5 Dariya News

ਵਿਕਾਸ ਕਾਰਜਾਂ ਲਈ ਐਮ.ਪੀ. ਲੈਡ ਵਿੱਚੋਂ ਜਾਰੀ ਕੀਤੀਆਂ ਗ੍ਰਾਂਟਾਂ ਦੇ ਵਰਤੋਂ ਸਰਟੀਫਿਕੇਟ ਸਮੇਂ ਸਿਰ ਜਮ੍ਹਾਂ ਕਰਵਾਏ ਜਾਣ : ਡਾ: ਅਮਰ ਸਿੰਘ

ਮੈਂਬਰ ਲੋਕ ਸਭਾ ਡਾ: ਅਮਰ ਸਿੰਘ ਨੇ ਬੱਚਤ ਭਵਨ ਵਿਖੇ ਜ਼ਿਲ੍ਹਾ ਵਿਕਾਸ ਤਾਲਮੇਲ ਅਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਕੀਤੀ

5 Dariya News

ਫ਼ਤਹਿਗੜ੍ਹ ਸਾਹਿਬ 09-Mar-2023

ਸਮੂਹ ਅਧਿਕਾਰੀ ਜ਼ਿਲ੍ਹੇ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਐਮ.ਪੀ. ਲੈਡ ਫੰਡ ਵਿੱਚੋਂ ਜਾਰੀ ਕੀਤੀਆਂ ਗਈਆਂ ਗ੍ਰਾਟਾਂ ਦੇ ਵਰਤੋਂ ਸਰਟੀਫਿਕੇਟ ਸਮੇਂ ਸਿਰ ਜਮ੍ਹਾਂ ਕਰਵਾਉਣ ਨੂੰ ਯਕੀਨੀ ਬਣਾਉਣ ਤਾਂ ਜੋ ਵਿਕਾਸ ਕਾਰਜਾਂ ਲਈ ਫੰਡਾਂ ਦੀ ਘਾਟ ਨਾ ਹੋ ਸਕੇ। ਇਹ ਹਦਾਇਤਾਂ ਫ਼ਤਹਿਗੜ੍ਹ ਸਾਹਿਬ ਤੋਂ ਮੈਂਬਰ ਲੋਕ ਸਭਾ ਡਾ: ਅਮਰ ਸਿੰਘ ਨੇ ਬੱਚਤ ਭਵਨ ਵਿਖੇ ਜ਼ਿਲ੍ਹਾ ਵਿਕਾਸ ਤਾਲਮੇਲ ਅਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਦਿੱਤੀਆਂ। 

ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਲਈ ਜੋ ਗ੍ਰਾਟਾਂ ਜਾਰੀ ਕੀਤੀਆਂ ਜਾਂਦੀਆਂ ਹਨ ਉਨ੍ਹਾਂ ਦੇ ਵਰਤੋਂ ਸਰਟੀਫੇਕਟ ਜਮ੍ਹਾਂ ਹੋਣ ਉਪਰੰਤ ਹੀ ਅਗਲੀ ਗ੍ਰਾਂਟ ਮਿਲ ਸਕਦੀ ਹੈ ਇਸ ਲਈ ਸਮੂਹ ਅਧਿਕਾਰੀ ਵਰਤੋਂ ਸਰਟੀਫਿਕੇਟ ਸਮੇਂ ਸਿਰ ਜਮ੍ਹਾਂ ਜਰੂਰ ਕਰਵਾਉਣ।ਡਾ: ਅਮਰ ਸਿੰਘ ਨੇ ਕਿਹਾ ਕਿ ਸਿੱਖਿਆ ਤੇ ਸਿਹਤ ਦੋ ਮਹੱਤਵਪੂਰਨ ਖੇਤਰ ਹਨ ਜਿਨ੍ਹਾਂ ਤੋਂ ਬਿਨਾਂ ਸਮਾਜਿਕ ਵਿਕਾਸ ਸੰਭਵ ਨਹੀਂ ਹੋ ਸਕਦਾ। 

ਇਸ ਲਈ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਸਰਕਾਰ ਵੱਲੋਂ ਸਿੱਖਿਆ ਤੇ ਸਿਹਤ ਨੂੰ ਮੋਹਰੀ ਬਣਾਉਣ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਇੰਨ ਬਿੰਨ ਰੂਪ ਵਿੱਚ ਲਾਗੂ ਕਰਕੇ ਇਸ ਦਾ ਹਰੇਕ ਯੋਗ ਲਾਭਪਾਤਰੀ ਤੱਕ ਲਾਭ ਪਹੁੰਚਾਇਆ ਜਾਵੇ ਤਾਂ ਜੋ ਕੋਈ ਵੀ ਯੋਗ ਲਾਭਪਾਤਰ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਤੋਂ ਵਾਂਝਾ ਨਾ ਰਹੇ। 

ਉਨ੍ਹਾਂ ਭਰੂਣ ਹੱਤਿਆ ਬਾਰੇ ਹੋਰ ਜਾਗਰੂਕਤਾ ਫੈਲਾਉਣ ਬਾਰੇ ਵੀ ਅਧਿਕਾਰੀਆਂ ਨੂੰ ਕਿਹਾ ਕਿ ਤਾਂ ਜੋ ਲੜਕਿਆਂ ਤੇ ਲੜਕੀਆਂ ਦੇ ਜਨਮ ਦਰ ਵਿਚਲੇ ਗੈਪ ਨੂੰ ਦੂਰ ਕੀਤਾ ਜਾ ਸਕੇ। ਉਨ੍ਹਾਂ ਵੱਖ-ਵੱਖ ਵਿਭਾਗਾਂ ਦੀਆਂ ਪ੍ਰਾਪਤੀਆਂ ਨੂੰ ਵੇਖਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਦੀ ਅਗਵਾਈ ਹੇਠ ਸੁਚੱਜੀ ਟੀਮ ਦੀ ਸ਼ਲਾਘਾ ਕੀਤੀ।

ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ (ਗ੍ਰਾਮੀਣ) ਜ਼ਿਲ੍ਹੇ ਵਿੱਚ ਸਫਲਤਾ ਪੂਰਬਕ ਚੱਲ ਰਹੀ ਹੈ ਅਤੇ ਹੁਣ ਤੱਕ ਇਸ ਸਕੀਮ ਹੇਠ 2010 ਲਾਭਪਾਤਰਾਂ ਨੂੰ ਮਕਾਨ ਬਣਾਉਣ ਲਈ 9 ਕਰੋੜ 48 ਲੱਖ 78 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾ ਚੁੱਕੀ ਹੈ। 

ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿੱਚ ਮਗਨਰੇਗਾ ਸਕੀਮ ਅਧੀਨ 37335 ਜਾਬ ਕਾਰਡ ਧਾਰਕ 47339 ਰਜਿਸਟਰਡ ਵਰਕਰ ਹਨ ਜਿਨ੍ਹਾਂ ਵਿੱਚੋਂ ਚਾਲੂ ਵਿੱਤੀ ਸਾਲ ਦੌਰਾਨ 3434 ਵਰਕਰਾਂ ਨੂੰ 100 ਦਿਨ ਦਾ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਰਜਿਸਟਰਡ ਕਮਿਆਂ ਨੂੰ 100 ਦਿਨ ਦਾ ਰੋਜ਼ਗਾਰ ਮੁਹੱਈਆ ਕਰਵਾਉਣ ਵਿੱਚ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਪੰਜਾਬ ਭਰ ਵਿੱਚੋਂ ਪਹਿਲੇ ਨੰਬਰ ਤੇ ਆਉਂਦਾ ਹੈ।

ਪਰਨੀਤ ਸ਼ੇਰਗਿੱਲ ਨੇ ਹੋਰ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਝੂਲੇ, ਖੇਡਾਂ ਦਾ ਸਮਾਨ, ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ, ਸਿਵਲ ਵਰਕਸ, ਵਾਧੂ ਕਲਾਸ ਰੂਮ, ਦੇ ਵਿਦਿਆਰਥੀਆਂ ਨੂੰ ਮੁਫਤ ਵਰਦੀਆਂ, ਕਿਤਾਬਾਂ ਅਤੇ ਹੋਰ ਸਮੱਗਰੀ ਮੁਹੱਈਆ ਕਰਵਾਉਣ ਲਈ 6 ਕਰੋੜ 14 ਲੱਖ ਰੁਪਏ ਖਰਚ ਕੀਤੇ ਗਏ ਹਨ ਅਤੇ ਸਰਕਾਰੀ ਸਕੂਲਾਂ ਦੇ 36925 ਵਿਦਿਆਰਥੀਆਂ ਨੂੰ 6 ਕਰੋੜ 86 ਲੱਖ 25 ਹਜ਼ਾਰ ਰੁਪਏ ਖਰਚ ਕੇ ਮਿਡ ਡੇ ਮੀਲ ਅਧੀਨ ਖਾਣਾ ਮੁਹੱਈਆ ਕਰਵਾਇਆ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਮੈਂਬਰ ਲੋਕ ਸਭਾ ਡਾ: ਅਮਰ ਸਿੰਘ ਨੂੰ ਭਰੋਸਾ ਦਿਵਾਇਆ ਕੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਲਾਗੂ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਸਰਕਾਰ ਦੀਆਂ ਸਕੀਮਾਂ ਦਾ ਹਰੇਕ ਯੋਗ ਲਾਭਪਾਤਰੀ ਤੱਕ ਲਾਭ ਪਹੁੰਚਾਇਆ ਜਾਵੇਗਾ।

ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੋਹਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਿਨੇਸ਼ ਵਸ਼ਿਸ਼ਟ, ਐਸ.ਪੀ. ਦਿਗਵਿਜੈ ਕਪਿਲ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਹਰਪ੍ਰੀਤ ਸਿੰਘ ਅਟਵਾਲ, ਐਸ.ਡੀ.ਐਮ. ਬਸੀ ਪਠਾਣਾ ਅਸ਼ੋਕ ਕੁਮਾਰ, ਸਹਾਇਕ ਕਮਿਸ਼ਨਰ (ਜ) ਅਭਿਸ਼ੇਕ ਸ਼ਰਮਾ, ਸਿਵਲ ਸਰਜਨ ਡਾ: ਵਿਜੈ ਕੁਮਾਰ, ਜ਼ਿਲ੍ਹਾ ਮਾਲ ਅਫਸਰ ਸੰਦੀਪ ਸਿੰਘ, ਸਕੱਤਰ ਜ਼ਿਲ੍ਹਾ ਪ੍ਰੀਸ਼ਦ ਨਿਧੀ ਸਿਨਹਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।