5 Dariya News

ਟੀ.ਬੀ-ਮੁਕਤ ਸਮਾਜ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ : ਡਾ. ਆਦਰਸ਼ਪਾਲ ਕੌਰ

ਵਿਸ਼ਵ ਟੀ.ਬੀ. ਦਿਵਸ ਮੌਕੇ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਹੋਏ ਜਾਗਰੂਕਤਾ ਸਮਾਗਮ

5 Dariya News

ਮੋਹਾਲੀ 24-Mar-2023

ਵਿਸ਼ਵ ਟੀ. ਬੀ. ਦਿਵਸ ਮੌਕੇ ਅੱਜ ਜ਼ਿਲ੍ਹਾ ਹਸਪਤਾਲ ਵਿਖੇ ਜ਼ਿਲ੍ਹਾ ਪੱਧਰੀ ਅਤੇ ਜ਼ਿਲ੍ਹੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਜਾਗਰੂਕਤਾ ਸਮਾਗਮ ਕਰਵਾਏ ਗਏ l ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਤ ਕਰਦਿਆਂ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਤਪਦਿਕ ਬੀਮਾਰੀ ਦੇ ਮੁਕੰਮਲ ਖਾਤਮੇ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ।

ਉਨ੍ਹਾਂ ਦਸਿਆ ਕਿ ਟੀਬੀ ਨੂੰ ਸਾਲ 2025 ਤਕ ਦੇਸ਼ ਵਿਚੋਂ ਮੁਕੰਮਲ ਤੌਰ ’ਤੇ ਖ਼ਤਮ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਉਨ੍ਹਾਂ ਦੇ ਘਰ, ਆਂਢ-ਗੁਆਂਢ ਜਾਂ ਰਿਸ਼ਤੇਦਾਰੀ ’ਚ ਟੀਬੀ ਦੇ ਲੱਛਣਾਂ ਵਾਲਾ ਕੋਈ ਵਿਅਕਤੀ ਹੈ ਤਾਂ ਤੁਰੰਤ ਉਸ ਨੂੰ ਸਰਕਾਰੀ ਸਿਹਤ ਸੰਸਥਾ ਵਿਚ ਲਿਆ ਕੇ ਉਸ ਦੀ ਜਾਂਚ ਕਰਾਈ ਜਾਵੇ।

ਉਨ੍ਹਾਂ ਕਿਹਾ ਕਿ ਟੀਬੀ ਦਾ ਪੱਕਾ ਇਲਾਜ ਮੌਜੂਦ ਹੈ ਅਤੇ ਇਹ ਬੀਮਾਰੀ ਹੋਣ ’ਤੇ ਘਬਰਾਉਣ ਦੀ ਲੋੜ ਨਹੀਂ। ਹਰ ਸਰਕਾਰੀ ਸਿਹਤ ਸੰਸਥਾ ਵਿਚ ਡਾਟਸ ਪ੍ਰਣਾਲੀ ਰਾਹੀਂ ਇਸ ਦਾ ਬਿਲਕੁਲ ਮੁਫ਼ਤ ਇਲਾਜ ਹੁੰਦਾ ਹੈ। ਸਿਵਲ ਸਰਜਨ ਨੇ ਆਖਿਆ ਕਿ ਜਦ ਸਾਡੇ ਸਰੀਰ ਅੰਦਰ ਰੋਗਾਂ ਨਾਲ ਲੜਨ ਦੀ ਸ਼ਕਤੀ ਖ਼ਤਮ ਹੋ ਜਾਂਦੀ ਹੈ ਤਾਂ ਟੀ.ਬੀ. ਜਿਹੀ ਜਾਨਲੇਵਾ ਬੀਮਾਰੀ ਲੱਗਣ ਦੀ ਸੰਭਾਵਨਾ ਬਣ ਜਾਂਦੀ ਹੈ। 

ਇਹ ਬੀਮਾਰੀ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਕਿਸੇ ਵੀ ਸਮੇਂ ਹੋ ਸਕਦੀ ਹੈ। ਪੋਲੀਓ ਵਾਂਗ ਇਸ ਬੀਮਾਰੀ ਦਾ ਵੀ ਮੁਕੰਮਲ ਖ਼ਾਤਮਾ ਜ਼ਰੂਰੀ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਮਿਲ-ਜੁਲ ਕੇ ਇਸ ਬੀਮਾਰੀ ਨਾਲ ਲੜਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਵੀ ਟੀ.ਬੀ. ਦੇ ਲੱਛਣ ਦਿਸਦੇ ਹਨ ਤਾਂ ਤੁਰਤ ਮਾਹਰ ਡਾਕਟਰ ਕੋਲ ਪਹੁੰਚ ਕੇ ਜਾਂਚ ਕਰਵਾਈ ਜਾਵੇ ਕਿਉਂਕਿ ਸਮੇਂ ਸਿਰ ਹੋਈ ਜਾਂਚ ਬੀਮਾਰੀ ਨੂੰ ਗੰਭੀਰ ਹੋਣ ਤੋਂ ਰੋਕ ਸਕਦੀ ਹੈ।                                     

ਉਨ੍ਹਾਂ ਦਸਿਆ ਕਿ ਦੋ ਹਫ਼ਤਿਆਂ ਤੋਂ ਖਾਂਸੀ, ਵਜ਼ਨ ਘਟਣਾ, ਭੁੱਖ ਘੱਟ ਲੱਗਣੀ, ਬਲਗਮ ਵਿਚ ਖ਼ੂਨ ਆਉਣਾ, ਸ਼ਾਮ ਸਮੇਂ ਬੁਖ਼ਾਰ, ਥਕਾਵਟ ਮਹਿਸੂਸ ਹੋਣੀ, ਵਾਰ ਵਾਰ ਪਸੀਨਾ ਆਉਣਾ ਟੀਬੀ ਦੇ ਸੰਕੇਤ ਅਤੇ ਲੱਛਣ ਹੋ ਸਕਦੇ ਹਨ। ਇਸ ਮੌਕੇ ਮਾਤਾ ਸਾਹਿਬ ਕੌਰ ਅਤੇ ਸਰਸਵਤੀ ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਨੇ ਟੀਬੀ ਸਬੰਧੀ ਆਕਰਸ਼ਕ ਰੰਗੋਲੀ ਤੇ ਪੋਸਟਰ ਬਣਾਏl ਵਿਦਿਆਰਥੀਆਂ ਵਲੋਂ ਨੁਕੜ ਨਾਟਕ ਵੀ ਖੇਡਿਆ ਗਿਆ।

ਸਿਵਲ ਸਰਜਨ ਨੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ l ਸਮਾਗਮ ਵਿਚ ਸੀਨੀਅਰ ਮੈਡੀਕਲ ਅਫ਼ਸਰ ਡਾ. ਵਿਜੇ ਭਗਤ, ਜ਼ਿਲ੍ਹਾ ਟੀ. ਬੀ. ਅਫ਼ਸਰ ਡਾ. ਨਵਦੀਪ ਸਿੰਘ, ਡਾ. ਪਰਮਿੰਦਰਜੀਤ ਸਿੰਘ, ਟੀ. ਬੀ. ਕੌਂਸਲਰ ਸੰਧਿਆ ਸ਼ਰਮਾ, ਗ਼ੈਰ-ਸਰਕਾਰੀ ਸੰਸਥਾ ਟੀ. ਬੀ. ਅਲਰਟ ਇੰਡੀਆ ਦੇ ਇਮਤਿਆਜ਼ ਤੇ ਹੋਰ ਅਧਿਕਾਰੀ ਮੌਜੂਦ ਸਨ।