ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਕੀਤੀ ਰਾਸ਼ਟਰੀ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ ਦੀ ਸ਼ੁਰੂਆਤ
ਜਿਲ੍ਹਾ ਪੱਧਰੀ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਸਰਕਾਰੀ ਹਾਈ ਸਕੂਲ ਬਰਕੰਦੀ ਵਿਖੇ
5 Dariya News
ਸ੍ਰੀ ਮੁਕਤਸਰ ਸਾਹਿਬ 28-Apr-2023
ਪੰਜਾਬ ਸਰਕਾਰ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ । ਇਸ ਸਬੰਧ ਵਿਚ ਅੱਜ ਰਾਸ਼ਟਰੀ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ ਜਿਲ੍ਹੇ ਵਿਚ ਵੱਖ ਵੱਖ ਵਿਦਿਅਕ ਸੰਸਥਾਵਾਂ ਵਿਚ ਮਨਾਇਆ ਗਿਆ। ਰਾਸ਼ਟਰੀ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ ਸਬੰਧੀ ਜਿਲ੍ਹਾ ਪੱਧਰੀ ਸਮਾਗਮ ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਵਿੱਚ ਅੱਜ ਸਰਕਾਰੀ ਹਾਈ ਸਕੂਲ ਬਰਕੰਦੀ ਵਿਖੇ ਮਨਾਇਆ ਗਿਆ।
ਸ਼੍ਰੀਮਤੀ ਨੀਤੂ ਚੋਪੜਾ ਮੁੱਖ ਅਧਿਆਪਕਾ ਨੇ ਸਾਰਿਆਂ ਨੂੰ ਜੀ ਆਇਆ ਨੂੰ ਕਿਹਾ। ਇਸ ਸਮੇਂ ਜਾਣਕਾਰੀ ਦਿੰਦਿਆਂ ਸਮਾਗਮ ਦੇ ਮੁੱਖ ਮਹਿਮਾਨ ਡਾ. ਰੰਜੂ ਸਿੰਗਲਾ ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹੋਰ ਵਿਭਾਗ ਦੇ ਸਹਿਯੋਗ ਨਾਲ ਹਰ ਸਾਲ ਵਿੱਚ ਦੋ ਵਾਰ ਪੇਟ ਦੇ ਕੀੜਿਆਂ ਤੋਂ ਮੁਕਤੀ ਦਾ ਰਾਸ਼ਟਰੀ ਦਿਵਸ ਦਿਵਸ ਮਨਾਇਆ ਜਾਂਦਾ ਹੈ। ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਇਸ ਦਿਨ ਜਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ, ਪ੍ਰਾਈਵੇਟ ਸਕੂਲਾਂ, ਪੋਲੀਟੈਕਨਿਕ ਕਾਲਜ, ਆਈਲੈਟਸ ਸੈਂਟਰ ਅਤੇ ਆਂਗਣਵਾੜੀ ਸੈਂਟਰਾਂ ਅਤੇ ਸਕੂਲ ਨਾ ਜਾਣ ਵਾਲੇ 1 ਤੋ 19 ਸਾਲ ਤੱਕ ਦੇ ਲਗਭੱਗ 236796 ਬੱਚਿਆਂ ਨੂੰ ਐਲਬਿੰਡਾਜੋਲ ਦੀ ਗੋਲੀ (ਚਬਾ ਕੇ ਖਾਣ ਵਾਲੀ ਗੋਲੀ) ਖੁਵਾਈ ਜਾ ਰਹੀ ਹੈ ਤਾਂ ਜ਼ੋ ਬੱਚਿਆਂ ਨੂੰ ਪੇਟ ਦੇ ਕੀੜੇ ਹੋਣ ਕਾਰਣ ਹੋਣ ਵਾਲੇ ਨੁਕਸਾਨਾਂ ਤੋ ਬਚਾਇਆ ਜਾ ਸਕੇ।
ਇਸ ਮੌਕੇ ਡਾ. ਬੰਦਨਾ ਬਾਂਸਲ ਨੋਡਲ ਅਫਸਰ ਜਿਲ੍ਹਾ ਸਕੂਲ ਹੈਲਥ ਕਮ ਡਿਪਟੀ ਮੈਡੀਕਲ ਕਮਿਸ਼ਨਰ ਨੇ ਕਿਹਾ ਕਿ ਅੱਜ ਜਿਲ੍ਹੇ ਵਿਚ ਇੱਕ ਸਾਲ ਤੋ ਲੈ ਕੇ 2 ਸਾਲਾਂ ਤੱਕ ਦੇ ਬੱਚਿਆਂ ਨੂੰ ਐਲਬਿੰਡਾਜੋਲ ਸੀਰਪ ਦੀ ਡੋਜ਼ ਅਤੇ 2 ਤੋ 19 ਸਾਲ ਤੱਕ ਕੇ ਬੱਚਿਆਂ ਨੂੰ 400 ਮਿਲੀਗ੍ਰਾਮ ਐਲਬਿੰਡਾਜੋਲ ਦੀ ਇੱਕ ਗੋਲੀ ਖੁਆਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੱਚੇ ਦੇ ਪੇਟ ਵਿੱਚ ਕੀੜੇ ਹੋਣ ਕਾਰਣ ਬੱਚੇ ਵਿੱਚ ਅਨੀਮੀਆ, ਭੁੱਖ ਘੱਟ ਲੱਗਣਾ, ਕੁਪੋਸ਼ਣ, ਮਾਨਸਿਕ ਤੇ ਬੌਧਿਕ ਕਮਜੋਰੀ, ਥਕਾਵਟ, ਬੇਚੈਨੀ, ਪੇਟ ਵਿੱਚ ਦਰਦ, ਜੀਅ ਮਤਲਾਉਣਾ, ਚਿੜਚਿੜਾਪਣ, ਉਲਟੀ ਅਤੇ ਦਸਤ ਆਉਣਾ ਜਾਂ ਲੈਟਰੀਨ ਵਿੱਚ ਖੂਨ ਆਉਣਾ ਲੱਛਣ ਹੋ ਸਕਦੇ ਹਨ ਅਤੇ ਬੱਚਾ ਦਿਨੋ ਦਿਨ ਕਮਜੋਰੀ ਅਤੇ ਥਕਾਵਟ ਮਹਿਸੂਸ ਕਰਦਾ ਹੈ।
ਇਸ ਲਈ ਸਰਕਾਰ ਵੱਲੋਂ ਹਰ ਸਾਲ ਵਿੱਚ ਦੋ ਵਾਰ (ਛੇ ਮਹੀਨਿਆਂ ਦੇ ਫਰਕ ਨਾਲ) ਬੱਚਿਆਂ ਨੂੰ ਪੇਟ ਦੇ ਕੀੜੇ ਖਤਮ ਕਰਨ ਲਈ ਐਲਬਿੰਡਾਜੋਲ ਗੋਲੀਆਂ ਖੁਆਈਆਂ ਜਾਂਦੀਆਂ ਹਨ। ਹਰ ਇੱਕ ਬੱਚੇ ਨੂੰ ਇਹ ਗੋਲੀ ਖਾਣੀ ਅਤੀ ਜਰੂਰੀ ਹੈ ਤਾਂ ਜੋ ਬੱਚਿਆਂ ਦੀ ਸਿਹਤ ਨੂੰ ਬਿਹਤਰ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅਲਬਿੰਡਾਜੋਲ ਦੀਆਂ ਗੋਲੀਆਂ ਅਤੇ ਸਿਰਪ ਸਿਹਤ ਵਿਭਾਗ ਦੇ ਸਟਾਫ ਵਲੋਂ ਜਿਲ੍ਹੇ ਦੇ ਸਾਰੇ ਸਕੂਲਾਂ, ਕਾਲਜਾਂ, ਆਈਲੈਟਸ ਸੈਂਟਰਾਂ ਅਤੇ ਆਂਗਣਵਾੜੀ ਸੈਂਟਰਾਂ ਵਿਚ ਪਹੁੰਚਾ ਦਿੱਤੀਆਂ ਗਈਆਂ ਹਨ।
ਜਿਹੜੇ ਬੱਚੇ ਅੱਜ਼ ਗੋਲੀ ਖਾਣ ਤੋਂ ਵਾਂਝੇ ਰਹਿ ਜਾਣਗੇ ਉਹਨਾਂ ਨੂੰ 5 ਮਈ 2023 ਨੂੰ ਮੋਪ ਅੱਪ ਰਾਊਂਡ ਵਿੱਚ ਗੋਲੀਆਂ ਖੁਆਈਆਂ ਜਾਣਗੀਆਂ। ਇਸ ਮੌਕੇ ਸ. ਹਰਜੀਤ ਸਿੰਘ ਡਿਪਟੀ ਜਿਲ੍ਹਾ ਸਿੱਖਿਆ ਅਫ਼ਸਰ ਨੇ ਸਾਰੇ ਸਿੱਖਿਆ ਵਿਭਾਗ ਦੇ ਸਟਾਫ਼ ਅਤੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਅੱਜ ਦੇ ਦਿਨ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਐਲਬਿੰਡਾਜੋਲ ਦੀਆਂ ਗੋਲੀਆਂ ਜਰੂਰ ਖਾ ਲੈਣੀਆਂ ਚਾਹੀਦੀਆ ਹਨ, ਤਾਂ ਜ਼ੋ ਬੱਚਿਆਂ ਵਿੱਚੋਂ ਅਨੀਮੀਆਂ ਅਤੇ ਪੇਟ ਦੇ ਕੀੜੇ ਖਤਮ ਕੀਤੇ ਜਾ ਸਕਣ।
ਇਸ ਮੌਕੇ ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ ਅਤੇ ਰਾਹੁਲ ਬਖਸ਼ੀ ਕੋਆਰਡੀਨੇਟਰ ਮਿਡ ਡੇ ਮੀਲ ਨੇ ਦੱਸਿਆ ਕਿ ਪੇਟ ਦੇ ਕੀੜਿਆਂ ਤੋਂ ਬਚਣ ਲਈ ਸਾਨੂੰ ਆਪਣੇ ਹੱਥ ਖਾਣਾ ਖਾਣ ਤੋਂ ਪਹਿਲਾ, ਖਾਣਾ ਪਰੋਸਣ ਤੋਂ ਪਹਿਲਾਂ ਅਤੇ ਪਾਖਾਨਾ ਜਾਣ ਤੋਂ ਬਾਅਦ ਸਾਬਣ ਜਾਂ ਲੀਕਵਡ ਨਾਲ ਧੋਣੇ ਚਾਹੀਦੇ ਹਨ, ਖੁੱਲ੍ਹੇ ਵਿੱਚ ਪਾਖਾਨਾ ਜਾਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ, ਹਮੇਸ਼ਾ ਸਾਫ਼ ਪਾਣੀ ਪੀਣਾ ਚਾਹੀਦਾ ਹੈ, ਨੰਗੇ ਪੈਰ ਨਹੀਂ ਰਹਿਣਾ ਚਾਹੀਦਾ, ਖਾਣਾ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਆਲੇ ਦੁਆਲੇ ਦੀ ਸਫ਼ਾਈ ਰੱਖਣੀ ਚਾਹੀਦੀ ਹੈ।
ਐਲਬੈਂਡਾਜੋਲ ਦੀਆਂ ਗੋਲੀਆਂ ਸਾਨੂੰ ਬਿਨ੍ਹਾਂ ਕਿਸੇ ਡਰ, ਭੈ, ਗਲਤ ਫੈਮੀਆਂ ਜਾਂ ਗਲਤ ਅਫਵਾਹਾਂ ਤੋ ਬਚਦੇ ਹੋਏ ਖਾਣੀਆ ਚਾਹੀਦੀਆਂ ਹਨ। ਇਸ ਮੌਕੇ ਮਿਸ ਸ਼ਾਲੂ ਜਿਲ੍ਹਾ ਸਕੂਲ ਹੈਲਥ ਕੋਆਰਡੀਨੇਟਰ, ਡਾ. ਨਵਤੇਜ ਸਿੰਘ, ਸੁਖਪ੍ਰੀਤਪਾਲ ਕੌਰ, ਬੂਟਾ ਸਿੰਘ ਅਤੇ ਸਕੂਲ ਸਟਾਫ ਤੇ ਵਿਦਿਆਰਥੀ ਮੋਜੂਦ ਸਨ।