ਕਿ ਭਾਜਪਾ ਉਮੀਦਵਾਰ ਅਰੂਨ ਜੇਤਲੀ ਤੁਲਨਾ ਦੇ ਮਾਮਲੇ 'ਚ ਕੈਪਟਨ ਅਮਰਿੰਦਰ ਦੇ ਮੁਕਾਬਲੇ ਨਹੀਂ ਹਨ। ਜੇਤਲੀ ਨੇ ਸਿਰਫ ਬੈਡਰੂਮ ਦੀ ਸਿਆਸਤ ਕੀਤੀ ਹੈ, ਜਦਕਿ ਕੈਪਟਨ ਅਮਰਿੰਦਰ ਕੋਲ ਪੰਜ ਦਹਾਕਿਆਂ ਦਾ ਇਕ ਵੱਡਾ ਤਜ਼ੁਰਬਾ ਹੈ। ਉਨ੍ਹਾਂ ਨੂੰ ਯਾਦ ਹੈ ਕਿ ਬਤੌਰ ਮੁੱਖ ਮੰਤਰੀ ਇਨ੍ਹਾਂ ਦਾ ਕਾਰਜਕਾਲ ਪੰਜਾਬ ਲਈ ਸ਼ਾਨਦਾਰ ਪੰਜ ਸਾਲ ਸਨ।ਬੇਦੀ ਦੇ ਸਾਥੀ ਅਸ਼ੋਕ ਅਰੋੜਾ, ਜਿਨ੍ਹਾਂ ਨਾਲ ਮਿਲ ਕੇ ਉਨ੍ਹਾਂ ਨੇ ਇਕ ਐਨ.ਜੀ.ਓ. ਬਣਾਈ ਹੈ, ਜਿਹੜੀ ਪਾਰਦਰਸ਼ਿਤਾ ਲਈ ਕੰਮ ਕਰਦੀ ਹੈ, ਨੇ ਕਿਹਾ ਕਿ ਅਰੂਨ ਜੇਤਲੀ ਦਾ ਰਿਕਾਰਡ ਪੂਰੀ ਤਰ੍ਹਾਂ ਸਾਫ ਨਹੀਂ ਹੈ। ਉਹ ਦਿੱਲੀ ਜ਼ਿਲ੍ਹਾ ਕ੍ਰਿਕੇਟ ਐਸੋਸੀਏਸ਼ਨ ਦਾ ਹਿੱਸਾ ਸਨ, ਜਿਸਦੀ ਕਾਰਜਪ੍ਰਣਾਲੀ ਦੀ ਸੀਰਿਅਸ ਫਰਾਡ ਇਨਵੈਸਟੀਗੇਸ਼ਨ ਸੈਲ ਕਰ ਰਿਹਾ ਹੈ। ਜਿਹੜਾ ਵਿਅਕਤੀ ਇਕ ਛੋਟੇ ਜਿਹੇ ਕ੍ਰਿਕੇਟ ਕਲੱਬ ਨੂੰ ਨਹੀਂ ਚਲਾ ਸਕਦਾ, ਉਹ ਕਿਵੇਂ ਇਹ ਪਵਿੱਤਰ ਤੇ ਇਤਿਹਾਸਿਕ ਸ਼ਹਿਰ ਅੰਮ੍ਰਿਤਸਰ ਦੀ ਅਗਵਾਈ ਕਰ ਸਕਦਾ ਹੈ।

ਉਨ੍ਹਾਂ ਨੇ ਕਿਹਾ ਕਿ ਲੰਬੇ ਸਮੇਂ ਤੱਕ ਜੇਤਲੀ ਦਾ ਡੀ.ਡੀ.ਸੀ.ਏ 'ਤੇ ਏਕਾਧਿਕਾਰ ਰਿਹਾ ਹੈ ਤੇ ਇਸਦੀ ਚੋਣ ਉਹ ਪ੍ਰਤੀਨਿਧੀ ਵੋਟ ਨਾਲ ਜਿੱਤ ਰਹੇ ਸਨ। ਪਰ ਜਦੋਂ ਹਾਲਾਤ ਉਨ੍ਹਾਂ ਖਿਲਾਫ ਹੋਣ ਲੱਗੇ ਇਹ ਬਾਹਰ ਨਿਕਲ ਆਏ ਤੇ ਆਪਣੇ ਇਕ ਨੇੜਲੇ ਵਿਅਕਤੀ ਨੂੰ ਚੁਣ ਲਿਆ। ਉਨ੍ਹਾ ਨੇ ਖੁਲਾਸਾ ਕੀਤਾ ਕਿ ਸੁਪਰੀਮ ਕੋਰਟ ਨੇ ਜੇਤਲੀ ਦੀ ਅਗਵਾਈ 'ਚ ਡੀ.ਡੀ.ਸੀ.ਏ ਦੀ ਕਾਰਜਪ੍ਰਣਾਲੀ 'ਤੇ ਗੰਭੀਰ ਸਵਾਲ ਕੀਤੇ ਸਨ ਤੇ ਕ੍ਰਿਕੇਟ ਨਾਲ ਨਾ ਸਬੰਧਤ ਲੋਕਾਂ ਵੱਲੋਂ ਇਸਨੂੰ ਕੰਟਰੋਲ ਕਰਨ 'ਤੇ ਵੀ ਸਵਾਲ ਕੀਤਾ ਸੀ।ਅਰੋੜਾ ਨੇ ਜੇਤਲੀ ਨੂੰ ਪੁੱਛਿਆ ਕਿ ਕਿਉਂ ਉਹ ਦਿੱਲੀ ਤੋਂ ਨਹੀਂ ਲੜੇ। ਜੇਤਲੀ ਦੇ ਪੰਜਾਬੀ ਹੋਣ ਸਬੰਧੀ ਦਾਅਵਿਆਂ 'ਤੇ ਉਨ੍ਹਾਂ ਨੇ ਕਿਹਾ ਕਿ ਪੱਛਮੀ ਦਿੱਲੀ ਇਕ ਪੰਜਾਬੀ ਬਹੁਮਤ  ਵਾਲਾ ਹਲਕਾ ਹੈ, ਕਿਉਂ ਉਨ੍ਹਾਂ ਨੇ ਇਹ ਹਲਕਾ ਨਹੀਂ ਚੁਣਿਆ? ਸਾਫ ਤੌਰ 'ਤੇ ਜੇਤਲੀ ਕੋਲ ਦਿੱਲੀ ਦੇ ਲੋਕਾਂ ਦਾ ਸਾਹਮਣਾ ਕਰਨ ਲਈ ਨੈਤਿਕ ਹਿੰਮਤ ਨਹੀਂ ਹੈ, ਜਿਹੜੇ ਉਸਨੂੰ ਜਾਣਦੇ ਹਨ ਤੇ ਉਨ੍ਹਾਂ ਦੀ ਸੱਚਾਈ ਲੋਕਾਂ ਸਾਹਮਣੇ ਆ ਚੁੱਕੀ ਹੈ।ਕੈਪਟਨ ਅਮਰਿੰਦਰ ਨੇ ਅਰੋੜਾ ਦੇ ਦੋਸ਼ਾਂ ਨੂੰ ਪੂਰਾ ਕਰਦਿਆਂ ਜੇਤਲੀ ਨੂੰ 2006 ਤੋਂ 2012 ਦੌਰਾਨ ਆਪਣੀ ਜਾਇਦਾਦ 'ਚ ਹੋਏ 26 ਕਰੋੜ ਤੋਂ 158 ਕਰੋੜ ਦੇ ਕਬੇਤਹਾਸ਼ਾ ਵਾਧੇ 'ਤੇ ਸਪੱਸ਼ਟੀਕਰਨ ਦੇਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਜੇਤਲੀ ਨੇ 2009 'ਚ ਜੇਤਲੀ ਨੇ ਕਾਨੂੰਨੀ ਪ੍ਰੈਕਟਿਸ ਕਰਨੀ ਬੰਦ ਕਰ ਦਿੱਤੀ ਸੀ ਤੇ ਉਨ੍ਹਾਂ ਦੀ ਆਮਦਨ ਦਾ ਇਕੋਮਾਤਰ ਜਰੀਆ ਬਤੌਰ ਰਾਜ ਸਭਾ 'ਚ ਵਿਰੋਧੀ ਧਿਰ ਦਾ ਆਗੂ ਦੀ ਤਨਖਾਹ ਸੀ। ਉਹ ਇਸ ਬਾਰੇ ਕਈ ਵਾਰ ਜੇਤਲੀ ਤੋਂ ਪੁੱਛ ਚੁੱਕੇ ਹਨ, ਪਰ ਉਨ੍ਹਾਂ ਨੇ ਹਾਲੇ ਤੱਕ ਜਵਾਬ ਨਹੀਂ ਦਿੱਤਾ।