5 Dariya News

ਮੋਹਾਲੀ ਦੇ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਸਿਹਤ ਵਿਭਾਗ ਦੇ ਡਾਇਰੈਕਟਰ ਬਣੇ

ਸਿਹਤ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਅਹੁਦਾ ਸੰਭਾਲਿਆ

5 Dariya News

ਮੋਹਾਲੀ 03-Apr-2023

ਮੋਹਾਲੀ ਦੇ ਸਿਵਲ ਸਰਜਨ ਡਾ.ਆਦਰਸ਼ਪਾਲ ਕੌਰ ਤਰੱਕੀ ਹਾਸਲ ਕਰਨ ਮਗਰੋਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਬਣ ਗਏ ਹਨ। ਉਨ੍ਹਾਂ ਦੀ ਨਵੀਂ ਨਿਯੁਕਤੀ ਸਬੰਧੀ ਹੁਕਮ ਅੱਜ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਆਈ.ਏ.ਐਸ. ਅਧਿਕਾਰੀ ਸ੍ਰੀ ਵਿਵੇਕ ਪ੍ਰਤਾਪ ਸਿੰਘ ਵਲੋਂ ਜਾਰੀ ਕੀਤੇ ਗਏ। 

ਡਾ. ਆਦਰਸ਼ਪਾਲ ਕੌਰ ਨੇ ਅੱਜ ਸ਼ਾਮ ਚੰਡੀਗੜ੍ਹ ਵਿਖੇ ਸਿਹਤ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਅਪਣਾ ਨਵਾਂ ਅਹੁਦਾ ਸੰਭਾਲ ਲਿਆ। ਅਹੁਦਾ ਸੰਭਾਲਣ ਮਗਰੋਂ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਦਿਤੀਆਂ ਜਾਣ ਵਾਲੀਆਂ ਸਿਹਤ ਸੇਵਾਵਾਂ ਵਿਚ ਹੋਰ ਸੁਧਾਰ ਲਿਆਉਣਾ ਅਤੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਿਹਤ ਯੋਜਨਾਵਾਂ ਅਤੇ ਪ੍ਰੋਗਰਾਮਾਂ ਨੂੰ ਸੂਬੇ ਵਿਚ ਹੋਰ ਅਸਰਦਾਰ ਢੰਗ ਨਾਲ ਲਾਗੂ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ। 

ਉਨ੍ਹਾਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਉਚੇਚਾ ਧਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੁਆਰਾ ਦਿਤੇ ਗਏ ਨਿਰਦੇਸ਼ਾਂ ਅਤੇ ਸੇਧਾਂ ਮੁਤਾਬਕ ਕੰਮ ਕਰਦਿਆਂ ਸੂਬੇ ਦੇ ਲੋਕਾਂ ਨੂੰ ਬਿਹਤਰ ਤੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡਣਗੇ। 

ਉਘੇ ਸਰਜਨ ਡਾ. ਆਦਰਸ਼ਪਾਲ ਕੌਰ ਨੇ ਮੋਹਾਲੀ ਵਿਚ ਸਿਵਲ ਸਰਜਨ ਵਜੋਂ ਲਗਭਗ ਸਵਾ ਦੋ ਸਾਲ ਸੇਵਾਵਾਂ ਦਿਤੀਆਂ ਹਨ ਅਤੇ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਦੇ ਬੁਨਿਆਦੀ ਢਾਂਚੇ ਅਤੇ ਸਿਹਤ ਸੇਵਾਵਾਂ ਵਿਚ ਕਾਫ਼ੀ ਸੁਧਾਰ ਲਿਆਂਦਾ ਹੈ। ਉਨ੍ਹਾਂ ਜ਼ਿਲ੍ਹੇ ਦੇ ਡਾਕਟਰਾਂ ਤੇ ਸਮੁੱਚੇ ਸਟਾਫ਼ ਦਾ ਧਨਵਾਦ ਕਰਦਿਆਂ ਕਿਹਾ ਕਿ ਬਤੌਰ ਸਿਵਲ ਸਰਜਨ ਉਨ੍ਹਾਂ ਨੂੰ ਜ਼ਿਲ੍ਹਾ ਸਿਹਤ ਵਿਭਾਗ ਦੇ ਸਮੁੱਚੇ ਸਟਾਫ਼ ਦਾ ਚੰਗਾ ਸਹਿਯੋਗ ਅਤੇ ਸਾਥ ਮਿਲਿਆ ਹੈ।