5 Dariya News

ਪਦਮਸ਼੍ਰੀ ਪ੍ਰੇਮ ਚੰਦ ਡੋਗਰਾ ਨੇ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਦੇ ਵਿਦਿਆਰਥੀਆਂ ਨੂੰ ਦੱਸੇ ਸਫਲਤਾ ਦੇ ਗੁਰ

5 Dariya News

ਹੁਸ਼ਿਆਰਪੁਰ 11-Apr-2023

ਬਾਡੀ ਬਿਲਡਿੰਗ ਵਿਚ ਵਿਸ਼ਵ ਚੈਂਪੀਅਨ, ਅੱਠ ਵਾਰ ਏਸ਼ੀਅਨ ਚੈਂਪੀਅਨ ਅਤੇ 9 ਵਾਰ ਕੌਮੀ ਚੈਂਪੀਅਨ ਬਣ ਕੇ ਦੁਨੀਆ ਭਰ ਵਿਚ ਨਾਮਣਾ ਖੱਟਣ ਵਾਲੇ ਪਦਮਸ਼੍ਰੀ ਪ੍ਰੇਮ ਚੰਦ ਡੋਗਰਾ ਨੇ ਅੱਜ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ ਵਿਦਿਆਰਥੀਆਂ ਅਤੇ ਸਟਾਫ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਆਪਣੇ ਬਚਪਨ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਦਾ ਖੁਲਾਸਾ ਕਰਦਿਆਂ ਜੀਵਨ ਵਿਚ ਸਫਲ ਹੋਣ ਦੇ ਗੁਰ ਦੱਸੇ।  

ਉਨ੍ਹਾਂ ਦੱਸਿਆ ਕਿ ਬਚਪਨ ਤੋਂ ਉਨ੍ਹਾਂ ਨੂੰ ਖੇਡਣ ਦਾ ਸ਼ੌਕ ਸੀ। ਸਕੂਲ ਅਧਿਆਪਕਾਂ ਨੇ ਖੇਡਾਂ ਵੱਲ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਸਕੂਲ ਸਮੇਂ ਖੇਡ ਮੁਕਾਬਲਿਆਂ ਵਿਚ ਮਿਲੇ ਮਾਣ-ਸਨਮਾਨ ਤੋਂ ਬਾਅਦ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਦੱਸਿਆ ਕਿ ਬਚਪਨ ਵਿਚ ਪਿਤਾ ਦੀ ਮੌਤ ਤੋਂ ਬਾਅਦ ਸੀਮਿਤ ਸਰੋਤਾਂ ਨਾਲ ਗੁਜ਼ਾਰਾ ਕੀਤਾ। ਇਸ ਤੋਂ ਬਾਅਦ ਪੰਜਾਬ ਪੁਲਿਸ, ਟਾਟਾ ਕੰਪਨੀ ਜਮਸ਼ੇਦਪੁਰ ਅਤੇ ਜੇ. ਸੀ. ਟੀ ਫਗਵਾੜਾ ਵਿਖੇ ਨੌਕਰੀ ਕੀਤੀ। 

1988 ਵਿਚ ਰਾਸ਼ਟਰਪਤੀ ਵੱਲੋਂ ਅਰਜੁਨ ਪੁਰਸਕਾਰ ਦਿੱਤਾ ਗਿਆ ਅਤੇ 1990 ਵਿਚ ਪਦਮਸ਼੍ਰੀ ਅਤੇ 1994 ਵਿਚ ਮਹਾਰਾਜਾ ਰਣਜੀਤ ਸਿੰਘ ਸਟੇਟ ਐਵਾਰਡ ਪ੍ਰਾਪਤ ਕੀਤਾ। ਸੀਤਾ ਰਾਮ ਬਾਂਸਲ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ ਅਤੇ ਇੰਚਾਰਜ ਪ੍ਰਿੰਸੀਪਲ ਰਕੇਸ਼ ਸੋਨੀ ਨੇ ਵਿਦਿਆਲੇ ਪਰਿਵਾਰ ਵੱਲੋਂ ਧੰਨਵਾਦ ਕੀਤਾ।ਉਨ੍ਹਾਂ ਨੌਜਵਾਨਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਉਹ ਖੇਡਾਂ ਨਾਲ ਜੁੜਨ ਅਤੇ ਨਸ਼ਿਆਂ ਤੋਂ ਬਚ ਕੇ ਪੌਸ਼ਟਿਕ ਖ਼ੁਰਾਕ ਖਾਣ। 

ਉਨ੍ਹਾਂ ਕਿਹਾ ਕਿ ਤੁਹਾਡੇ ਹਾਲਾਤ ਤੁਹਾਡੀ ਕਿਸਮਤ ਨਿਰਧਾਰਤ ਨਹੀਂ ਕਰਦੇ ਬਲਕਿ ਤੁਹਾਡਾ ਧਿਆਨ ਅਤੇ ਸਖ਼ਤ ਮਿਹਨਤ ਕਰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ, ਸਮਰਪਣ ਭਾਵਨਾ, ਮਾਪਿਆਂ-ਅਧਿਆਪਕਾਂ ਅਤੇ ਵੱਡਿਆਂ ਦੀ ਇੱਜ਼ਤ ਕਰਨੀ, ਛੋਟਿਆਂ ਨਾਲ ਪਿਆਰ ਕਰਨਾ, ਮਨ ਵਿਚ ਦੇਸ਼ ਪ੍ਰੇਮ ਰੱਖਣਾ, ਫਾਸਟ ਫੂਡ ਅਤੇ ਕੋਲਡ ਡਰਿੰਕਸ ਤੋਂ ਪਰਹੇਜ਼ ਅਤੇ ਘਰੇਲੂ ਪੌਸ਼ਟਿਕ ਖ਼ੁਰਾਕ ਖਾਣ ਲਈ ਪ੍ਰੇਰਿਤ ਕੀਤਾ। 

ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਕਦੇ ਵੀ ਸਪਲੀਮੈਂਟ, ਸਟੀਰੋਇਡ ਨਾ ਲੈਣ ਅਤੇ ਯੂ ਟਿਊਬ ’ਤੇ ਦੇਖ ਕੇ ਕਸਰਤ ਨਾ ਕਰਨ। ਉਨ੍ਹਾਂ ਕਿਹਾ ਕਿ ਸਮੇਂ ਸਿਰ ਖਾਣਾ ਖਾਓ ਅਤੇ ਸਮੇਂ ਸਿਰ ਸਾਰੇ ਕੰਮ ਕਰੋ।