5 Dariya News

ਮੁਹਾਲੀ ਸ਼ਹਿਰ ਵਿੱਚ ਸਾਫ ਸਫਾਈ ਦੀ ਹਾਲਤ ਨੂੰ ਚੁਸਤ ਦਰੁਸਤ ਕਰਨ ਲਈ ਮੇਅਰ ਨੇ ਕੀਤੀ ਅਧਿਕਾਰੀਆਂ ਨਾਲ ਮੀਟਿੰਗ

ਸ਼ਹਿਰ ਵਿੱਚ ਸਾਫ ਸਫਾਈ ਵਿੱਚ ਕਿਸੇ ਤਰ ਦੀ ਢਿੱਲ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਮੇਅਰ : ਜੀਤੀ ਸਿੱਧੂ

5 Dariya News

ਮੁਹਾਲੀ 10-May-2023

ਮੁਹਾਲੀ ਸ਼ਹਿਰ ਵਿੱਚ ਸਫਾਈ ਦੀ ਨਿਘਰਦੀ ਜਾ ਰਹੀ ਹਾਲਤ ਨੂੰ ਚੁਸਤ ਦਰੁਸਤ ਕਰਨ ਲਈ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਨਵਜੋਤ ਕੌਰ ਸਮੇਤ ਹੋਰ ਅਧਿਕਾਰੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ਵਿੱਚ ਸਫਾਈ ਵਿਵਸਥਾ ਤਸੱਲੀਬਖਸ਼ ਨਹੀਂ ਹੈ ਅਤੇ ਉਨ੍ਹਾਂ ਨੂੰ ਕਈ ਸ਼ਿਕਾਇਤਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਖਾਸ ਤੌਰ ਤੇ ਅੰਦਰੂਨੀ ਸੜਕਾਂ ਉਤੇ ਸਫ਼ਾਈ ਠੀਕ ਢੰਗ ਨਾਲ ਨਹੀਂ ਹੋ ਰਹੀ ਅਤੇ ਕਈ ਥਾਵਾਂ ਤੋਂ ਸਫ਼ਾਈ ਤੋਂ ਬਾਅਦ ਕੂੜਾ ਕਰਕਟ ਚੁੱਕਿਆ ਨਹੀਂ ਜਾਂਦਾ। 

ਉਨਾਂ ਕਿਹਾ ਕਿ ਇਸ ਦੀ ਵਜ੍ਹਾ ਟਰਾਲੀਆਂ ਦੀ ਘਾਟ ਆਉਣੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਟਰਾਲੀਆਂ ਦੀ ਗਿਣਤੀ ਵਧਾਈ ਜਾਵੇ ਤਾਂ ਜੋ ਸਾਫ ਸਫਾਈ ਵਿਵਸਥਾ ਵਿੱਚ ਕਿਸੇ ਤਰਾਂ ਦੀ ਔਕੜ ਨਾ ਆਵੇ।ਉਨ੍ਹਾਂ ਇਸ ਮੌਕੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ  ਤੋਂ ਇਲਾਵਾ ਮੀਟਿੰਗ ਵਿੱਚ ਹਾਜ਼ਰ ਸਮਾਜ ਸੇਵੀ ਆਗੂਆਂ ਅਤੇ ਕੌਂਸਲਰਾਂ ਨੂੰ ਸ਼ਹਿਰ ਵਿਚ ਸਫਾਈ ਦੀ ਹਾਲਤ ਨੂੰ ਹੋਰ ਚੁਸਤ ਦਰੁਸਤ ਕਰਨ ਲਈ ਸੁਝਾਅ ਵੀ ਮੰਗੇ। 

ਉਨ੍ਹਾਂ ਸਪਸ਼ਟ ਤੌਰ ਤੇ ਕਿਹਾ ਕਿ ਸ਼ਹਿਰ ਵਿਚ ਸਫਾਈ ਵਿਵਸਥਾ ਵਿੱਚ ਢਿੱਲ ਕਿਸੇ ਤਰਾਂ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।ਇਸ ਮੌਕੇ ਅਧਿਕਾਰੀਆਂ ਨੇ ਮੇਅਰ ਨੂੰ ਵਿਸ਼ਵਾਸ ਦੁਆਇਆ ਕਿ ਸ਼ਹਿਰ ਵਿਚ ਸਫਾਈ ਵਿਵਸਥਾ ਨੂੰ ਚੁਸਤ ਦਰੁਸਤ ਕਰਨ ਲਈ ਹਰ ਕਦਮ ਚੁੱਕਿਆ ਜਾਵੇਗਾ।ਇਸ ਮੌਕੇ ਕੌਂਸਲਰ ਕਮਲਪ੍ਰੀਤ ਸਿੰਘ ਬੰਨੀ, ਸਮਾਜ ਸੇਵੀ ਆਗੂ ਗੁਰਚਰਨ ਸਿੰਘ ਭੰਮਰਾ, ਜਾਇੰਟ ਕਮਿਸ਼ਨਰ ਕਿਰਨ ਸ਼ਰਮਾ, ਮੈਡੀਕਲ ਹੈਲਥ ਅਫਸਰ, ਸਕੱਤਰ ਰੰਜੀਵ ਕੁਮਾਰ ਸਮੇਤ ਸੈਨੀਟੇਸ਼ਨ ਵਿਭਾਗ ਦੇ ਚੀਫ਼ ਸੈਨਟਰੀ ਇੰਸਪੈਕਟਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।