5 Dariya News

ਵਿਕਾਸ ਕਾਰਜਾਂ ਦੇ ਮੁਕੰਮਲ ਹੋਣ ’ਤੇ ਵਰਤੋਂ ਸਰਟੀਫਿਕੇਟ ਇਕ ਹਫ਼ਤੇ ਦੇ ਅੰਦਰ ਭੇਜਣੇ ਯਕੀਨੀ ਬਣਾਉਣ ਅਧਿਕਾਰੀ-ਡਿਪਟੀ ਕਮਿਸ਼ਨਰ ਬਲਦੀਪ ਕੌਰ

ਸ਼ਹਿਰਾਂ ਵਿਚੋਂ ਵੱਧ ਤੋਂ ਵੱਧ ਬੇਸਹਾਰਾ ਗਊਧੰਨ ਨੂੰ ਸਰਕਾਰੀ ਗਊਸ਼ਾਲਾ ਅੰਦਰ ਭੇਜਿਆ ਜਾਵੇ

5 Dariya News

ਮਾਨਸਾ 21-Mar-2023

ਜ਼ਿਲ੍ਹੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੇ ਮੁਕੰਮਲ ਹੋਣ ’ਤੇ ਸਬੰਧਤ ਵਿਭਾਗੀ ਅਧਿਕਾਰੀ ਵਰਤੋਂ ਸਰਟੀਫਿਕੇਟ ਇਕ ਹਫ਼ਤੇ ਦੇ ਅੰਦਰ ਭੇਜਣੇ ਯਕੀਨੀ ਬਣਾਉਣ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਸਥਾਨਕ ਬੱਚਤ ਭਵਨ ਵਿਖੇ ਵੱਖ ਵੱਖ ਵਿਭਾਗਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਮਹੀਨਾਵਾਰ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।

ਡਿਪਟੀ ਕਮਿਸ਼ਨਰ ਨੇ ਪਿੰਡ ਪੱਧਰ ’ਤੇ ਮਗਨਰੇਗਾ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਂਦਿਆਂ ਬਲਾਕ ਵਿਕਾਸ ਪੰਚਾਇਤ ਅਫ਼ਸਰਾਂ ਸਮੇਤ ਹੋਰਨਾ ਅਧਿਕਾਰੀਆਂ ਨੂੰ ਸਮਾਂਬੱਧ ਅਤੇ ਮਿਥੇ ਟੀਚੇ ਮੁਤਾਬਿਕ ਕੰਮ ਕਰਨ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ’ਤੇ ਆਪਣੇ ਪੱਧਰ ’ਤੇ ਮਗਨਰੇਗਾ ਸਟਾਫ ਸਮੇਤ ਕੰਮ ਦੀ ਗੁਣਵੱਤਾ ਦਾ ਨਿਰੀਖਣ ਕਰਨਾ ਯਕੀਨੀ ਬਣਾਇਆ ਜਾਵੇ। 

ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ ਅਤੇ ਸ਼ਹਿਰੀ) ਅਧੀਨ ਬਣ ਰਹੇ ਘਰਾਂ ਨੂੰ ਮੋਨੀਟਰ ਕੀਤਾ ਜਾਵੇ। ਅਧੂਰੇ ਪਏ ਘਰਾਂ ਦਾ ਜੋ ਕੰਮ ਬਾਕੀ ਹੈ ਉਸ ਸਬੰਧੀ ਲਾਭਪਾਤਰੀ ਨਾਲ ਤਾਲਮੇਲ ਕਰਦਿਆਂ ਉਸ ਨੂੰ ਪੂਰਾ ਕਰਵਾ ਕੇ ਰਿਪੋਰਟ ਭੇਜੀ ਜਾਵੇ।ਉਨ੍ਹਾਂ ਕਾਰਜਸਾਧਕ ਅਫ਼ਸਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸ਼ਹਿਰਾਂ ਵਿਚੋਂ ਵੱਧ ਤੋਂ ਵੱਧ ਬੇਸਹਾਰਾ ਗਊਧੰਨ ਨੂੰ ਸਰਕਾਰੀ ਗਊਸ਼ਾਲਾ ਅੰਦਰ ਭੇਜਿਆ ਜਾਵੇ ਤਾਂ ਜੋ ਸੜਕੀ ਹਾਦਸਿਆਂ ਤੋਂ ਬਚਾਅ ਕੀਤਾ ਜਾ ਸਕੇ। 

ਉਨ੍ਹਾਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਲਈ ਦੁਕਾਨਾਂ ’ਤੇ ਚੈਕਿੰਗ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਤੋਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਮਿਲਣ ਵਾਲੇ ਮਾਣਭੱਤੇ ਬਾਰੇ  ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਆਂਗਣਵਾੜੀਆਂ ਅਤੇ ਮਿਡ ਡੇਅ ਮੀਲ ਵਾਲੀ ਥਾਂ ’ਤੇ ਫੂਡ ਸੇਫਟੀ ਸਰਟੀਫਿਕੇਟ ਲਗਾਇਆ ਜਾਵੇ।

ਉਨ੍ਹਾਂ ਅਗਾਮੀ ਕਣਕ ਦੀ ਵਾਢੀ ਦੇ ਸੀਜ਼ਨ ਦੇ ਮੱਦੇਨਜ਼ਰ ਜ਼ਿਲ੍ਹਾ ਮੰਡੀ ਅਫ਼ਸਰ ਨੂੰ Çਲੰਕ ਅਤੇ ਪੰਚਾਇਤੀ ਸੜ੍ਹਕਾਂ ’ਤੇ ਹੋਏ ਨਾਜਾਇਜ਼ ਕਬਜ਼ਿਆਂ ਦੀ ਪਛਾਣ ਕਰਕੇ ਜਾਣਕਾਰੀ ਦੇਣ ਲਈ ਕਿਹਾ ਤਾਂ ਜੋ ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾ ਸਕੇ। ਉਨ੍ਹਾਂ ਪਸ਼ੂ ਪਾਲਣ ਵਿਭਾਗ ਪਾਸੋਂ ਪਸ਼ੂਆਂ ਵਿਚ ਬਿਮਾਰੀ ਦੀ ਰੋਕਥਾਮ ਲਈ ਲਗਾਈ ਜਾਂਦੀ ਵੈਕਸੀਨੇਸ਼ਨ ਬਾਰੇ ਜਾਣਕਾਰੀ ਲਈ।

ਡਿਪਟੀ ਕਮਿਸ਼ਨਰ ਨੇ ਪੰਜਾਬ ਗਰੀਵੈਂਸ ਪੋਰਟਲ ’ਤੇ ਵੱਖ ਵੱਖ ਵਿਭਾਗਾਂ ਦੀਆਂ ਸ਼ਿਕਾਇਤਾਂ ਬਾਰੇ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਪੋਰਟਲ ’ਤੇ ਪੈਂਡਿੰਗ ਸ਼ਿਕਾਇਤਾਂ ਦਾ ਸਮਾਂਬੱਧ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਜੋ ਸ਼ਿਕਾਇਤਾਂ ਲੰਬਿਤ ਹਨ ਉਨ੍ਹਾਂ ਦਾ ਯੋਗ ਪ੍ਰਣਾਲੀ ਮੁਤਾਬਿਕ ਕਾਰਵਾਈ ਕਰਦਿਆਂ ਤੁਰੰਤ ਨਿਪਟਾਰਾ ਕਰ ਦਿੱਤਾ ਜਾਵੇ। 

ਉਨ੍ਹਾਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਪਾਸੋਂ ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾਂ ਤਹਿਤ ਕੱਟੇ ਗਏ ਚਲਾਣ ਅਤੇ ਜਾਗਰੂਕਤਾ ਕੈਂਪਾਂ ਬਾਰੇ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਟੀ.ਬੈਨਿਥ, ਸਹਾਇਕ ਕਮਿਸ਼ਨਰ (ਜ) ਸ੍ਰੀ ਹਰਜਿੰਦਰ ਸਿੰਘ ਜੱਸਲ, ਡੀ.ਐਸ.ਪੀ (ਐਚ) ਪ੍ਰਿਤਪਾਲ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।