5 Dariya News

ਡਿਪਟੀ ਕਮਿਸ਼ਨਰ ਵਲੋਂ ਸੁਲਤਾਨਪੁਰ ਲੋਧੀ ਸਮਾਰਟ ਸਿਟੀ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ

ਸੀਵਰੇਜ ਟ੍ਰੀਟਮੈਂਟ ਪਲਾਂਟ,4 ਮਾਰਗੀ ਸੜਕਾਂ,ਪੀਣ ਵਾਲੇ ਪਾਣੀ ਦੀ ਸਪਲਾਈ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਕਿਹਾ

5 Dariya News

ਕਪੂਰਥਲ਼ਾ 29-Mar-2023

ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਵਿਸ਼ੇਸ਼ ਸਾਰੰਗਲ ਵਲੋਂ ਅੱਜ ਸੁਲਤਾਨਪੁਰ ਲੋਧੀ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਚੱਲ ਰਹੇ ਵਿਕਾਸ ਕੰਮਾਂ ਦੀ ਸਮੀਖਿਆ ਕੀਤੀ ਗਈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਪਵਿੱਤਰ ਸ਼ਹਿਰ ਵਿਖੇ ਚੱਲ ਰਹੇ ਵਿਕਾਸ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਨਿੱਜੀ ਦਿਲਚਸਪੀ ਨਾਲ ਕੰਮ ਕਰਨ। 

ਉਨ੍ਹਾਂ ਸੁਲਤਾਨਪੁਰ ਲੋਧੀ ਨੂੰ ਬਾਰਾਸਤਾ ਤਲਵੰਡੀ ਚੌਧਰੀਆਂ ਅਤੇ  ਰੇਲ ਕੋਚ ਫੈਕਟਰੀ ਰਾਹੀਂ 4 ਮਾਰਗੀ ਸੜਕਾਂ ਨਾਲ ਜੋੜਨ,ਸੀਵਰੇਜ਼ ਟ੍ਰੀਟਮੈਂਟ ਪਲਾਂਟ ਦੀ ਉਸਾਰੀ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਸਬੰਧੀ ਪ੍ਰਾਜੈੱਕਟਾਂ ਨੂੰ ਤੇਜੀ ਨਾਲ ਮੁਕੰਮਲ ਕਰਨ ਤੇ ਵਿਸ਼ੇਸ਼ ਤਵੱਜੋਂ ਦੇਣ ਦੇ ਹੁਕਮ ਦਿੱਤੇ। ਦੱਸਣਯੋਗ ਹੈ ਕਿ ਲਗਭਗ 74.11 ਕਰੋੜ ਰੁਪਏ ਦੀ ਲਾਗਤ ਨਾਲ ਮੁੰਡੀ ਮੋੜ ਤੋਂ ਸੁਲਤਾਨਪੁਰ ਲੋਧੀ 17.40 ਕਿਲੋਮੀਟਰ ਅਤੇ ਡਡਵਿੰਡੀ ਤੋਂ ਸੁਲਤਾਨਪੁਰ ਲੋਧੀ ਤੱਕ 4 ਮਾਰਗੀ ਸੜਕਾਂ ਬਣਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਜਿਸ ਨਾਲ ਨਾ ਸਿਰਫ਼ ਪਵਿੱਤਰ ਸ਼ਹਿਰ ਨੂੰ ਬਿਹਤਰੀਨ ਸੜਕੀ ਸੰਪਰਕ ਸਥਾਪਿਤ ਹੋਵੇਗਾ,ਸਗੋਂ ਦੁਆਬਾ ਅਤੇ ਮਾਝਾ ਖਿੱਤੇ ਤੋਂ ਮਾਲਵਾ ਜਾਣ ਵਾਲੇ ਲੋਕਾਂ ਨੂੰ ਵੀ ਵੱਡੀ ਸਹੂਲਤ ਮਿਲੇਗੀ। 

ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਨ੍ਹਾਂ ਸੜਕਾਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾਣਾ ਯਕੀਨੀ ਬਣਾਉਣ ਦੇ ਨਾਲ-ਨਾਲ ਕੰਮ ਦੀ ਗੁਣਵੱਤਾ ਵੱਲ ਵੀ ਵਿਸ਼ੇਸ਼ ਧਿਆਨ ਦੇਣ। ਉਨ੍ਹਾਂ ਨਾਲ ਹੀ ਸਪੱਸ਼ਟ ਨਿਰਦੇਸ਼ ਦਿੱਤੇ ਕਿ ਸੜਕ ਬਣਾਉਣ ਦੇ ਕੰਮ ਵਿਚ ਕਿਸੇ ਕਿਸਮ ਦੀ ਕੁਤਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। 

ਸ੍ਰੀ ਸਾਰੰਗਲ ਵਲੋਂ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਸੁਲਤਾਨਪੁਰ ਲੋਧੀ ਵਿਖੇ 14 ਕਰੋੜ ਰੁਪਏ ਦੀ ਲਾਗਤ ਨਾਲ 4 ਸਕੂਲਾਂ ਨੂੰ ਸਮਾਰਟ ਸਕੂਲ ਵਜੋਂ ਸਥਾਪਿਤ ਕੀਤੇ ਜਾਣ ਸਬੰਧੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਕੋਲੋਂ ਰਿਪੋਰਟ ਲਈ ਗਈ। ਉਨਾਂ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ ਅਤੇ ਲੜਕੀਆਂ) ਅਤੇ ਸਮਾਰਟ ਆਂਗਣਵਾੜੀ ਦੀ ਸਥਾਪਨਾ ਸਬੰਧੀ ਤੇਜ਼ੀ ਲਿਆਉਣ ਲਈ ਲੋਕ ਨਿਰਮਾਣ ਵਿਭਾਗ ਅਤੇ ਸਿੱਖਿਆ ਵਿਭਾਗ ਮਿਲਕੇ ਕੰਮ ਕਰਨ। 

ਸੁਲਤਾਨਪੁਰ ਲੋਧੀ ਤੋਂ ਜੱਬੋਵਾਲ ਰੋਡ ਉੱਪਰ ਸਥਾਪਿਤ ਕੀਤੇ ਜਾ ਰਹੇ ਸੀਵਰੇਜ਼ ਟ੍ਰੀਟਮੈਂਟ ਪਲਾਂਟ ਦੇ ਕੰਮ ਨੂੰ ਤੇਜ਼ ਕਰਨ ਸਬੰਧੀ ਉਨ੍ਹਾਂ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਜੂਨ 2023 ਦੀ ਮਿੱਥੀ ਗਈ ਸਮਾਂ ਸੀਮਾਂ ਤੱਕ ਇਸਨੂੰ ਮੁਕੰਮਲ ਕਰਨ ਤਾਂ ਜੋ ਸ਼ਹਿਰ ਦੇ ਗੰਦੇ ਪਾਣੀ ਨੂੰ ਸਾਫ ਕਰਕੇ ਫਸਲਾਂ ਦੀ ਸਿੰਜਾਈ ਲਈ ਵਰਤਿਆ ਜਾ ਸਕੇ। 

ਸੇਫ ਸਿਟੀ ਪ੍ਰਾਜੈਕਟ ਤਹਿਤ ਇੰਟੀਗਰੇਟਿਡ ਕਮਾਂਡ ਕੰਟਰੋਲ ਸੈਂਟਰ (ਆਈ.ਸੀ.ਸੀ.ਸੀ.) ਸਬੰਧੀ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕੰਮ ਜਲਦ ਮੁਕੰਮਲ ਕਰਨ ਦੇ ਹੁਕਮ ਦਿੱਤੇ,ਇਸ ਤਹਿਤ ਸ਼ਹਿਰ ਦੀ ਸੁਰੱਖਿਆ ਲਈ 250 ਸੀ.ਸੀ.ਟੀ.ਵੀ ਕੈਮਰੇ ਲੱਗਣੇ ਹਨ। ਉਨ੍ਹਾਂ ਕਿਲ੍ਹਾ ਸਰਾਏ ਦੀ ਸਾਂਭ ਸੰਭਾਲ ਸਬੰਧੀ ਪੁਰਾਤਤਵ ਵਿਭਾਗ ਦੀ ਕਾਰਗੁਜ਼ਾਰੀ ਦਾ ਵੀ ਜਾਇਜ਼ਾ ਲਿਆ। 

ਡਿਪਟੀ ਕਮਿਸ਼ਨਰ ਵਲੋਂ ਸਬੰਧਿਤ ਵਿਭਾਗਾਂ ਨੂੰ ਹਫਤਾਵਰੀ ਪ੍ਰਗਤੀ ਰਿਪੋਰਟ ਸੌਂਪਣ ਦੇ ਨਿਰਦੇਸ਼ ਵੀ ਦਿੱਤੇ ਗਏ। ਇਸ ਮੌਕੇ  ਲੋਕ ਨਿਰਮਾਣ ਵਿਭਾਗ,ਸੀਵਰੇਜ਼ ਬੋਰਡ, ਨਗਰ ਕੌਸਲ, ਸਿੱਖਿਆ ਵਿਭਾਗ, ਪੇਡਾ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਵਾਟਰ ਸਪਲਾਈ ਦੇ ਅਧਿਕਾਰੀ ਹਾਜ਼ਰ ਸਨ।