5 Dariya News

ਇੰਡੋ ਤਿਬਤੀਅਨ ਬਾਰਡਰ ਪੁਲਿਸ ਫੋਰਸ ਦੀ 51ਵੀਂ ਬਟਾਲੀਅਨ ਨੇ ਸੇਵਾ ਮੁਕਤੀ ਦਿਵਸ ਮਨਾਇਆ

5 Dariya News

ਪਟਿਆਲਾ 10-Feb-2023

ਇੱਥੇ ਚੌਰਾ ਵਿਖੇ ਸਥਿਤ ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਫੋਰਸ ਦੀ 51ਵੀਂ ਬਟਾਲੀਅਨ ਨੇ 'ਰਿਟਾਇਰਮੈਂਟ ਡੇ' ਮਨਾਇਆ, ਇਸ ਮੌਕੇ 51ਵੀਂ ਬਟਾਲੀਅਨ ਦੇ ਏ.ਓ.ਆਰ ਖੇਤਰ ਵਿੱਚ ਆਉਂਦੇ ਫੋਰਸ ਦੇ ਸਾਰੇ ਸਾਬਕਾ ਅਧਿਕਾਰੀਆਂ, ਅਧੀਨ ਅਧਿਕਾਰੀਆਂ ਅਤੇ ਜਵਾਨਾਂ ਨੂੰ ਸੱਦਿਆ ਗਿਆ।

ਇਸ ਮੌਕੇ 51ਵੀਂ ਬਟਾਲੀਅਨ ਦੇ ਕਮਾਂਡੈਂਟ ਬ੍ਰਿਜ ਮੋਹਨ ਸਿੰਘ ਨੇ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਾਰ ਪਾ ਕੇ ਜੀ ਆਇਆਂ ਆਖਦਿਆਂ ਇਸ ਦਿਨ ਦਾ ਮਕਸਦ ਦੱਸਦਿਆਂ ਕਿਹਾ ਕਿ ਸਾਬਕਾ ਸੈਨਿਕਾਂ ਦੀਆਂ ਵੱਖ-ਵੱਖ ਸਮੱਸਿਆਵਾਂ ਨੂੰ ਜਾਣਨ ਸਮੇਤ ਮੌਜੂਦਾ ਸਮੇਂ ਤੋਂ ਇਲਾਵਾ, ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਫੋਰਸ ਵਿੱਚ ਕੰਮ ਕਰ ਰਹੇ ਅਧਿਕਾਰੀਆਂ ਨੂੰ ਸਾਬਕਾ ਸੈਨਿਕਾਂ/ਕਰਮਚਾਰੀਆਂ ਦੇ ਵੱਖ-ਵੱਖ ਤਜ਼ਰਬਿਆਂ ਤੋਂ ਜਾਣੂ ਕਰਵਾਇਆ ਜਾਣਾ ਹੈ।

ਇਸ ਦੌਰਾਨ ਸ਼ਹੀਦਾਂ ਦੀਆਂ ਵਿਧਵਾਵਾਂ ਸਵਰਗੀ ਭਗਵੰਤ ਸਿੰਘ (ਸਬ-ਇੰਸਪੈਕਟਰ/ਜੀ.ਡੀ.) ਦੀ ਧਰਮ ਪਤਨੀ ਕੁਲਵਿੰਦਰ ਕੌਰ, ਸਵਰਗੀ ਨਛੱਤਰ ਸਿੰਘ (ਹਵਲਦਾਰ/ਜੀ.ਡੀ.) ਦੀ ਪਤਨੀ ਬਲਬੀਰ ਕੌਰ ਅਤੇ ਸਵਰਗੀ ਵਰਿੰਦਰ ਸਿੰਘ (ਕਾਂਸਟੇਬਲ/ਜੀ.ਡੀ.) ਦੀ ਪਤਨੀ ਹਰਪ੍ਰੀਤ ਕੌਰ ਨੂੰ ਸਹਾਇਕ ਕਮਾਂਡੈਂਟ ਜੋਤਿਕਾ ਸ਼ਾਹ ਵੱਲੋਂ ਸ਼ਾਲ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

ਇਸ ਦੌਰਾਨ ਸਾਬਕਾ ਸੈਨਿਕਾਂ/ਕਰਮਚਾਰੀਆਂ ਤੇ ਪਰਿਵਾਰਾਂ ਨੇ ਬਟਾਲੀਅਨ ਦੇ ਅਧਿਕਾਰੀਆਂ, ਅਧੀਨ ਅਧਿਕਾਰੀਆਂ ਅਤੇ ਜਵਾਨਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਭਾਰਤ-ਤਿੱਬਤ ਸਰਹੱਦ 'ਤੇ ਕੰਮ ਕਰਨ ਦੇ ਆਪਣੇ ਅਨੁਭਵ ਅਤੇ ਸਮੱਸਿਆਵਾਂ ਨੂੰ ਸਾਂਝਾ ਕੀਤਾ। 

ਇਸ ਮੌਕੇ ਪਦਮ ਸ਼੍ਰੀ ਹਰਭਜਨ ਸਿੰਘ ਸਾਬਕਾ ਇੰਸਪੈਕਟਰ ਜਨਰਲ ਨੇ ਪ੍ਰੋਗਰਾਮ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਦਾ ਨਾਂ ਅੱਜ ਦੇਸ਼ ਦੀ ਹੀ ਨਹੀਂ, ਸਗੋਂ ਵਿਸ਼ਵ ਦੀਆਂ 'ਇਲੀਟ' ਫੋਰਸਾਂ ਵਿੱਚ ਸ਼ੁਮਾਰ ਹੈ ਅਤੇ ਅਸੀਂ ਇਸ 'ਕੁਲੀਨ ਫੋਰਸ ਦਾ ਹਿੱਸਾ ਰਹੇ ਹਾਂ।

ਇਸ ਮੌਕੇ ਹਾਜ਼ਰ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਫੋਰਸ ਵਿੱਚ ਤਾਇਨਾਤੀ ਦੌਰਾਨ ਆਪਣੇ ਤਜ਼ਰਬੇ ਸਾਂਝੇ ਕੀਤੇ। ਪ੍ਰੋਗਰਾਮ ਦੌਰਾਨ ਸਟੇਜ ਦਾ ਸੰਚਾਲਨ 51ਵੀਂ ਬਟਾਲੀਅਨ ਦੇ ਐਡਜੂਟੈਂਟ ਸ੍ਰੀ ਪੂਰਨ ਰਾਮ, ਡਿਪਟੀ ਕਮਾਂਡੈਂਟ ਅਤੇ ਇੰਸਪੈਕਟਰ ਹਿੰਦੀ ਅਨੁਵਾਦਕ ਸੁਨੀਲ ਕੁਮਾਰ ਨੇ ਕੀਤਾ।

ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ, ਜਿਸ ਵਿੱਚ ਹਿਮਵੀਰ ਵੀਰਾਂਗਣਾਂ ਅਤੇ ਹਿਮਵੀਰਾਂ ਨੇ ਕ੍ਰਮਵਾਰ ਉੱਤਰਾਖੰਡ ਰਾਜ ਦੇ ਲੋਕ ਗੀਤ ਅਤੇ ਪੰਜਾਬ ਦੇ ਪ੍ਰਸਿੱਧ ਭੰਗੜਾ ਨਾਚ ਦੀਆਂ ਰੰਗਾਰੰਗ ਅਤੇ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ।ਇਸ ਦੌਰਾਨ ਧੰਨਵਾਦ ਦਾ ਮਤਾ ਸ਼੍ਰੀ ਸਤਵਿੰਦਰ ਸਿੰਘ, ਡਿਪਟੀ ਕਮਾਂਡੈਂਟ/ਜੀ.ਡੀ. ਨੇ ਪੇਸ਼ ਕੀਤਾ।

ਪ੍ਰੋਗਰਾਮ ਦੌਰਾਨ ਆਈ.ਟੀ.ਬੀ.ਪੀ ਦੇ ਪਦਮ ਸ਼੍ਰੀ ਹਰਭਜਨ ਸਿੰਘ, ਸਾਬਕਾ ਇੰਸਪੈਕਟਰ ਜਨਰਲ ਡੀ.ਐਸ. ਚੱਢਾ, ਸਾਬਕਾ ਡਿਪਟੀ ਇੰਸਪੈਕਟਰ ਜਨਰਲ ਏ.ਐਸ. ਛੀਨਾ, ਸਾਬਕਾ ਡਿਪਟੀ ਇੰਸਪੈਕਟਰ ਜਨਰਲ ਤ੍ਰਿਲੋਕ ਸਿੰਘ, ਸਾਬਕਾ ਡਿਪਟੀ ਕਮਾਂਡੈਂਟ ਬਲਵਿੰਦਰ ਸਿੰਘ ਭੰਗੂ, ਸਾਬਕਾ ਸਹਾਇਕ ਕਮਾਂਡੈਂਟ ਤੋਂ ਇਲਾਵਾ ਵੱਖ-ਵੱਖ ਸੇਵਾਮੁਕਤ ਅਧਿਕਾਰੀ ਤੇ ਪਰਿਵਾਰ, ਸ਼ਹੀਦਾਂ ਦੀਆਂ ਆਸ਼ਰਿਤ ਔਰਤਾਂ, ਡਾ. ਪ੍ਰਵੀਨ ਕੁਮਾਰੀ, 51ਵੀਂ ਬਟਾਲੀਅਨ ਦੇ ਐਸ.ਐਮ.ਓ. (ਸੀਨੀਅਰ ਮੈਡੀਕਲ ਅਫ਼ਸਰ), ਰਵਿੰਦਰ ਨੇਗੀ, ਅਸਿਸਟੈਂਟ ਕਮਾਂਡੈਂਟ/ਜੀ.ਡੀ., ਜੋਤਿਕਾ ਸ਼ਾਹ, ਸਹਾਇਕ ਕਮਾਂਡੈਂਟ/ਜੀ.ਡੀ., ਪਾਟਿਲ ਸ਼ਰਦ ਮੱਕਨ, ਅਸਿਸਟੈਂਟ ਕਮਾਂਡੈਂਟ/ਜੀ.ਡੀ. ਤੇ ਅਧੀਨ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਜਵਾਨ ਹਾਜ਼ਰ ਸਨ। ਇਹ ਜਾਣਕਾਰੀ ਬਟਾਲੀਅਨ ਪਬਲਿਕ ਰਿਲੇਸ਼ਨ ਸੈੱਲ ਵਿੱਚ ਤਾਇਨਾਤ ਇੰਸਪੈਕਟਰ ਹਿੰਦੀ ਅਨੁਵਾਦਕ ਸੁਨੀਲ ਕੁਮਾਰ ਨੇ ਦਿੱਤੀ।