ਪੰਜਾਬ ਦੇ ਪਿਛੋਕੜ, ਅਮੀਰ ਵਿਰਾਸਤ ਅਤੇ ਦਿਲਚਸਪ ਕਹਾਣੀ ਨਾਲ ਜੁੜੀ ਹੋਵੇਗੀ ਫਿਲਮ 'ਕਣਕਾਂ ਦੇ ਓਹਲੇ', ਸ਼ੂਟ ਹੋਇਆ ਮੁਕੰਮਲ
5 Dariya News
( ਹਰਜਿੰਦਰ ਸਿੰਘ ਜਵੰਦਾ)ਚੰਡੀਗੜ੍ਹ 29-Apr-2023
ਪੰਜਾਬੀ ਫਿਲਮੀ ਖੇਤਰ ‘ਚ ਹੁਣ ਬਹੁਤ ਕੁਝ ਨਵਾਂ ਅਤੇ ਵੱਖਰਾ ਵੇਖਣ ਨੂੰ ਮਿਲ ਰਿਹਾ ਹੈ। ਹਰ ਹਫਤੇ ਕਿਸੇ ਨਾ ਕਿਸੇ ਨਵੇਂ ਵਿਸ਼ੇ ਨੂੰ ਲੈ ਕੇ ਫਿਲਮਾਂ ਰਿਲੀਜ਼ ਹੋ ਰਹੀਆਂ ਹਨ। ਕਾਮੇਡੀ ਭਰਪੂਰ ਵਾਲੇ ਵਿਸ਼ਿਆਂ ਤੋਂ ਹੱਟ ਕੇ ਨਵੇਂ ਨਵੇਂ ਵਿਸ਼ਿਆਂ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ। ਇਸੇ ਰੁਝਾਨ ਤਹਿਤ ਇੱਕ ਨਵੇਂ ਅਤੇ ਬਿਲਕੁੱਲ ਵੱਖਰੇ ਵਿਸ਼ੇ ‘ਤੇ ਅਧਾਰਿਤ ਫ਼ਿਲਮ 'ਕਣਕਾਂ ਦੇ ਓਹਲੇ' ਦਾ ਸ਼ੂਟ ਵਧਵਾ ਪ੍ਰੋਡਕਸ਼ਨ ਵਲੋਂ ਮੁਕੰਮਲ ਕਰ ਲਿਆ ਗਿਆ ਹੈ।
ਵਧਵਾ ਪ੍ਰੋਡਕਸ਼ਨ ਬੈਨਰ ਪਿਛਲੇ ਕਈ ਸਾਲਾਂ ਤੋਂ ਆਪਣੀਆਂ ਸੰਗੀਤਕ ਅਤੇ ਫ਼ਿਲਮੀ ਪੇਸ਼ਕਸ਼ਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਦਾ ਆ ਰਿਹਾ ਹੈ। ਫਿਲਮ ਗੁਰਜਿੰਦ ਮਾਨ ਦੁਆਰਾ ਲਿਖੀ ਗਈ ਹੈ ਜੋ ਪਰਮੀਸ਼ ਵਰਮਾ ਸਟਾਰਰ ਤਬਾਹ, ਯਾਰ ਅਣਮੁੱਲੇ ਰਿਟਰਨਜ਼, ਵਨਸ ਅਪੌਨ ਏ ਟਾਈਮ ਇਨ ਅੰਮ੍ਰਿਤਸਰ ਲਈ ਮਸ਼ਹੂਰ ਹਨ ਅਤੇ ਇਸ ਵਾਰ ਉਸਦੀ ਲਿਖਤ ਨੂੰ ਬਹੁਤ ਪ੍ਰਸ਼ੰਸਾ, ਪਿਆਰ ਅਤੇ ਸਤਿਕਾਰ ਮਿਲੇਗਾ।
ਪੰਜਾਬ ਦੇ ਪਿਛੋਕੜ ਅਤੇ ਅਮੀਰ ਵਿਰਾਸਤ ਦੀ ਪੇਸ਼ਕਾਰੀ ਕਰਦੀ ਇਸ ਫ਼ਿਲਮ ਵਿੱਚ ਕਿਸ਼ਤੂ ਕੇ ਦੇ ਨਾਲ ਗੁਰਪ੍ਰੀਤ ਘੁੱਗੀ ਅਤੇ ਤਾਨੀਆ ਮੁੱਖ ਭੂਮਿਕਾਵਾਂ ਵਿੱਚ ਹੋਣਗੇ। ਹੋਰ ਸਟਾਰ ਕਾਸਟ ਵਿੱਚ ਤਰਸੇਮ ਪਾਲ, ਰੁਪਿੰਦਰ ਰੂਪੀ, ਸੰਜੂ ਸੋਲੰਕੀ, ਸਾਰਥੀ ਕੇ, ਸ਼ਿਵਮ ਸ਼ਰਮਾ, ਰਾਜ ਧਾਲੀਵਾਲ, ਲੱਖਾ ਲਹਿਰੀ, ਨੀਟੂ ਪੰਧੇਰ ਸ਼ਾਮਲ ਹਨ।ਤੇਜਿੰਦਰ ਸਿੰਘ ਵਲੋਂ ਨਿਰਦੇਸ਼ਤ ਕੀਤੀ ਇਹ ਫ਼ਿਲਮ ਇਸੇ ਸਾਲ ਵਿੱਚ ਪੰਜਾਬੀ ਦਰਸ਼ਕਾਂ ਦਾ ਮਨੋਰੰਜਨ ਕਰੇਗੀ।
ਨਿਰਮਾਤਾ ਹਰਸ਼ ਵਧਵਾ ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹੋਇਆ ਕਲਾਕਾਰ ਹੈ ਜਿਸਨੇ ਹਮੇਸ਼ਾ ਹੀ ਮਿਆਰੀ ਸੰਗੀਤ ਅਤੇ ਵਿਰਾਸਤੀ ਮੋਹ ਨੂੰ ਤਰਜੀਹ ਦਿੰਦੇ ਫ਼ਿਲਮਾਕਣ ਦੀ ਪੇਸ਼ਕਾਰੀ ਕੀਤੀ ਹੈ। ਉਸਦੀ ਇਹ ਫ਼ਿਲਮ ਪੰਜਾਬੀ ਸਿਨਮੇ ਦੀ ਇੱਕ ਮੀਲ ਪੱਥਰ ਫ਼ਿਲਮ ਸਾਬਤ ਹੋਵੇਗੀ। ਇਸ ਫ਼ਿਲਮ ਦਾ ਪੋਸਟਰ ਜਾਰੀ ਕੀਤਾ ਜਾ ਚੁੱਕਿਆ ਹੈ, ਪਰ ਕਹਾਣੀ ਅਜੇ ਸਾਹਮਣੇ ਆਉਣੀ ਹੈ।
ਫਿਲਮ ਦੀ ਕਹਾਣੀ ਨੂੰ ਲੈ ਕੇ ਦਰਸ਼ਕ ਪਹਿਲਾਂ ਹੀ ਅੰਦਾਜ਼ੇ ਲਗਾਉਣ ਲੱਗੇ ਹਨ। ਪੋਸਟਰ ਚ ਅਸੀਂ ਦੇਖ ਸਕਦੇ ਹਾਂ ਕਿ ਪਿੰਡ ਦਾ ਮਾਹੌਲ ਹੈ, ਛੋਟੀ ਬੱਚੀ ਅਤੇ ਇੱਕ ਵਿਅਕਤੀ ਦੇ ਵਿਚਕਾਰ ਵਿਸ਼ੇਸ਼ ਬੰਧਨ ਨੂੰ ਦਰਸਾਉਂਦੀ ਸੁੰਦਰ ਤਸਵੀਰ ਹੈ। ਪਰ ਤਸਵੀਰ ਨੂੰ ਦੇਖ ਕੇ ਕਹਾਣੀ ਬਾਰੇ ਕਿਸੇ ਸਿੱਟੇ ਤੇ ਪਹੁੰਚਣਾ ਮੁਸ਼ਕਲ ਹੈ । ਨਿਰਮਾਤਾ ਹਰਸ਼ ਵਧਵਾ ਦੀ ਇਹ ਫ਼ਿਲਮ ਇਸ ਸਾਲ ਵਿੱਚ ਹੀ ਸਿਨੇਮਾਘਰਾਂ ‘ਚ ਪਰਦਾਪੇਸ਼ ਹੋਵੇਗੀ।