5 Dariya News

ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਮਸੀਤਾਂ ਵਿਖੇ ਸੁਣੀਆਂ ਲੋਕ ਸਮੱਸਿਆਵਾਂ

ਅਧਿਕਾਰੀਆਂ ਨੂੰ ਉਹਨਾਂ ਦਾ ਹੱਲ ਜਲਦ ਤੋਂ ਜਲਦ ਕਰਨ ਦੇ ਦਿੱਤੇ ਨਿਰਦੇਸ਼

5 Dariya News

ਮਸੀਤਾਂ /ਸੁਲਤਾਨਪੁਰ ਲੋਧੀ 28-Feb-2023

ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਵਿਸ਼ੇਸ਼  ਸਾਰੰਗਲ ਨੇ ਅੱਜ ਸੁਲਤਾਨਪੁਰ ਲੋਧੀ ਨੇੜਲੇ ਪਿੰਡ ਮਸੀਤਾਂ ਵਿੱਚ ਲਗਾਏ ਗਏ ਕੈਂਪ ਦੌਰਾਨ ਲੋਕ ਦੀਆਂ ਸਮੱਸਿਆਵਾਂ ਸੁਣ ਕੇ ਸਬੰਧਿਤ ਅਧਿਕਾਰੀਆਂ ਨੂੰ ਉਹਨਾਂ ਦਾ ਹੱਲ ਜਲਦ ਤੋਂ ਜਲਦ ਕਰਨ ਦੇ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਪਿੰਡ ਵਾਸੀਆਂ ਨਾਲ ਸਿੱਧਾ ਰਾਬਤਾ ਕਾਇਮ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਵੱਲੋਂ ਵਿਕਾਸ ਕੰਮਾਂ ਅਤੇ ਲੋਕ ਭਲਾਈ ਯੋਜਨਾਵਾਂ ਨੂੰ ਹੋਰ ਅਸਰਦਾਰ ਤਰੀਕੇ ਨਾਲ ਲਾਗੂ ਕਰਕੇ ਉਹਨਾਂ ਦਾ ਲਾਭ ਹਰ ਲੋੜਵੰਦ ਤੱਕ ਪੁੱਜਦਾ ਕਰਨਾ ਯਕੀਨੀ ਬਣਾਇਆ ਜਾਵੇਗਾ। 

ਪਿੰਡ ਵਾਸੀਆਂ ਵੱਲੋਂ ਪਾਣੀ ਦੇ ਨਿਕਾਸ ਸਬੰਧੀ ਸਮੱਸਿਆਵਾਂ, ਚੌਂਕੀਦਾਰ ਦੀ ਭਰਤੀ, ਸਕੂਲ ਨੂੰ ਅੱਪਗ੍ਰੇਡ ਕਰਨ ਅਤੇ ਡਿਸਪੈਂਸਰੀ ਸਥਾਪਿਤ ਕਰਨ ਸਬੰਧੀ ਮੰਗਾਂ ਰੱਖੀਆ ਗਈਆਂ ਅਤੇ ਡਿਪਟੀ ਕਮਿਸ਼ਨਰ ਵੱਲੋਂ ਇਹਨਾਂ ਮੰਗਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਉਹਨਾਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਆਦੇਸ਼ ਦਿੱਤੇ ਕਿ ਪਿੰਡ ਵਿੱਚੋਂ ਗੰਦੇ ਪਾਣੀ ਦੇ ਨਿਕਾਸ ਲਈ ਤੁਰੰਤ ਅਸਟੀਮੇਟ ਕਰਕੇ ਤੁਰੰਤ ਕੰਮ ਸ਼ੁਰੂ ਕਰਵਾਇਆ ਜਾਵੇ। 

ਡਿਪਟੀ ਕਮਿਸ਼ਨਰ ਵੱਲੋਂ ਪਿੰਡ ਵਿੱਚ ਥਾਪਰ ਮਾਡਲ ਤਹਿਤ ਤਿਆਰ ਹੋਏ ਛੱਪੜ, ਆਂਗਣਵਾੜੀ ਕੇਂਦਰ ਅਤੇ ਨਵੇਂ ਉਸਾਰੇ ਜਾ ਰਹੇ ਪਾਰਕ ਦਾ ਵੀ ਮੌਕੇ ‘ਤੇ ਜਾ ਕੇ ਨਿਰੀਖਣ ਕੀਤਾ ਗਿਆ।ਇਸ ਮੌਕੇ ਉਹਨਾਂ ਲੋਕਾਂ ਨੂੰ ਪਾਣੀ ਦੀ ਸਾਂਭ-ਸੰਭਾਲ ਲਈ ਕਰਨ ਲਈ ਸੱਦਾ ਦਿੱਤਾ। ਉਨਾਂ ਆਂਗਣਵਾੜੀ ਕੇਂਦਰ ਵਿਖੇ ਖਾਧ ਪਦਾਰਥਾਂ ਦੀ ਸੰਭਾਲ਼ ਤੇ ਬੱਚਿਆਂ ਦੀ ਸਿਹਤ ਸੰਭਾਲ਼ ਲਈ ਕੀਤੇ ਯਤਨਾਂ ਦਾ ਵੀ ਮੁਲਾਂਕਣ ਕੀਤਾ । 

ਡਿਪਟੀ ਕਮਿਸ਼ਨਰ ਵੱਲੋਂ ਮਨਰੇਗਾ , ਸਿਹਤ ਸਹੂਲਤਾਂ ਤੇ ਲੋਕ ਭਲਾਈ ਦੀਆਂ ਯੋਜਨਾਵਾਂ ਦੇ ਲਾਭਾਂ ਬਾਰੇ ਲੋਕਾਂ ਨਾਲ ਗੱਲ-ਬਾਤ ਕੀਤੀ ਗਈ ਤੇ ਲੋੜ ਅਨੁਸਾਰ ਸੰਬੰਧਿਤ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪਰਮਜੀਤ ਕੌਰ  , ਐਸ ਡੀ ਐਮ ਚੰਦਰਾਜੋਤੀ , ਡੀ ਡੀ ਪੀ ਓ ਹਰਜਿੰਦਰ ਸਿੰਘ , ਗੁਰਪ੍ਰਤਾਪ ਸਿੰਘ ਤੇ ਪਿੰਡ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ ।