ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਮਾਲ ਅਫ਼ਸਰਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ
ਮਾਲ ਵਿਭਾਗ ਨਾਲ ਸਬੰਧਤ ਲੰਬਿਤ ਕੇਸ ਤੈਅ ਸਮੇਂ 'ਚ ਨਿਪਟਾਏ ਜਾਣ : ਸਾਕਸ਼ੀ ਸਾਹਨੀ
5 Dariya News
ਪਟਿਆਲਾ 10-Feb-2023
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਪਟਿਆਲਾ ਜ਼ਿਲ੍ਹੇ ਦੇ ਮਾਲ ਅਫ਼ਸਰਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਦਿਆਂ ਨਿਰਦੇਸ਼ ਦਿੱਤੇ ਕਿ ਮਾਲ ਵਿਭਾਗ ਦੇ ਅਧਿਕਾਰੀ ਲੰਬਿਤ ਜ਼ਮੀਨੀ ਤਕਸੀਮ, ਪੈਮਾਇਸ਼, ਖਸਰਾ- ਗਿਰਦਾਵਰੀ ਤੇ ਨੰਬਰਦਾਰੀ ਦੇ ਕੇਸਾਂ ਨੂੰ ਤੈਅ ਸਮੇਂ 'ਚ ਨਿਪਟਾਉਣ।
ਡਿਪਟੀ ਕਮਿਸ਼ਨਰ ਨੇ ਮਹੀਨਾਵਾਰ ਕਾਰਗੁਜ਼ਾਰੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਤਕਸੀਮ, ਖਸਰਾਂ ਤੇ ਗਿਰਦਾਵਰੀ ਦੇ ਕੇਸਾਂ ਨੂੰ ਪਹਿਲ ਦੇ ਆਧਾਰ 'ਤੇ ਨਿਪਟਾਇਆ ਜਾਵੇ ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਕੇਸ ਜ਼ਿਆਦਾ ਪੁਰਾਣਾ ਪੇਂਡਿੰਗ ਨਾ ਰਹੇ। ਉਨ੍ਹਾਂ ਤਹਿਸੀਲਦਾਰ ਪਟਿਆਲਾ ਤੇ ਨਾਇਬ ਤਹਿਸੀਲਦਾਰ ਵੱਲੋਂ ਰਿਕਵਰੀ ਦੇ ਕੇਸਾਂ ਦਿਖਾਈ ਬਿਹਤਰ ਕਾਰਗੁਜ਼ਾਰੀ ਲਈ ਸ਼ਲਾਘਾ ਕੀਤੀ।
ਇਸ ਦੌਰਾਨ ਸਾਰੇ ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ ਨੂੰ ਆਦੇਸ਼ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਮੀਨੀ ਰਿਕਾਰਡ ਅਤੇ ਮਾਲ ਵਿਭਾਗ ਨਾਲ ਜੁੜੇ ਅਤੇ ਲੰਬਿਤ ਕੰਮਾਂ ਸਮੇਤ ਵੱਖ-ਵੱਖ ਕਾਰਪੋਰੇਸ਼ਨਾਂ, ਸਟੈਂਪ ਡਿਊਟੀ ਤੇ ਰਜਿਸਟ੍ਰੇਸ਼ਨ ਆਦਿ ਦੀ ਬਕਾਇਆ ਮਾਲੀਆ ਰਿਕਵਰੀ ਨੂੰ ਪਹਿਲ ਦੇ ਆਧਾਰ 'ਤੇ ਮੁਕੰਮਲ ਕੀਤਾ ਜਾਵੇ।
ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ ਨੇ ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਜ਼ਿਲ੍ਹੇ ਦੇ ਮਾਲ ਅਫ਼ਸਰਾਂ ਦੀ ਕਾਰਗੁਜ਼ਾਰੀ ਬਾਰੇ ਦੱਸਿਆ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ, ਸਹਾਇਕ ਕਮਿਸ਼ਨਰ (ਯੂ.ਟੀ.) ਅਕਸ਼ਿਤਾ ਗੁਪਤਾ, ਐਸ ਡੀ ਐਮਜ ਡਾ. ਇਸਮਤ ਵਿਜੇ ਸਿੰਘ, ਚਰਨਜੀਤ ਸਿੰਘ, ਡਾ. ਸੰਜੀਵ ਕੁਮਾਰ, ਦਮਨਦੀਪ ਕੌਰ, ਡੀ.ਡੀ.ਐਫ ਪ੍ਰਿਆ ਸਿੰਘ ਤੋਂ ਇਲਾਵਾ ਜ਼ਿਲ੍ਹੇ ਦੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਆਦਿ ਵੀ ਮੌਜੂਦ ਸਨ। ਫ਼ੋਟੋ ਕੈਪਸ਼ਨ:ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਮਾਲ ਮਹਿਕਮੇ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।