5 Dariya News

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ 8ਵੇਂ ਡਿਗਰੀ ਵੰਡ ਸਮਾਰੋਹ ਦਾ ਆਯੋਜਨ

ਪੰਜਾਬ ਕੇਂਦਰੀ ਯੂਨੀਵਰਸਿਟੀ ਦੇ 8ਵੇਂ ਡਿਗਰੀ ਵੰਡ ਸਮਾਰੋਹ ਵਿੱਚ ਦੇਸ਼-ਵਿਦੇਸ਼ ਦੇ 892 ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਗਈਆਂ

5 Dariya News

ਬਠਿੰਡਾ 12-Apr-2023

ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਦੇ ਘੁੱਦਾ ਕੈਂਪਸ ਵਿਖੇ ਬੁੱਧਵਾਰ ਨੂੰ 8ਵੇਂ ਡਿਗਰੀ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਮਾਣਯੋਗ ਚਾਂਸਲਰ ਪ੍ਰੋ. ਜਗਬੀਰ ਸਿੰਘ ਨੇ ਕੀਤੀ। ਇਸ ਸਮਾਗਮ ਵਿੱਚ ਸਾਬਕਾ ਡਾਇਰੈਕਟਰ, ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਅਤੇ ਅਮੈਰੀਟਸ ਪ੍ਰੋਫੈਸਰ, ਮੌਲੀਕਿਊਲਰ ਬਾਇਓਫਿਜ਼ਿਕਸ ਯੂਨਿਟ, ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ, ਬੰਗਲੌਰ, ਪਦਮ ਭੂਸ਼ਣ ਪ੍ਰੋ. ਪੀ. ਬਲਰਾਮ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। 

ਹਰਿਆਣਾ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਟੰਕੇਸ਼ਵਰ ਕੁਮਾਰ ਨੇ ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਡਿਗਰੀ ਵੰਡ ਸਮਾਰੋਹ ਦੌਰਾਨ ਕੁੱਲ 892 ਪੀ.ਜੀ./ਪੀ.ਐਚ.ਡੀ.  ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ, ਜਿਨ੍ਹਾਂ ਵਿੱਚ 854 ਪੋਸਟ-ਗ੍ਰੈਜੂਏਟ ਅਤੇ 38 ਪੀ.ਐੱਚ.ਡੀ. ਡਿਗਰੀਆਂ ਸ਼ਾਮਲ ਹਨ। ਸਮਾਗਮ ਵਿੱਚ ਵੱਖ-ਵੱਖ ਵਿਸ਼ਿਆਂ ਵਿੱਚ ਅੱਵਲ ਰਹਿਣ ਵਾਲੇ 39 ਹੋਣਹਾਰ ਵਿਦਿਆਰਥੀਆਂ ਨੂੰ ਗੋਲਡ ਮੈਡਲ ਦੇ ਕੇ ਵੀ ਸਨਮਾਨਿਤ ਕੀਤਾ ਗਿਆ। ਪੋਸਟ ਗ੍ਰੈਜੂਏਟ ਡਿਗਰੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿੱਚੋਂ 9 ਅਫਗਾਨਿਸਤਾਨ ਅਤੇ ਸਵਾਜ਼ੀਲੈਂਡ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਸਨ। 

ਇਸ ਡਿਗਰੀ ਵੰਡ ਸਮਾਰੋਹ ਵਿੱਚ ਹਾਈਬ੍ਰਿਡ ਮੋਡ ਵਿੱਚ ਡਿਗਰੀਆਂ ਵੰਡੀਆਂ ਗਈਆਂ, ਜਿਸ ਵਿੱਚ 499 ਵਿਦਿਆਰਥੀਆਂ ਨੇ ਸਮਾਰੋਹ ਵਿੱਚ ਸਰੀਰਕ ਤੌਰ ’ਤੇ ਹਾਜ਼ਰ ਹੋ ਕੇ ਡਿਗਰੀਆਂ ਪ੍ਰਾਪਤ ਕੀਤੀਆਂ।ਮੁੱਖ ਮਹਿਮਾਨ ਪਦਮ ਭੂਸ਼ਣ ਪ੍ਰੋ. ਪੀ ਬਲਰਾਮ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਅਤੇ ਸੋਨੇ ਦੇ ਤਗਮੇ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਆਪਣੇ ਸੰਬੋਧਨ ਵਿੱਚ ਪ੍ਰੋ. ਬਲਰਾਮ ਨੇ ਦੱਸਿਆ ਕਿ ਸਰਕਾਰ ਦੁਆਰਾ ਅੰਡਰ-ਗ੍ਰੈਜੂਏਟ ਸਾਇੰਸ ਪ੍ਰੋਗਰਾਮਾਂ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤੀ ਵਿਗਿਆਨ ਸਿੱਖਿਆ ਅਤੇ ਖੋਜ ਸੰਸਥਾਨ ਦੀ ਸਥਾਪਨਾ ਕੀਤੀ ਗਈ ਹੈ ਜੋ ਖੋਜ ਅਤੇ ਵਿਗਿਆਨ ਵਿੱਚ ਵਿਦਿਆਰਥੀਆਂ ਦੀ ਰੁਚੀ ਨੂੰ ਪ੍ਰਫੁੱਲਤ ਕਰਦੇ ਹਨ। 

ਪ੍ਰੋ. ਬਲਰਾਮ ਨੇ ਦੱਸਿਆ ਕਿ ਵਿਗਿਆਨ ਅਤੇ ਤਕਨਾਲੋਜੀ ਵਿੱਚ ਵੱਡੀਆਂ ਕ੍ਰਾਂਤੀਆਂ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ, ਗਣਿਤ ਅਤੇ ਕੰਪਿਊਟਰ ਵਿਗਿਆਨ ਵਿੱਚ ਬੁਨਿਆਦੀ ਸਫਲਤਾਵਾਂ 'ਤੇ ਅਧਾਰਤ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਦੁਨੀਆ ਭਰ ਦੀਆਂ ਸਰਕਾਰਾਂ ਵਿਗਿਆਨ ਪ੍ਰਤੀ ਅਗਾਂਹਵਧੂ ਸੋਚ ਨੂੰ ਅਪਣਾਉਣ। ਪ੍ਰੋ. ਬਲਰਾਮ ਨੇ  ਪਿਛਲੇ 400 ਸਾਲਾਂ ਵਿੱਚ ਕੀਤੀਆਂ ਵੱਖ-ਵੱਖ ਖੋਜਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹਰ ਨਵੀਂ ਖੋਜ ਕਈ ਨਵੇਂ ਆਯਾਮ ਖੋਲ੍ਹਣ ਵਿੱਚ ਮਦਦ ਕਰਦੀ ਹੈ, ਜਿਵੇਂ ਦੂਰਬੀਨ ਦੀ ਕਾਢ ਨੇ ਬ੍ਰਹਿਮੰਡ ਵਿਗਿਆਨ ਦੇ ਖੇਤਰ ਨੂੰ ਖੋਲ੍ਹਿਆ ਅਤੇ ਮਾਈਕ੍ਰੋਸਕੋਪ ਦੇ ਨਿਰਮਾਣ ਨੇ ਮਾਈਕਰੋਬਾਇਓਲੋਜੀ ਦੇ ਖੇਤਰ ਵਿੱਚ ਵਿਸਥਾਰ ਕੀਤਾ। 

20ਵੀਂ ਸਦੀ ਵਿੱਚ ਐਕਸ-ਰੇ ਅਤੇ ਐਮਆਰਆਈ ਦੀ ਖੋਜ ਨੇ ਮੈਡੀਕਲ ਸਾਇੰਸ ਵਿੱਚ ਕ੍ਰਾਂਤੀ ਲਿਆ ਦਿੱਤੀ। ਸਦੀਆਂ ਤੋਂ ਚੱਲੀ ਆ ਰਹੀ ਵਿਗਿਆਨਕ ਤਰੱਕੀ ਤੋਂ ਲੋਕਾਂ ਨੇ ਲਾਭ ਉਠਾਇਆ ਹੈ। ਪਰ ਯੂਕਰੇਨ ਵਿੱਚ ਚੱਲ ਰਹੀ ਜੰਗ ਨਾਲ ਮੌਜੂਦਾ ਮਨੁੱਖੀ ਆਬਾਦੀ ਨੂੰ ਸਦੀਆਂ ਦੀ ਵਿਗਿਆਨਕ ਤਰੱਕੀ ਦੇ ਲਾਭਾਂ ਤੋਂ ਵਾਂਝੇ ਕਰਨ ਦਾ ਖ਼ਤਰਾ ਪੈਦਾ ਹੋ ਗਿਆ ਹੈ। ਸਾਨੂੰ ਇਹ ਯਾਦ ਰੱਖਣਾ ਹੋਵੇਗਾ ਕਿ ਕੋਰੋਨਾ ਵਾਇਰਸ ਨੇ ਸਾਰੀਆਂ ਰਾਜਨੀਤਕ, ਧਾਰਮਿਕ ਅਤੇ ਨਸਲੀ ਸੀਮਾਵਾਂ ਨੂੰ ਤੋੜ ਦਿੱਤਾ ਹੈ ਅਤੇ ਕੋਈ ਵੀ ਤਕਨੀਕ ਕੁਦਰਤ ਦੀ ਤਾਕਤ ਤੋਂ ਮਨੁੱਖਤਾ ਨੂੰ ਨਹੀਂ ਬਚਾ ਸਕਦੀ। 

ਉਨ੍ਹਾਂ ਨੇ ਇਹ ਕਹਿ ਕੇ ਆਪਣੇ ਭਾਸ਼ਣ ਦੀ ਸਮਾਪਤੀ ਕੀਤੀ ਕਿ "ਸਿੱਖਣਾ ਇੱਕ ਨਿਰੰਤਰ ਅਤੇ ਕਦੇ ਨਾ ਖਤਮ ਹੋਣ ਵਾਲੀ ਪ੍ਰਕਿਰਿਆ ਹੈ, ਅਤੇ ਖੋਜ ਵਿੱਚ ਅਸਫਲਤਾ ਆਮ ਗੱਲ ਹੈ। ਅਸਫਲਤਾ ਦੇ ਡਰ ਨੂੰ ਦੂਰ ਕਰਨਾ ਸਫਲਤਾ ਵੱਲ ਪਹਿਲਾ ਕਦਮ ਹੈ।”ਯੂਨੀਵਰਸਿਟੀ ਦੇ ਚਾਂਸਲਰ ਪ੍ਰੋ. ਜਗਬੀਰ ਸਿੰਘ ਨੇ ਡਿਗਰੀ ਪ੍ਰਾਪਤ ਕਰਨ ਵਾਲਿਆਂ ਨੂੰ ਵਧਾਈ ਦਿੰਦਿਆਂ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਗ੍ਰੈਜੂਏਟ ਵਿਦਿਆਰਥੀਆਂ ਨੂੰ ਨਵੀਨਤਾਕਾਰੀ ਵਿਚਾਰਾਂ ’ਤੇ ਕੰਮ ਕਰਨ ਅਤੇ ਆਪਣੀ ਰੁਚੀ ਦਾ ਕਿੱਤਾ ਚੁਣਨ ਲਈ ਪ੍ਰੇਰਿਤ ਕੀਤਾ। 

ਉਹਨਾਂ ਨੇ ਵਿਸ਼ਨੂੰ ਪੁਰਾਣ ਦੀਆਂ ਤੁਕਾਂ ਜਿਵੇਂ ਕਿ ‘ਸਾ ਵਿਦਿਆ ਯ ਵਿਮੁਕਤੇ’ ਆਦਿ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਾਡੀ ਭਾਰਤੀ ਸਭਿਅਤਾ ਵਿੱਚ ਸਿੱਖਿਆ ਨੂੰ ਸਰਵਪੱਖੀ ਵਿਕਾਸ ਦੇ ਸਾਧਨ ਵਜੋਂ ਦੇਖਿਆ ਜਾਂਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਭੌਤਿਕਵਾਦੀ ਸੰਸਾਰ ਤੋਂ ਉੱਪਰ ਉੱਠ ਕੇ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਉਣ ਲਈ ਪ੍ਰੇਰਿਆ। ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਤੁਕ ‘ਵਿਦਿਆ ਵੀਚਾਰੀ ਤਾਂ ਪਰਉਪਕਾਰੀ’ ਦਾ ਹਵਾਲਾ ਦਿੰਦੇ ਹੋਏ ਨੌਜਵਾਨ ਗ੍ਰੈਜੂਏਟਾਂ ਨੂੰ ਲੋਕ ਭਲਾਈ ਨੂੰ ਆਪਣਾ ਜੀਵਨ ਉਦੇਸ਼ ਬਣਾ ਕੇ ਸੱਚੇ ਗਿਆਨ ਦੀ ਪ੍ਰਾਪਤੀ ਕਰਨ ਲਈ ਪ੍ਰੇਰਿਤ ਕੀਤਾ। 

ਪ੍ਰੋ. ਜਗਬੀਰ ਸਿੰਘ ਨੇ ਨੌਜਵਾਨ ਗ੍ਰੈਜੂਏਟਾਂ ਨੂੰ ਜੀਵਨ ਭਰ ਸਿੱਖਣ ਵਾਲਾ ਰਵੱਈਆ ਅਪਣਾਉਣ ਅਤੇ ਆਪਣੇ ਗਿਆਨ ਦੀ ਵਰਤੋਂ ਰਾਸ਼ਟਰ ਦੀ ਭਲਾਈ ਲਈ ਕਰਨ ਲਈ ਪ੍ਰੇਰਿਤ ਕੀਤਾ।ਇਸ ਡਿਗਰੀ ਵੰਡ ਸਮਾਰੋਹ ਦੀ ਸ਼ੁਰੂਆਤ ਵਿੱਚ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਭਾਗੀਦਾਰਾਂ ਨੂੰ ਜੀ ਆਇਆਂ ਆਖਦੇ ਹੋਏ ਯੂਨੀਵਰਸਿਟੀ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਆਪਣੇ ਸੰਬੋਧਨ ਦੌਰਾਨ ਪ੍ਰੋ. ਤਿਵਾੜੀ ਨੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਇਆ ਅਤੇ ਕਿਹਾ ਕਿ ਇਹ ਬਹੁਤ ਤਸੱਲੀ ਦੀ ਗੱਲ ਹੈ ਕਿ ਯੂਨੀਵਰਸਿਟੀ ਨੂੰ ਨੈਕ ਦੁਆਰਾ 'ਏ+' ਗ੍ਰੇਡ ਨਾਲ ਸਨਮਾਨਿਤ ਕੀਤਾ ਗਿਆ ਹੈ ਅਤੇ ਐਨਆਈਆਰਐਫ ਇੰਡੀਆ ਰੈਂਕਿੰਗ 2022 ਦੀ ਯੂਨੀਵਰਸਿਟੀ ਸ਼੍ਰੇਣੀ ਵਿੱਚ ਵੀ ਯੂਨੀਵਰਸਿਟੀ ਨੇ 81ਵਾਂ ਸਥਾਨ ਹਾਸਲ ਕੀਤਾ ਹੈ। 

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਯੂਨੀਵਰਸਿਟੀ ਆਪਣੇ ਵਿਦਿਆਰਥੀਆਂ ਨੂੰ ਅਕਾਦਮਿਕ, ਉਦਯੋਗ, ਪ੍ਰਸ਼ਾਸਨ ਅਤੇ ਜੀਵਨ ਦੇ ਹੋਰ ਖੇਤਰਾਂ ਵਿੱਚ ਭਵਿੱਖ ਵਿੱਚ ਤਿਆਰ ਹੋਣ ਲਈ ਸਿਖਲਾਈ ਦਿੰਦੀ ਹੈ। ਉਨ੍ਹਾਂ ਨੇ ਉੱਚ ਪੱਧਰੀ ਰਸਾਲਿਆਂ ਵਿੱਚ 650 ਤੋਂ ਵੱਧ ਖੋਜ ਪੱਤਰ ਪ੍ਰਕਾਸ਼ਿਤ ਕਰਨ ਸਦਕਾ ਇੱਕ ਮਜ਼ਬੂਤ ਖੋਜ-ਪ੍ਰਕਾਸ਼ਨ ਪ੍ਰੋਫਾਈਲ ਬਣਾਈ ਰੱਖਣ ਲਈ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਖੋਜਾਰਥੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਇਸ ਸਮਾਰੋਹ ਰਾਹੀਂ ਅਸੀਂ ਤੁਹਾਨੂੰ ਸਮਾਜ ਅਤੇ ਦੇਸ਼ ਨੂੰ ਸੌਂਪ ਰਹੇ ਹਾਂ। ਪ੍ਰੋ. ਤਿਵਾਰੀ ਪ੍ਰੋ ਤਿਵਾਰੀ ਨੇ ਨੌਜਵਾਨ ਗ੍ਰੈਜੂਏਟਾਂ ਨੂੰ ਪ੍ਰੇਰਿਆ ਕਿ ਉਹ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੁੱਚੇ ਪਰਿਵਾਰ ਵੱਲੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਦਿੱਤੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਵੱਲੋਂ ਦਿੱਤੀਆਂ ਸਿੱਖਿਆਵਾਂ ਜਿਵੇਂ ਕਿ "ਆਪਣੀ ਕਿਸਮਤ ਆਪਣੇ ਹੱਥਾਂ ਨਾਲ ਬਣਾਓ" 'ਤੇ ਚੱਲਦਿਆਂ ਆਪਣੇ ਆਪ ਨੂੰ ਜੀਵਨ ਵਿੱਚ ਇੱਕ ਬਿਹਤਰ ਵਿਅਕਤੀ ਬਣਾਉਣ ਬਣਾਉਣ ਦੀ ਕੋਸ਼ਿਸ਼ ਕਰਨ।

ਪ੍ਰੋਗਰਾਮ ਦੌਰਾਨ ਡੀਨ ਇੰਚਾਰਜ ਅਕਾਦਮਿਕ ਪ੍ਰੋ. ਆਰ.ਕੇ. ਵੁਸੀਰਿਕਾ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਹੁੰ ਚੁਕਾਈ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਇਸ ਪ੍ਰੋਗਰਾਮ ਦੌਰਾਨ ਕੰਟਰੋਲਰ ਪ੍ਰੀਖਿਆਵਾਂ ਅਤੇ ਕਾਰਜਕਾਰੀ ਰਜਿਸਟਰਾਰ ਪ੍ਰੋ. ਬੀ.ਪੀ. ਗਰਗ ਨੇ ਮੰਚ ਸੰਚਾਲਨ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਉਨ੍ਹਾਂ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।