5 Dariya News

ਸਿਵਲ ਸਰਜਨ ਵਲੋਂ ਜ਼ਿਲ੍ਹੇ ਦੇ ਸਿਹਤ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ

ਕੋਵਿਡ ਤੇ ਡੇਂਗੂ ਰੋਕਥਾਮ ਲਈ ਯਤਨ ਹੋਰ ਤੇਜ਼ ਕਰਨ ਲਈ ਆਖਿਆ

5 Dariya News

ਮੋਹਾਲੀ 17-Apr-2023

ਨਵ-ਨਿਯੁਕਤ ਸਿਵਲ ਸਰਜਨ ਡਾ. ਰੁਪਿੰਦਰ ਕੌਰ ਗਿੱਲ ਨੇ ਅੱਜ ਜ਼ਿਲ੍ਹੇ ਦੇ ਪ੍ਰੋਗਰਾਮ ਅਫ਼ਸਰਾਂ ਅਤੇ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ ਪਲੇਠੀ ਮੀਟਿੰਗ ਕੀਤੀ ਅਤੇ ਜ਼ਿਲ੍ਹੇ ਵਿਚਲੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਦੀ ਕਾਰਜਪ੍ਰਣਾਲੀ ਬਾਰੇ ਜਾਣਕਾਰੀ ਲਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਨੇ ਆਖਿਆ ਕਿ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਵਸਨੀਕਾਂ ਨੂੰ ਬਿਹਤਰ ਤੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਉਨ੍ਹਾਂ ਦਾ ਪਹਿਲਾ ਟੀਚਾ ਹੈ ਜਿਸ ਦੀ ਪ੍ਰਾਪਤੀ ਲਈ ਸਾਰੇ ਸਿਹਤ ਅਧਿਕਾਰੀਆਂ ਦਾ ਸਾਥ ਲੋੜੀਂਦਾ ਹੈ। 

ਉਨ੍ਹਾਂ ਕਿਹਾ ਕਿ ਜਾਂਚ ਅਤੇ ਇਲਾਜ ਪੱਖੋਂ ਲੋਕਾਂ ਨੂੰ ਕਿਸੇ ਵੀ ਸਰਕਾਰੀ ਸਿਹਤ ਸੰਸਥਾ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ ਅਤੇ ਜਿਥੇ ਕਿਤੇ ਕਿਸੇ ਤਰ੍ਹਾਂ ਦੀ ਕੋਈ ਕਮੀ-ਪੇਸ਼ੀ ਹੈ, ਉਸ ਨੂੰ ਤੁਰੰਤ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਜਾਵੇ। ਸਿਵਲ ਸਰਜਨ ਨੇ ਕੋਵਿਡ ਅਤੇ ਡੇਂਗੂ ਦੀ ਰੋਕਥਾਮ ਲਈ ਯਤਨ ਹੋਰ ਤੇਜ਼ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਕੋਵਿਡ ਟੈਸਟਿੰਗ ਕੀਤੀ ਜਾਵੇ ਅਤੇ ਕੋਵਿਡ ਬੈੱਡ ਪੂਰੀ ਤਰ੍ਹਾਂ ਤਿਆਰ ਰੱਖੇ ਜਾਣ।

ਡੇਂਗੂ, ਮਲੇਰੀਆ, ਚਿਕਨਗੁਨੀਆ ਤੇ ਹੋਰ ਸਬੰਧਤ ਬੀਮਾਰੀਆਂ ਦੀ ਰੋਕਥਾਮ ’ਤੇ ਖ਼ਾਸ ਜ਼ੋਰ ਦਿੰਦਿਆਂ ਡਾ. ਗਿੱਲ ਨੇ ਤਮਾਮ ਅਧਿਕਾਰੀਆਂ ਨੂੰ ਕਿਹਾ ਕਿ ਇਨ੍ਹਾਂ ਬੀਮਾਰੀਆਂ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਅਤੇ ਘਰ-ਘਰ ਜਾ ਕੇ ਕੀਤੀ ਜਾ ਰਹੀ ਚੈਕਿੰਗ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇ। 

ਇਸ ਤੋਂ ਇਲਾਵਾ, ਉਨ੍ਹਾਂ ਜ਼ਿਲ੍ਹੇ ਵਿਚ ਚੱਲ ਰਹੇ ‘ਆਮ ਆਦਮੀ ਕਲੀਨਿਕਾਂ’ ਅਤੇ ਵੱਖ-ਵੱਖ ਸਿਹਤ ਪ੍ਰੋਗਰਾਮਾਂ ਅਤੇ ਯੋਜਨਾਵਾਂ ਦੀ ਪ੍ਰਗਤੀ ਬਾਰੇ ਵੀ ਜਾਣਕਾਰੀ ਲਈ। ਸਿਵਲ ਸਰਜਨ ਨੇ ਦੁਹਰਾਇਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਜ਼ਰੂਰੀ ਤੇ ਐਮਰਜੈਂਸੀ ਦਵਾਈਆਂ ਦੀ ਕੋਈ ਕਮੀ ਨਹੀਂ ਹੋਣੀ ਚਾਹੀਦੀ। 

ਉਨ੍ਹਾਂ ਹਸਪਤਾਲਾਂ ਦੇ ਮੁਖੀਆਂ ਨੂੰ ਸਟਾਫ਼ ਦੀ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਉਣ ਅਤੇ ਸਟਾਫ਼ ਨਾਲ ਰੈਗੂਲਰ ਮੀਟਿੰਗਾਂ ਕਰਨ ਲਈ ਵੀ ਆਖਿਆ। ਮੀਟਿੰਗ ਦੌਰਾਨ ਤਮਾਮ ਸਿਹਤ ਅਧਿਕਾਰੀਆਂ ਨੇ ਨਵੇਂ ਸਿਵਲ ਸਰਜਨ ਨੂੰ ਭਰੋਸਾ ਦਿਤਾ ਕਿ ਉਹ ਲੋਕਾਂ ਨੂੰ ਬਿਹਤਰ ਤੇ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡਣਗੇ ਅਤੇ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣਗੇ।

ਮੀਟਿੰਗ ਵਿਚ ਸਹਾਇਕ ਸਿਵਲ ਸਰਜਨ ਡਾ.ਰੇਨੂੰ ਸਿੰਘ, ਜ਼ਿਲ੍ਹਾ ਪਰਵਾਰ ਭਲਾਈ ਅਫ਼ਸਰ ਡਾ. ਨਿਧੀ ਕੌਸ਼ਲ, ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਗਿਰੀਸ਼ ਡੋਗਰਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਪਰਵਿੰਦਰਪਾਲ ਕੌਰ ਅਤੇ ਸਾਰੇ ਸੀਨੀਅਰ ਮੈਡੀਕਲ ਅਫ਼ਸਰ ਹਾਜ਼ਰ ਸਨ।