5 Dariya News

ਰੈਡ ਕਰਾਸ ਪਟਿਆਲਾ ਵੱਲੋਂ ਵਿਸ਼ਵ ਰੈਡ ਕਰਾਸ ਦਿਵਸ ਮਨਾਇਆ ਗਿਆ

30 ਲੋੜਵੰਦਾਂ ਨੂੰ ਵੰਡੀਆਂ ਸਿਲਾਈ ਮਸ਼ੀਨਾਂ

5 Dariya News

ਪਟਿਆਲਾ 08-May-2023

ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਪਟਿਆਲਾ ਦੇ ਦਫ਼ਤਰ ਵਿਖੇ ਅੱਜ ਵਿਸ਼ਵ ਰੈਡ ਕਰਾਸ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।  ਵਿਸ਼ਵ ਰੈਡ ਕਰਾਸ ਦਿਵਸ ਦੀ ਮਹੱਤਤਾ ਅਤੇ ਇਤਿਹਾਸ ਬਾਰੇ ਚਾਨਣਾਂ ਪਾਉਂਦਿਆਂ ਆਪਣੇ ਸੰਬੋਧਨ ਦੌਰਾਨ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪਹਿਲੇ ਸੰਸਾਰ ਯੁੱਧ ਮਗਰੋਂ 1920 ਵਿਚ ਭਾਰਤ ਵਿਚ ਸਰਕਾਰ ਨੇ ਪਾਰਲੀਮੈਂਟ ਵਿੱਚ ਐਕਟ ਪਾਸ ਕਰਕੇ ਰੈਡ ਕਰਾਸ ਸ਼ੁਰੂ ਕੀਤੀ ਅਤੇ 1922 ਵਿੱਚ ਪੰਜਾਬ (ਜਿਸ ਦੀ ਰਾਜਧਾਨੀ ਲਾਹੌਰ ਸੀ) ਵਿਚ ਰੈਡ ਕਰਾਸ ਅਤੇ 1924 ਵਿੱਚ ਜੂਨੀਅਰ ਰੈਡ ਕਰਾਸ ਪੰਜਾਬ ਵਿਚ ਸ਼ੁਰੂ ਕੀਤੀ ਗਈ ।  

ਜਿਸ ਦਾ ਉਦੇਸ਼ ਸੀ ਕਿ ਪੀੜਤਾਂ ਦੀ ਮਦਦ ਕੀਤੀ ਜਾਵੇ,  ਜੰਗਾਂ ਅਤੇ ਲੜਾਈਆਂ ਰੋਕੀਆਂ ਜਾਣ, ਸਿਹਤ ਦੀ ਉੱਨਤੀ ਹਿਤ ਜਾਗ੍ਰਿਤੀ ਅਤੇ ਫ਼ਸਟ ਏਡ ਦੀ ਸਿੱਖਿਆ ਪੈਦਾ ਕੀਤੀ ਜਾਵੇ, ਵਿਸ਼ਵ ਸ਼ਾਂਤੀ ਭਾਈਚਾਰੇ ਹਿਤ ਯਤਨ ਕੀਤੇ ਜਾਣ।  ਸਾਕਸ਼ੀ ਸਾਹਨੀ ਨੇ ਵਿਸ਼ਵ ਰੈਡ ਕਰਾਸ ਦਿਵਸ 2023 ਦੇ ਥੀਮ ਬਾਰੇ ਦੱਸਦਿਆਂ ਕਿਹਾ ਕਿ ਅੱਜ ਰੈੱਡ ਕਰਾਸ ਦੇ 7 ਅਸੂਲਾਂ ਅਨੁਸਾਰ (ਮਾਨਵਤਾ, ਨਿਰਪੱਖਤਾ, ਸਰਬ ਸਾਂਝੀਵਾਲਤਾ, ਸੁਤੰਤਰਤਾ, ਸਵੈ-ਇੱਛਕ ਸੇਵਾ, ਏਕਤਾ ਅਤੇ ਵਿਸ਼ਵ ਵਿਆਪਕਤਾ) ਅਨੁਸਾਰ ਅਤੇ 4 ਜਾਨੇਵਾ ਸੰਧੀਆਂ ਅਧੀਨ ਮਾਨਵਤਾ ਦੀ ਸੇਵਾ ਹਿਤ ਰੈਡ ਕਰਾਸ ਅਤੇ ਇਸ ਦੇ ਵਲੰਟੀਅਰਜ਼ ਯਤਨਸ਼ੀਲ ਹਨ ਅਤੇ ਰੈਡ ਕਰਾਸ ਜੋ ਵੀ ਕਰਦਾ ਹੈ ਦਿਲ ਤੋਂ ਕਰਦਾ ਹੈ। 

ਦੁਨੀਆ ਵਿੱਚ ਮਾਣ ਵਾਲੀ ਗਲ ਹੈ ਕਿ 1901 ਵਿਚ ਪਹਿਲਾ ਸ਼ਾਂਤੀ ਨੋਬਲ ਪੁਰਸਕਾਰ ਰੈਡ ਕਰਾਸ ਦੇ ਬਾਨੀ ਸਰ ਜੀਨ ਹੈਨਰੀ ਡਿਉਨਟ ਅਤੇ 1963 ਵਿਚ ਅੰਤਰ ਰਾਸ਼ਟਰੀ ਰੈਡ ਕਰਾਸ ਨੂੰ ਮਾਨਵਤਾ ਦੀ ਸੇਵਾ ਦਾ ਦੂਸਰਾ ਨੋਬਲ ਪੁਰਸਕਾਰ ਮਿਲਿਆਂ। ਅੱਜ ਵਿਸ਼ਵ ਰਿਕਾਰਡ ਹੈ ਕਿ ਦੁਨੀਆ ਵਿਚ ਸਭ ਤੋਂ ਵੱਧ ਝੰਡੇ ਰੈਡ ਕਰਾਸ ਦੇ ਹੀ ਦੇਖੇ ਜਾ ਸਕਦੇ ਹਨ। ਇਸ ਮੌਕੇ ਤੇ ਸਰ ਜੀਨ ਹੈਨਰੀ ਡਿਉਨਟ ਦੀਆਂ ਤਸਵੀਰ ਤੇ ਫੁੱਲ ਮਾਲਾਵਾਂ ਭੇਂਟ ਕੀਤੀਆਂ।

ਇਸ ਮੌਕੇ ’ਤੇ ਮੁੱਖ ਮਹਿਮਾਨ ਵੱਲੋਂ 30 ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਦੀ ਵੰਡ ਕਰਕੇ ਕੇ ਉਹਨਾਂ ਨੂੰ ਸਵੈ ਰੋਜ਼ਗਾਰ ਲਈ ਪ੍ਰੇਰਿਆ। ਲੋਕਾਂ ਦੀ ਸਹਿਤ ਜਾਂਚ ਲਈ ਇੱਕ ਮੈਡੀਕਲ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਤਕਰੀਬਨ 100 ਮਰੀਜ਼ਾ ਨੂੰ ਫਿਜ਼ਿਉਥਰੈਪੀ ਵਿਭਾਗ ਪੰਜਾਬੀ ਯੂਨੀਵਰਸਿਟੀ ਦੀ ਟੀਮ ਵੱਲੋਂ ਚੈੱਕ ਕੀਤਾ ਗਿਆ।

ਰੈਡ ਕਰਾਸ ਪਟਿਆਲਾ ਦੇ ਸਕੱਤਰ ਡਾ ਪ੍ਰਿਤਪਾਲ ਸਿੰਘ ਸਿੱਧੂ ਨੇ ਦੱਸਿਆ ਕਿ 8 ਮਈ ਵਾਲੇ ਦਿਨ 1828 ਵਿੱਚ ਸਾਨਫਰੀਨੋ ਵਿਖੇ ਇੱਕ ਜੰਗ ਵਿੱਚ ਜਖਮੀ ਹੋ ਕੇ ਤੜਫਦੇ ਹਜ਼ਾਰਾਂ ਸਿਪਾਹੀਆਂ ਦੇ ਦੁੱਖ ਦਰਦ ਅਤੇ ਚੀਕਾਂ ਦੇਖਕੇ ਉਨ੍ਹਾਂ ਦੀ ਮਦਦ ਸਰ ਜੀਨ ਹੈਨਰੀ ਡਿਉਨਟ ਨੇ ਕੀਤੀ ਸੀ। ਇਸ ਮੌਕੇ ਤੇ ਸਕੱਤਰ ਰੈਡ ਕਰਾਸ ਪਟਿਆਲਾ ਵੱਲੋਂ ਰੈਡ ਕਰਾਸ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ ਗਈ।

ਹਰਿੰਦਰ ਸਿੰਘ ਕਰੀਰ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਰੈਡ ਕਰਾਸ ਸੇਂਟ ਜ਼ੋਨ੍ਹ ਐਂਬੂਲੈਂਸ ਅਤੇ ਫ਼ਸਟ ਏਡ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਦੱਸਿਆ ਕਿ ਬ੍ਰਿਗੇਡ ਦੇ ਮੈਂਬਰ ਦੁਰਘਟਨਾ ਸਮੇਂ, ਫ਼ੈਕਟਰੀਆਂ, ਸਕੂਲਾਂ, ਕਾਲਜਾਂ, ਪੈਰਾ ਮੈਡੀਕਲ ਅਤੇ ਕੰਡਕਟਰਾਂ ਨੂੰ ਫ਼ਸਟ ਏਡ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਅੰਤ ਵਿੱਚ ਸ਼੍ਰੀ ਵਿਜੇ ਕੁਮਾਰ ਗੋਇਲ ਅਵੇਤਨੀ ਮੀਤ ਪ੍ਰਧਾਨ ਪਟਿਆਲਾ ਨੇ ਰੈਡ ਕਰਾਸ ਦੀਆਂ ਗਤੀਆਂ ਵਿਧੀਆਂ ਬਾਰੇ ਚਾਨਣਾਂ ਪਾਇਆ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। 

ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਬੰਸ ਬਾਂਸਲ, ਦੇਵੀ ਦਿਆਲ ਗੋਇਲ, ਜਸਪਾਲ ਸਿੰਘ, ਰਾਜੇਸ਼ ਕੁਮਾਰ, ਮਨਜੀਤ ਪੁਰਬਾ, ਕੇ ਐਸ ਖੰਨਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।