ਸਿਵਲ ਸਰਜਨ ਨੇ ਐਚ.ਆਈ.ਵੀ. ਏਡਜ਼ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
5 Dariya News
ਸੰਗਰੂਰ 28-Feb-2023
ਪੰਜਾਬ ਸਰਕਾਰ ਵੱਲੋਂ ਜਨ ਜਾਗਰੂਕਤਾ ਮੁਹਿੰਮ 2022-23 ਤਹਿਤ ਅੱਜ ਸਿਵਲ ਹਸਪਤਾਲ ਸੰਗਰੂਰ ਤੋਂ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਐਚ.ਆਈ.ਵੀ/ਏਡਜ਼ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਇਸ ਮੌਕੇ ਉਨ੍ਹਾਂ ਕਿਹਾ ਕਿ ਐਚ.ਆਈ.ਵੀ. ਜਾਂ ਏਡਜ਼ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਇਹ ਵੈਨ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਜਾਵੇਗੀ।
ਉਨ੍ਹਾਂ ਕਿਹਾ ਕਿ ਜਾਗਰੂਕਤਾ ਵੈਨ ਜ਼ਰੀਏ ਲੋਕਾਂ ਨੂੰ ਐਲ.ਈ.ਡੀ. ਨਾਲ ਲੈਸ ਆਡੀਓ-ਵਿਜ਼ੂਅਲ ਜਾਗਰੂਕਤਾ ਫਿ਼ਲਮਾਂ ਪ੍ਰਦਰਸ਼ਿਤ ਕਰਨ ਦੇ ਨਾਲ-ਨਾਲ ਪ੍ਰਿੰਟ ਸਮੱਗਰੀ ਵੀ ਵੰਡੀ ਜਾਵੇਗੀ। ਇਸ ਤੋਂ ਇਲਾਵਾ ਐਚ.ਆਈ.ਵੀ. ਦੀ ਮੁਫ਼ਤ ਜਾਂਚ ਕਰਨ ਲਈ ਵੈਨ ਨਾਲ ਲੈਬ ਟੈਕਨੀਸ਼ੀਅਨ ਤੇ ਕਾਊਂਸਲਰ ਵੀ ਤਾਇਨਾਤ ਕੀਤੇ ਗਏ ਹਨ।
ਡਾ. ਪਰਮਿੰਦਰ ਕੌਰ ਨੇ ਕਿਹਾ ਕਿ ਐਚ.ਆਈ.ਵੀ. ਜਾਂ ਏਡਜ਼ ਤੋਂ ਬਚਾਅ ਦਾ ਸੌਖਾ ਰਾਹ ਇਸ ਬਾਰੇ ਸਹੀ ਜਾਣਕਾਰੀ ਹੋਣਾ ਹੀ ਹੈ ਕਿਉਂਕਿ ਇਸ ਦੀ ਰੋਕਥਾਮ ਤਾਂ ਕੀਤੀ ਜਾ ਸਕਦੀ ਹੈ ਪਰ ਇਸ ਦਾ ਇਲਾਜ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਵੈਨ ਜ਼ਿਲ੍ਹੇ ਵਿੱਚ 10 ਦਿਨ ਰਹੇਗੀ ਤੇ ਰੋਜ਼ਾਨਾ 5 ਪਿੰਡਾਂ ਵਿੱਚ ਜਾਵੇਗੀ।
ਇਸ ਤੋਂ ਇਲਾਵਾ ਹਰ ਰੋਜ਼ ਥਿਏਟਰ ਕਲਾਕਾਰਾਂ ਦੁਆਰਾ ਨੁੱਕੜ ਨਾਟਕ ਵੀ ਕੀਤੇ ਜਾਣਗੇ। ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਜਾਗਰੂਕਤਾ ਵੈਨ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਐਚ.ਆਈ.ਵੀ. ਬਾਰੇ ਪਤਾ ਲਗਾਉਣ ਲਈ ਆਪਣੀ ਜਾਂਚ ਜ਼ਰੂਰ ਕਰਾਉਣ।
ਇਸ ਮੌਕੇ ਜ਼ਿਲ੍ਹਾ ਏਡਜ਼ ਕੰਟਰੋਲ ਅਫਸਰ ਡਾ. ਵਿਕਾਸ ਧੀਰ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਇੰਦਰਜੀਤ ਸਿੰਗਲਾ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਬਲਜੀਤ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਡਾ. ਕ੍ਰਿਪਾਲ ਸਿੰਘ, ਮੈਡੀਕਲ ਅਫ਼ਸਰ ਡਾ. ਪਰਮਵੀਰ ਸਿੰਘ ਕਲੇਰ, ਡਾ. ਜੋਤੀ ਵਰਮਾ, ਆਈ.ਸੀ.ਟੀ.ਸੀ. ਕੌਂਸਲਰ ਰਜਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਿਰ ਸਨ।