5 Dariya News

ਪਟਿਆਲਾ ਜ਼ਿਲ੍ਹੇ ਦੇ 943 ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਗ੍ਰੈਜੂਏਸ਼ਨ ਸੈਰੇਮਨੀ ਕਰਵਾਈ

5 Dariya News

ਪਟਿਆਲਾ 29-Mar-2023

ਅੱਜ ਪਟਿਆਲਾ ਜ਼ਿਲ੍ਹੇ ਦੇ 943 ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਗ੍ਰੈਜੂਏਸ਼ਨ ਸੈਰੇਮਨੀ ਕਰਵਾਈ ਗਈ, ਇਸ ਦੌਰਾਨ ਵੱਡੀ ਗਿਣਤੀ ਬੱਚਿਆਂ ਦੇ ਮਾਪਿਆਂ ਅਤੇ ਪਤਵੰਤੇ ਸੱਜਣਾਂ ਨੇ ਹਿੱਸਾ ਲਿਆ। ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਕਰਵਾਈ ਗਈ ਇਸ ਸੈਰੇਮਨੀ ਦੌਰਾਨ ਸਰਕਾਰੀ ਸਕੂਲਾਂ ਦੇ ਪ੍ਰੀ-ਪ੍ਰਾਇਮਰੀ ਦੇ ਨੰਨ੍ਹੇ-ਮੁੰਨੇ ਬੱਚਿਆਂ ਅਤੇ ਬੱਚਿਆਂ ਦੇ ਮਾਪਿਆਂ ਵਿੱਚ ਇਸ ਗ੍ਰੈਜੂਏਸ਼ਨ ਸੈਰੇਮਨੀ ਲਈ ਬਹੁਤ ਉਤਸ਼ਾਹ ਵੇਖਿਆ ਗਿਆ।

ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਹਰਿੰਦਰ ਕੌਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਮਨਵਿੰਦਰ ਕੌਰ ਭੁੱਲਰ ਨੇ ਪ੍ਰਾਇਮਰੀ ਸਕੂਲਾਂ ਦਾ ਦੌਰਾ ਕਰਕੇ ਗ੍ਰੈਜੂਏਸ਼ਨ ਸੈਰੇਮਨੀ ਵਿੱਚ ਸ਼ਾਮਿਲ ਬੱਚਿਆਂ ਦੇ ਮਾਪਿਆਂ ਨੂੰ ਜਿੱਥੇ ਬੱਚਿਆਂ ਦੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਉੱਥੇ ਸਰਕਾਰੀ ਸਕੂਲਾਂ ਵਿੱਚ ਨਵੇਂ ਦਾਖ਼ਲੇ ਲਈ ਅਪੀਲ ਵੀ ਕੀਤੀ। ਇਸ ਮੌਕੇ ਸਕੂਲਾਂ ਵਿੱਚ ਬੱਚਿਆਂ ਦੇ ਸੱਭਿਆਚਾਰਕ ਪ੍ਰੋਗਰਾਮ ਕਰਵਾਉਣ ਤੋਂ ਇਲਾਵਾ ਬੱਚਿਆਂ ਵੱਲੋਂ ਮੰਚ 'ਤੇ ਪੂਰੇ ਆਤਮ-ਵਿਸ਼ਵਾਸ ਅਤੇ ਦਿਲਚਸਪੀ ਨਾਲ਼ ਹਿੱਸਾ ਲਿਆ।

ਬੱਚਿਆਂ ਦੇ ਮਾਪੇ ਤੇ ਹੋਰ ਸ਼ਖ਼ਸੀਅਤਾਂ ਨੇ ਪ੍ਰੀ-ਪ੍ਰਾਇਮਰੀ ਕਮਰੇ ਦੇਖੇ ਤੇ ਸਜਾਏ ਗਏ ਚਾਰ ਕਾਰਨਰ, ਰੰਗ-ਬਿਰੰਗੀਆਂ ਕਿਤਾਬਾਂ, ਸਹਿ-ਵਿੱਦਿਅਕ ਸਮੱਗਰੀ, ਰੰਗਦਾਰ ਆਲਾ-ਦੁਆਲਾ ਅਤੇ ਬੱਚਿਆਂ ਨੂੰ ਖੇਡ ਵਿਧੀ ਨਾਲ਼ ਪੜ੍ਹਾਉਣ ਲਈ ਵਰਤੇ ਜਾਣ ਵਾਲ਼ੇ ਖਿਡਾਉਣਿਆਂ, ਰੋਜ਼ਾਨਾ ਦੀ ਵਿਭਾਗੀ ਸਲਾਈਡ ਗਤੀਵਿਧੀ ਕੈਲੰਡਰ ਦੇ ਆਧਾਰ 'ਤੇ ਕਰਵਾਈਆਂ ਜਾ ਰਹੀਆਂ ਦਿਲਚਸਪ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਗਿਆ।

ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਇਸ ਦੌਰਾਨ ਦਿਲਚਸਪ ਗੱਲ ਇਹ ਰਹੀ ਕਿ ਬੱਚਿਆਂ ਦੇ ਮਾਪਿਆਂ ਨੇ ਪ੍ਰੀ-ਪ੍ਰਾਇਮਰੀ ਵਿੱਚ ਦਾਖਲੇ ਤੋਂ ਬਾਅਦ ਬੱਚਿਆਂ ਦੀ ਸ਼ਖ਼ਸੀਅਤ ਵਿੱਚ ਆ ਰਹੀਆਂ ਸਾਕਾਰਾਤਮਕ ਤਬਦੀਲੀਆਂ, ਸਰਕਾਰੀ ਸਕੂਲਾਂ ਦੀ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਅਤੇ ਅਧਿਆਪਕਾਂ ਵੱਲੋਂ ਪਾਏ ਜਾ ਰਹੇ ਬੱਚਿਆਂ ਦੇ ਸਰਬਪੱਖੀ ਵਿਕਾਸ ਵਿੱਚ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ।

ਇਸ ਗ੍ਰੈਜੂਏਸ਼ਨ ਸੈਰੇਮਨੀ ਮੌਕੇ ਸਾਰੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਨ ਸਮੱਗਰੀ ਅਤੇ ਹੋਰ ਵੱਖ-ਵੱਖ ਤਰ੍ਹਾਂ ਦੇ ਤੋਹਫ਼ਿਆਂ ਨਾਲ਼ ਸਨਮਾਨਿਤ ਕੀਤਾ ਗਿਆ।