5 Dariya News

ਮੁੱਖ ਮੰਤਰੀ ਪੰਜਾਬ, ਸਾਕਾਰਾਤਮਕ ਤਬਦੀਲੀ ਲਿਆਉਣ ਲਈ ਦਿ੍ਰੜਤਾ ਨਾਲ ਮਿਹਨਤ ਕਰਨ ਵਾਲਾ ਇੱਕ ਦੂਰਅੰਦੇਸ਼ ਅਤੇ ਇਮਾਨਦਾਰ ਵਿਅਕਤੀ : ਡਾ. ਇੰਦਰਬੀਰ ਸਿੰਘ ਨਿੱਝਰ

ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਪ੍ਰਵਾਸੀ ਪੰਜਾਬੀਆਂ ਨੂੰ ਪਿੱਤਰੀ ਰਾਜ ਵਿੱਚ ਨਿਵੇਸ਼ ਕਰਨ ਦਾ ਦਿੱਤਾ ਸੱਦਾ

5 Dariya News

ਐਸ.ਏ.ਐਸ.ਨਗਰ (ਮੁਹਾਲੀ) 23-Feb-2023

ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੂਰਦਰਸ਼ੀ ਅਤੇ ਇਮਾਨਦਾਰ ਵਿਅਕਤੀ ਕਰਾਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਸੂਬੇ ਦੇ ਪੂਰਨ ਵਿਕਾਸ ਲਈ ਪੂਰੀ ਤਨਦੇਹੀ ਅਤੇ ਸੁਹਿਰਦਤਾ  ਨਾਲ ਆਪਣੀ ਵਚਨਬੱਧਤਾ ਨਿਭਾ ਰਹੇ ਹਨ।  ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਅਮਨ-ਕਾਨੂੰਨ, ਸਨਅਤੀਕਰਨ, ਲਾਜਿਸਟਿਕਸ, ਐਡਵੈਂਚਰ ਟੂਰਿਜ਼ਮ ਕੁਝ ਅਜਿਹੇ ਪ੍ਰਮੁੱਖ ਖੇਤਰ ਹਨ, ਜਿਨਾਂ ਉੱਤੇ ਮੌਜੂਦਾ ਸਰਕਾਰ ਦਾ ਧਿਆਨ  ਵਿਸ਼ੇਸ਼ ਤੌਰ ’ਤੇ ਕੇਂਦਰਿਤ ਹੈ।

5ਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ - 2023 ਦੇ ਪਹਿਲੇ ਦਿਨ ਇੱਥੇ ਇੰਡੀਅਨ ਸਕੂਲ ਆਫ ਬਿਜ਼ਨਸ ਵਿਖੇ ਯੂਨਾਈਟਿਡ ਕਿੰਗਡਮ - ਪਾਰਟਨਰ ਕੰਟਰੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ, ਮੰਤਰੀ ਨੇ ਯੂ.ਕੇ. ਵਿੱਚ ਵਸਦੇ ਪ੍ਰਵਾਸੀ ਪੰਜਾਬੀ ਭਾਈਚਾਰੇ ਨੂੰ ਆਪਣੀਆਂ ਜੜਾਂ ਵੱਲ ਮੁੜਨ ਅਤੇ ਰਾਜ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ, ਕਿਉਂਕਿ  ਮੌਜੂਦਾ ਦੌਰ ਵਿੱਚ ਪੰਜਾਬ ਵਿੱਚ ਕਾਰੋਬਾਰ ਕਰਨ ਲਈ ਸਭ ਤੋਂ ਵੱਧ ਅਨੁਕੂਲ ਮਾਹੌਲ ਉਪਲਬਧ ਹੈ । 

ਡਾ: ਨਿੱਝਰ ਨੇ ਕਿਹਾ ਕਿ “ਨਹਿਰਾਂ ਦੇ ਪਾਣੀ ਨੂੰ ਉਦਯੋਗਾਂ ਅਤੇ ਇੱਥੋਂ ਤੱਕ ਕਿ ਸ਼ਹਿਰਾਂ ਵਿੱਚ ਲਿਆਉਣ ਲਈ ਇੱਕ ਨਵੀਂ ਨੀਤੀ ਲਿਆਂਦੀ ਜਾ ਰਹੀ ਹੈ। ਇਸ ਤੋਂ ਇਲਾਵਾ 20 ਪੇਂਡੂ ਉਦਯੋਗਿਕ ਪਾਰਕ ਪਹਿਲਾਂ ਹੀ ਸਾਡੇ ਕੋਲ ਮੌਜੂਦ ਹਨ ਜੋ ਸਥਾਨਕ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਉਪਲਬਧ ਕਰਾਉਂਦੇ  ਹਨ’’। ਡਾ: ਨਿੱਝਰ ਨੇ ਅੱਗੇ ਕਿਹਾ ਕਿ ਯੂ.ਕੇ. ਅਤੇ ਪੰਜਾਬ ਸਰਕਾਰ ਲਈ ਇਹ ਭਾਈਵਾਲੀ ਬਹੁਤ ਲਾਭਕਾਰੀ ਸਿੱਧ ਹੋਵੇਗੀ।

ਯੂਕੇ-ਭਾਰਤ ਸਬੰਧਾਂ ਨੂੰ ਪੰਜਾਬ ‘ਤੇ ਕੇਂਦਰਿਤ ਕਰਨ ‘ਤੇ ਜ਼ੋਰ ਦਿੰਦੇ ਹੋਏ, ਭਾਰਤ ਵਿੱਚ ਯੂ.ਕੇ ਹਾਈ ਕਮਿਸ਼ਨ ਦੇ ਡਿਪਟੀ ਹਾਈ ਕਮਿਸ਼ਨਰ, ਕੈਰੋਲੀਨ ਰੋਵੇਟ ਨੇ ਨਵੀਨਤਮ ਸਿੱਖਿਆ, ਵਣਜ ਅਤੇ ਨਿਵੇਸ਼, ਜਲਵਾਯੂ ਪਰਿਵਰਤਨ ਅਤੇ ਸਟਾਰਟ ਅੱਪਸ ਨੂੰ ਦੋਵਾਂ ਦੇਸ਼ ਦੇ ਆਪਸੀ ਸਬੰਧਾਂ ਨੂੰ ਨਵੀਆਂ ਲੀਹਾਂ ਤੇ ਪਾਉਣ ਵਾਲੇ ਪ੍ਰਮੁੱਖ ਖੇਤਰਾਂ ਵਜੋਂ ਸੂਚੀਬੱਧ ਕੀਤਾ। 

ਯੂਕੇ ਵਿੱਚ 1.7 ਮਿਲੀਅਨ ਭਾਰਤੀ ਭਾਈਚਾਰੇ , ਜਿਨਾਂ ਵਿੱਚੋਂ ਅੱਧੇ ਪੰਜਾਬੀ ਹਨ, ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਡਿਪਟੀ ਹਾਈ ਕਮਿਸ਼ਨਰ ਨੇ ਚੰਡੀਗੜ੍ਹ ਤੋਂ ਬਰਮਿੰਘਮ ਅਤੇ ਲੰਡਨ ਲਈ ਉਡਾਣਾਂ ਸ਼ੁਰੂ ਕਰਨ ਤੋਂ ਇਲਾਵਾ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਪੱਧਰ ‘ਤੇ ਸਹਿਯੋਗ ਦਾ ਵੀ ਭਰੋਸਾ ਦਿੱਤਾ। ਡਿਪਟੀ ਹਾਈ ਕਮਿਸ਼ਨਰ ਨੇ ਅੱਗੇ ਕਿਹਾ, “ਆਈ.ਟੀ., ਪ੍ਰਾਹੁਣਚਾਰੀ ਅਤੇ ਸਿਹਤ ਖੇਤਰਾਂ ਵਿੱਚ ਮੁਹਾਰਤ ਰੱਖਣ ਵਾਲੀਆਂ ਚੰਡੀਗੜ ਦੀਆਂ ਕੰਪਨੀਆਂ ਨੇ ਵੀ ਯੂ.ਕੇ. ਵਿੱਚ ਭਾਰੀ ਨਿਵੇਸ਼ ਕੀਤਾ ਹੈ।’’

ਯੂਨਾਈਟਿਡ ਕਿੰਗਡਮ ਦੇ ਹਾਊਸ ਆਫ ਲਾਰਡਜ਼ ਦੇ ਮੈਂਬਰ ਲਾਰਡ ਦਿਲਜੀਤ ਰਾਣਾ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਉੱਤਰੀ ਆਇਰਲੈਂਡ ਦੀਆਂ 40 ਕੰਪਨੀਆਂ ਨੇ ਭਾਰਤ ਵਿੱਚ ਨਿਵੇਸ਼ ਕੀਤਾ ਹੈ, ਇਸ ਲਈ ਮੁੱਖ ਮੰਤਰੀ ਪੰਜਾਬ ਨੂੰ ਵਪਾਰ ਅਤੇ ਕਾਰੋਬਾਰ ਦੇ ਮੌਕਿਆਂ ਦੀ ਖੋਜ ਲਈ ਇੱਕ ਵਫਦ ਉੱਥੇ ਭੇਜਣਾ ਚਾਹੀਦਾ ਹੈ। 

ਸਭ ਤੋਂ ਪਹਿਲਾਂ ਵਪਾਰਕ ਸਬੰਧ ਬਣਾਉਣ ਨੂੰ ਇੱਕ ਮਜਬੂਤ ਪੱਖ ਦੱਸਦਿਆਂ, ਲਾਰਡ ਰਾਣਾ ਨੇ ਕਿਹਾ ਕਿ ਮਾਈਨਿੰਗ ਤੋਂ ਇਲਾਵਾ ਇੰਜੀਨੀਅਰਿੰਗ, ਖੇਤੀਬਾੜੀ, ਫੂਡ ਪ੍ਰੋਸੈਸਿੰਗ ਅਤੇ ਮੈਡੀਕਲ ਡਾਇਗਨੌਸਟਿਕਸ ਅਜਿਹੇ ਪ੍ਰਮੁੱਖ ਖੇਤਰ ਹਨ ਜਿਨ੍ਹਾਂ ਦਾ ਪੰਜਾਬ ਅਤੇ ਯੂਕੇ ਦੋਵਾਂ ਨੂੰ ਚੋਖਾ ਲਾਭ ਹੋ ਸਕਦਾ ਹੈ।ਇਸ ਤੋਂ ਪਹਿਲਾਂ ਪ੍ਰਵਾਸੀ ਭਾਰਤੀ ਮਾਮਲੇ, ਪੰਜਾਬ ਦੇ ਪ੍ਰਮੁੱਖ ਸਕੱਤਰ ਜੇ.ਐਮ. ਬਾਲਾਮੁਰੂਗਨ ਨੇ ਭਾਰਤ- ਯੂਕੇ ਸਬੰਧਾਂ ‘ਤੇ ਚਰਚਾ ਕਰਦੇ ਹੋਏ ਕਿਹਾ ਕਿ ਦੋਵਾਂ ਵਿਚਕਾਰ ਸਬੰਧ ਇਤਿਹਾਸਕ ਹਨ ਕਿਉਂਕਿ ਪੰਜਾਬੀ ਭਾਈਚਾਰਾ ਗਿਣਤੀ ਪੱਖੋਂ ਕੈਨੇਡਾ ਤੋਂ ਬਾਅਦ ਯੂ.ਕੇ. ਵਿੱਚ ਦੂਜੇ ਨੰਬਰ ‘ਤੇ ਹੈ ਅਤੇ ਯੂ.ਕੇ ਦੇ ਜੀ.ਡੀ.ਪੀ. ਵਿੱਚ ਇਸਦਾ 6 ਫੀਸਦ ਯੋਗਦਾਨ ਹੈ। 

ਉਨ੍ਹਾਂ ਅੱਗੇ ਦੱਸਿਆ ਕਿ ਯੂਕੇ ਭਾਰਤ ਵਿੱਚ 6ਵਾਂ ਸਭ ਤੋਂ ਵੱਡਾ ਨਿਵੇਸ਼ਕ ਹੈ ਜਿਸਦੀਆਂ ਦੇਸ਼ ਵਿੱਚ 600 ਕੰਪਨੀਆਂ ਕੰਮ ਕਰ ਰਹੀਆਂ ਹਨ।ਇਸ ਮੌਕੇ ‘ਤੇ ਰੌਕਪੇਕਰ ਲਿਮਟਿਡ ਦੇ ਐਮ.ਡੀ. ਰਜਨੀਸ਼ ਧਵਨ, ਸੀਈਓ (ਇੰਡੀਆ) ਜੇਨਸਸ ਏਬੀਐਸ ਡਾ. ਰਾਹੁਲ ਗੁਪਤਾ, ਇਨਕਿਊਬ ਦੇ ਸਹਿ-ਸੰਸਥਾਪਕ ਤਰਿਦਿਵੇਸ਼ ਬੰਦੋਪਾਧਿਆਏ, ਕੈਪੀਟਲ ਟੀਮ ਦੇ ਨਿਵੇਸ਼ ਲੀਡ ਸੁਮੇਸ਼ ਗਿਰਹੋਤਰਾ, ਮੁੱਖ ਕਾਰਜਕਾਰੀ ਅਧਿਕਾਰੀ ਬਿਕਲ ਰਾਜ ਸੰਧੂ,  ਈਬਡੋ ਐਨਰਜੀ ਸਿਸਟਮ ਯੂਕੇ ਦੇ ਮੈਨੇਜਿੰਗ ਡਾਇਰੈਕਟਰ ਪ੍ਰੋ. ਗੁਰਵਿੰਦਰ ਵਿਰਕ ਅਤੇ ਵੀਜ਼ਾ ਸਕੀਮ ਦੇ ਯੰਗ ਪ੍ਰੋਫੈਸ਼ਨਲ ਬੈਨ ਪਗਸਲੇ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ।ਇਸ ਮੌਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਡਿਪਟੀ ਹਾਈ ਕਮਿਸ਼ਨਰ ਕੈਰੋਲਿਨ ਰੋਵੇਟ ਦਾ ਸਨਮਾਨ ਵੀ ਕੀਤਾ।