5 Dariya News

ਪੰਜਾਬ ਸਿਹਤ ਵਿਭਾਗ ਗਰਭਵਤੀ ਔਰਤਾਂ ਦੀ ਸਨਮਾਨਜਨਕ ਜਣੇਪਾ ਦੇਖਭਾਲ ਕਰਨ ਲਈ ਵਚਨਬੱਧ: ਡਾਕਟਰ ਬਲਬੀਰ ਸਿੰਘ

ਪੰਜਾਬ ਦੇ ਸਿਹਤ ਵਿਭਾਗ ਨੇ ਅੰਤਰਰਾਸ਼ਟਰੀ ਮਿਡਵਾਈਫ ਦਿਵਸ ਮੌਕੇ ਪੋਸਟਰ ਕੀਤਾ ਜਾਰੀ

5 Dariya News

ਚੰਡੀਗੜ 05-May-2023

ਅੰਤਰਰਾਸ਼ਟਰੀ ਮਿਡਵਾਈਫ ਦਿਵਸ ਦੇ ਮੌਕੇ ‘ਤੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਸ਼ੁੱਕਰਵਾਰ ਨੂੰ ਦੁਨੀਆ ਭਰ ’ਚ ਜਣੇਪਾ ਅਤੇ ਨਵਜੰਮੇ ਬੱਚਿਆਂ ਦੀ ਦੇਖਭਾਲ ਵਿੱਚ ਮਿਡਵਾਈਵਜ  ਦੁਆਰਾ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਜਣੇਪਾ ਦੇਖਭਾਲ ਪ੍ਰਦਾਨ ਕਰਨ ਵਿੱਚ ਉਨਾਂ ਦੀ ਅਹਿਮ ਭੂਮਿਕਾ ‘ਤੇ ਜ਼ੋਰ ਦਿੱਤਾ।

ਅੰਤਰਰਾਸ਼ਟਰੀ ਮਿਡਵਾਈਫ ਦਿਵਸ ਦਾ ਇਸ ਸਾਲ ਦਾ ਥੀਮ ‘ਟੂਗੈਦਰ ਅਗੇਨ: ਫਰਾਮ ਐਵੀਡੈਂਸ ਟੂ ਰਿਐਲਟੀ ’ਹੈ, ਜੋ ਕਿ ਆਗਾਮੀ 33ਵੀਂ ਆਈਸੀਐਮ ਟ੍ਰਾਈਨਿਅਲ ਕਾਂਗਰਸ ਵੱਲ ਇਸ਼ਾਰਾ ਹੈ, ਜਿੱਥੇ ਪੰਜ ਸਾਲਾਂ ਤੋਂ ਵੱਧ ਸਮੇਂ ਵਿੱਚ ਪਹਿਲੀ ਵਾਰ ਗਲੋਬਲ ਮਿਡਵਾਈਫ ਭਾਈਚਾਰਾ ਇਕੱਠਾ ਹੋਵੇਗਾ।

ਡਾ: ਬਲਬੀਰ ਸਿੰਘ ਨੇ ਜਣੇਪੇ ਤੋਂ ਪਹਿਲਾਂ ਦੀ ਜਾਂਚ ਅਤੇ ਜਣੇਪੇ ਲਈ ਸਿਹਤ ਸੰਭਾਲ ਕੇਂਦਰਾਂ ਵਿੱਚ ਆਉਣ ਵਾਲੀਆਂ ਸਾਰੀਆਂ ਗਰਭਵਤੀ ਔਰਤਾਂ ਨੂੰ ਜਣੇਪੇ ਸਬੰਧੀ ਦੇਖਭਾਲ ਨੂੰ ਬਹੁਤ ਹੀ ਸਨਮਾਨਜਨਕ ਤੇ ਸੁਚੱਜੇ ਢੰਗ ਨਾਲ ਚਲਾਉਣ ਦੀ ਲੋੜ ‘ਤੇ ਜੋਰ ਦਿੱਤਾ। ਉਨਾਂ ਕਿਹਾ ,“ਇਹ ਹਰ ਔਰਤ ਅਤੇ ਉਸਦੇ ਬੱਚੇ ਦਾ ਅਧਿਕਾਰ ਹੈ ਕਿ ਉਸਦੀ ਪੂਰਨ ਆਜਾਦੀ ਅਤੇ ਖੁਦਮੁਖਤਿਆਰੀ ਨੂੰ ਬਰਕਰਾਰ ਰੱਖਦੇ ਹੋਏ,  ਉਸਦੀ ਦੇਖਭਾਲ ਕੀਤੀ ਜਾਵੇ ਅਤੇ ਉਸ ਨਾਲ ਪੂਰੇ ਸਨਮਾਨ ਤੇ ਧਿਆਨ ਨਾਲ ਪੇਸ਼ ਆਇਆ ਜਾਵੇ।’’ਜ਼ਿਕਰਯੋਗ ਹੈ ਕਿ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ: ਰਵਿੰਦਰ ਪਾਲ ਕੌਰ ਨੇ ਅੰਤਰਰਾਸ਼ਟਰੀ ਮਿਡਵਾਈਫ ਦਿਵਸ ਮੌਕੇ ਜਣੇਪਾ ਅਤੇ ਬਾਲ ਦੇਖਭਾਲ ਵਿੱਚ ਦਾਈਆਂ ਦੀ ਭੂਮਿਕਾ ਨੂੰ ਸਨਮਾਨਿਤ ਕਰਦੇ ਪੋਸਟਰ ਜਾਰੀ ਕੀਤੇ।

ਉਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਪਟਿਆਲਾ ਵਿਖੇ ਨੈਸ਼ਨਲ ਮਿਡਵਾਈਫਰੀ ਟਰੇਨਿੰਗ ਇੰਸਟੀਚਿਊਟ (ਐਨ.ਐਮ.ਟੀ.ਆਈ.) ਦੀ ਸਥਾਪਨਾ ਕੀਤੀ ਹੈ। ਉਨਾ ਕਿਹਾ ਕਿ  ਮਿਡਵਾਈਫਰੀ ਦੀ ਅਗਵਾਈ ਵਾਲੀ ਜਨਮ ਤੋਂ ਪਹਿਲਾਂ ਦੀ ਦੇਖਭਾਲ ਲਈ ਇੱਕ ਯੂਨਿਟ ਸਥਾਪਤ ਕੀਤੀ ਗਈ ਹੈ ਅਤੇ ਨੌਂ ਮਿਡਵਾਈਫਰੀ ਐਜੂਕੇਟਰਾਂ ਦਾ ਪਹਿਲਾ ਬੈਚ ਜੋ ਕਿ ਪਹਿਲਾਂ ਹੀ ਕਾਰਜਸ਼ੀਲ ਹੈ, ਜਦਕਿ 30 ਮਿਡਵਾਈਫਰੀ ਐਜੂਕੇਟਰਾਂ ਦੇ ਦੂਜੇ ਬੈਚ ਦੀ ਚੋਣ ਪ੍ਰਕਿਰਿਆ ਚੱਲ ਰਹੀ ਹੈ।ਇਸ ਮੌਕੇ ‘ਤੇ ਮੌਜੂਦ ਸਟੇਟ ਪ੍ਰੋਗਰਾਮ ਅਫਸਰ (ਐਮਸੀਐਚ) ਡਾ: ਇੰਦਰਦੀਪ ਕੌਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਤਿੰਨ ਹੋਰ ਰਾਜ ਮਿਡਵਾਈਫਰੀ ਸਿਖਲਾਈ ਸੰਸਥਾਵਾਂ ਕਾਰਜਅਧੀਨ  ਹਨ ਅਤੇ ਇਸ ਸਬੰਧੀ ਪ੍ਰਕਿਰਿਆ ਚੱਲ ਰਹੀ ਹੈ। 

ਇਨਾਂ ਸਾਰੀਆਂ ਸੁਵਿਧਾਵਾਂ ਦੇ ਲੇਬਰ ਰੂਮ ਦੇ ਨੇੜੇ ਮਿਡਵਾਈਫਰੀ ਦੀ ਅਗਵਾਈ ਵਾਲੇ ਕੇਅਰ ਯੂਨਿਟ ਸਥਾਪਿਤ ਕੀਤੇ ਜਾਣਗੇ ਅਤੇ ਪਟਿਆਲਾ ਦੇ ਮਾਤਾ ਕੌਸ਼ੱਲਿਆ ਹਸਪਤਾਲ ਵਿੱਚ ਸੂਬੇ ਵਿੱਚ ਅਜਿਹਾ ਪਹਿਲਾ ਯੂਨਿਟ ਸਥਾਪਿਤ ਕੀਤਾ ਗਿਆ ਹੈ, ਜੋ ਕਿ ਮਿਡਵਾਈਫ ਵਿੱਚ ਨਰਸ ਪ੍ਰੈਕਟੀਸ਼ਨਰਾਂ ਅਤੇ ਨਵਜੰਮੇ ਬੱਚਿਆਂ ਦੀ ਤੰਦਰੁਸਤੀ ਲਈ ਟਿਕਾਊ ਵਿਕਾਸ ਟੀਚਿਆਂ ਨੂੰ ਪੂਰਾ ਕਰਨ ਲਈ ਇੱਕ ਸਨਮਾਨਜਨਕ ਢੰਗ ਨਾਲ ਕੁਸ਼ਲ, ਮਾਵਾਂ, ਪ੍ਰਜਨਨ ਅਤੇ ਨਵਜੰਮੇ ਬੱਚੇ ਨਾਲ ਸਬੰਧਤ ਸਿਹਤ ਦੇਖਭਾਲ ਸੇਵਾਵਾਂ ਪ੍ਰਦਾਨ ਕਰੇਗਾ।