5 Dariya News

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕੁੱਤਿਆਂ ਦੀ ਨਸਬੰਦੀ ਸੰਬੰਧੀ ਕਾਰਵਾਈ ਲਈ ਕੀਤੀ ਮੀਟਿੰਗ

ਨਵੀਆਂ ਗਾਈਡਲਾਈਨਾਂ ਨੂੰ ਪੂਰਾ ਕਰ ਕੇ ਕੁੱਤਿਆਂ ਦੀ ਨਸਬੰਦੀ ਫੌਰੀ ਤੌਰ ਤੇ ਕੀਤੀ ਜਾਵੇ ਅਰੰਭ: ਮੇਅਰ ਜੀਤੀ ਸਿੱਧੂ

5 Dariya News

ਮੋਹਾਲੀ 25-Apr-2023

ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਮੋਹਾਲੀ ਵਿੱਚ ਅਵਾਰਾ ਕੁੱਤਿਆਂ ਦੀ ਵਧਦੀ ਗਿਣਤੀ ਅਤੇ ਉਨ੍ਹਾਂ ਦੀ ਨਸਬੰਦੀ ਰੁਕੇ ਨੂੰ ਢਾਈ ਸਾਲ ਦਾ ਵਕਫਾ ਹੋ ਜਾਣ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਨਗਰ ਨਿਗਮ ਦੇ ਐਨੀਮਲ ਬਰਥ ਕੰਟਰੋਲ ਕਮੇਟੀ ਮੈਂਬਰਾਂ ਅਤੇ ਹੈਲਥ ਅਫਸਰ ਨਾਲ ਮੀਟਿੰਗ ਕੀਤੀ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਹਾਜਰ ਸਨ।

ਮੀਟਿੰਗ ਵਿੱਚ ਮੇਅਰ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਮਾਮਲੇ ਵਿਚ ਫੌਰੀ ਤੌਰ ਤੇ ਕਾਰਵਾਈ ਕਰਦਿਆਂ ਕੁੱਤਿਆਂ ਦੀ ਨਸਬੰਦੀ ਦੇ ਅਪਰੇਸ਼ਨ ਸ਼ੁਰੂ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸਤੰਬਰ 2021 ਤੋਂ ਕੁੱਤਿਆਂ ਦੀ ਨਸਬੰਦੀ ਬੰਦ ਪਈ ਹੈ ਅਤੇ ਇਸ ਨਾਲ ਕੁੱਤਿਆਂ ਦੀ ਗਿਣਤੀ ਵਧਣ ਲੱਗ ਪਈ ਹੈ। ਉਨ੍ਹਾਂ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਕੁੱਤਿਆਂ ਦੀ ਨਸਬੰਦੀ ਕਰਨ ਲਈ ਮੁੜ ਠੇਕਾ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ ਹਾਲੇ ਤੱਕ ਕੁੱਤਿਆਂ ਦੀ ਨਸਬੰਦੀ ਸ਼ੁਰੂ ਨਹੀਂ ਕੀਤੀ ਗਈ ਕਿਉਂਕਿ ਕੇਂਦਰੀ ਐਨੀਮਲ ਵੈਲਫੇਅਰ ਬੋਰਡ ਨੇ ਇਸ ਦੀ ਮਨਜ਼ੂਰੀ ਨਹੀਂ ਦਿੱਤੀ। 

ਉਨ੍ਹਾਂ ਕਿਹਾ ਕਿ ਇਸ ਦੀ ਵਜ੍ਹਾ ਇਹ ਹੈ ਕਿ ਮਾਰਚ ਵਿਚ ਉਕਤ ਬੋਰਡ ਦੀਆਂ ਨਵੀਆਂ ਗਾਈਡਲਾਈਨਾਂ ਆਈਆਂ ਹਨ ਜਿਨ੍ਹਾਂ ਨੂੰ ਪੂਰਾ ਕੀਤਾ ਜਾਣਾ ਹੈ। ਉਨ੍ਹਾਂ ਨੇ ਇਸ ਸਬੰਧੀ ਇਹ ਗਾਈਡ ਲਾਈਨਾਂ ਫੌਰੀ ਤੌਰ ਤੇ ਪੂਰੀਆਂ ਕਰਨ ਅਤੇ ਕੁੱਤਿਆਂ ਦੀ ਨਸਬੰਦੀ ਮੁੜ ਸ਼ੁਰੂ ਕਰਨ ਲਈ ਅਧਿਕਾਰੀਆਂ ਨੂੰ ਕਿਹਾ। ਜ਼ਿਕਰਯੋਗ ਹੈ ਕਿ ਮੋਹਾਲੀ ਵਿਚ ਆਵਾਰਾ ਕੁੱਤਿਆਂ ਉੱਤੇ ਕਾਬੂ ਪਾਉਣ ਲਈ ਕੁੱਤਿਆਂ ਦੀ ਨਸਬੰਦੀ ਕੀਤੀ ਜਾਂਦੀ ਸੀ ਪਰ ਇਹ ਕੰਮ ਸਤੰਬਰ 2021 ਵਿੱਚ ਖਤਮ ਹੋ ਗਿਆ ਸੀ। 

ਇਸ ਉਪਰੰਤ ਏਸ ਸਾਲ ਨਗਰ ਨਿਗਮ ਨੇ ਮੁੜ ਕੁੱਤਿਆਂ ਦੀ ਨਸਬੰਦੀ ਦਾ ਠੇਕਾ ਦਿੱਤਾ ਸੀ ਪਰ ਹਾਲੇ ਤੱਕ ਇਹ ਠੇਕਾ ਸ਼ੁਰੂ ਨਾ ਹੋਣ ਕਾਰਨ ਕੁੱਤਿਆਂ ਦੀ ਨਸਬੰਦੀ ਨਹੀਂ ਕੀਤੀ ਜਾ ਸਕੀ। ਇਸ ਨਾਲ ਜਿੱਥੇ ਅਵਾਰਾ ਕੁੱਤਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਉੱਥੇ ਅਵਾਰਾ ਕੁੱਤੇ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਮੋਹਾਲੀ ਵਿੱਚ ਕੋਈ ਡੌਗ ਸੈ਼ਲਟਰ ਨਹੀਂ ਹੈ ਜਿਥੇ ਅਵਾਰਾ ਕੁੱਤਿਆਂ ਨੂੰ ਰੱਖਿਆ ਜਾ ਸਕੇ। ਗਾਹੇ ਬਗਾਹੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੁੱਤਿਆਂ ਨੂੰ ਹਲਕਾਅ ਤੋਂ ਬਚਾਉਣ ਅਤੇ ਖਾਜ ਖੁਜਲੀ ਤੋਂ ਬਚਾਉਣ ਦੇ ਟੀਕੇ ਲਗਾਏ ਜਾਂਦੇ ਹਨ। 

ਚੰਡੀਗੜ੍ਹ ਵਿਚ ਸਮਾਜ ਸੇਵੀ ਸੰਸਥਾਵਾਂ ਵੱਲੋਂ ਬਣਾਏ ਗਏ ਡੌਗ ਸੈ਼ਲਟਰ ਹੋਮ ਚੱਲ ਰਹੇ ਹਨ। ਇਸ ਸੰਬੰਧੀ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅਧਿਕਾਰੀਆਂ ਨੂੰ ਇਹ ਹਦਾਇਤਾਂ ਦਿੱਤੀਆਂ ਕਿ ਉਹ ਇਸ ਸਬੰਧੀ ਰਿਪੋਰਟ ਤਿਆਰ ਕਰਕੇ ਦੇਣ ਅਤੇ ਇਸ ਦੇ ਨਾਲ-ਨਾਲ ਗਾਈਡਲਾਈਨਾਂ ਨੂੰ ਪੂਰਾ ਕਰ ਕੇ ਕੁੱਤਿਆਂ ਦੀ ਨਸਬੰਦੀ ਦਾ ਕੰਮ ਆਰੰਭ ਕੀਤਾ ਜਾਵੇ।

ਇਸ ਮੌਕੇ ਐਨੀਮਲ ਬਰਥ ਕੰਟਰੋਲ ਕਮੇਟੀ ਦੇ ਮੈਂਬਰ ਸੁੱਚਾ ਸਿੰਘ ਕਲੌੜ, ਕੌਂਸਲਰ ਕਮਲਪ੍ਰੀਤ ਸਿੰਘ ਬਨੀ, ਨਛੱਤਰ ਸਿੰਘ, ਗੁਰਸਾਹਿਬ ਸਿੰਘ, ਲਖਮੀਰ ਸਿੰਘ, ਵਿਕਟਰ ਨਿਹੋਲਕਾ, ਨਗਰ ਨਿਗਮ ਦੇ ਮੈਡੀਕਲ ਅਫਸਰ ਸੰਜੀਵ ਕੰਬੋਜ ਅਤੇ ਚੀਫ਼ ਸੈਕਟਰੀ ਇੰਸਪੈਕਟਰ ਹਰਵੰਤ ਸਿੰਘ ਵੀ ਹਾਜ਼ਰ ਸਨ।