ਆਮ ਆਦਮੀ ਕਲੀਨਿਕਾਂ ਦਾ ਮਰੀਜਾਂ ਨੂੰ ਮਿਲਿਆ ਵੱਡਾ ਲਾਭ, ਓ.ਪੀ.ਡੀ. ਵਧੀ : ਸਾਕਸ਼ੀ ਸਾਹਨੀ
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ 'ਚ ਸਿਹਤ ਸੇਵਾਵਾਂ ਦੀ ਸਮੀਖਿਆ
5 Dariya News
ਪਟਿਆਲਾ 10-Feb-2023
ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ 'ਚ ਸਿਹਤ ਸੇਵਾਵਾਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਜ਼ਿਲ੍ਹੇ 'ਚ ਖੁੱਲ੍ਹੇ 40 ਆਮ ਆਦਮੀ ਕਲੀਨਿਕਾਂ ਦਾ ਮਰੀਜਾਂ ਨੂੰ ਵੱਡਾ ਲਾਭ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੇਂ ਬਣੇ 35 ਆਮ ਆਦਮੀ ਕਲੀਨਿਕਾਂ ਤੋਂ ਪਹਿਲਾਂ ਪੀ.ਐਚ.ਸੀ ਵਿਖੇ ਮਰੀਜਾਂ ਦੀ ਓ.ਪੀ.ਡੀ. 600 ਦੇ ਕਰੀਬ ਪ੍ਰਤੀ ਦਿਨ ਦਰਜ ਕੀਤੀ ਗਈ ਸੀ ਜਦਕਿ 27 ਜਨਵਰੀ ਤੋਂ ਬਾਅਦ ਓ.ਪੀ.ਡੀ. 'ਚ ਮਰੀਜਾਂ ਦੀ ਗਿਣਤੀ 1329 ਪ੍ਰਤੀ ਦਿਨ ਹੋ ਗਈ ਹੈ।
ਉਨ੍ਹਾਂ ਦੇ ਨਾਲ ਵੀ ਮੌਜੂਦ ਏ.ਡੀ.ਸੀ. ਦਿਹਾਤੀ ਵਿਕਾਸ ਈਸ਼ਾ ਸਿੰਘਲ ਸਨ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਿਵਲ ਸਰਜਨ ਡਾ. ਦਲਬੀਰ ਕੌਰ ਸਮੇਤ ਸਮੂਹ ਐਸ.ਐਮ.ਓਜ਼ ਨੂੰ ਹਦਾਇਤ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਨਿਰਦੇਸ਼ਾ ਮੁਤਾਬਕ ਮਰੀਜਾਂ ਨੂੰ ਬਿਹਤਰ ਸਿਹਤ ਸੇਵਾਵਾਂ ਉਨ੍ਹਾਂ ਦੇ ਘਰਾਂ ਨੇੜੇ ਹੀ ਪ੍ਰਦਾਨ ਕਰਨ 'ਚ ਕੋਈ ਢਿੱਲਮੱਠ ਨਾ ਵਰਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਗਰਭਵਤੀ ਮਹਿਲਾਵਾਂ ਦੀ ਨਿਯਮਤ ਤੌਰ 'ਤੇ ਸਿਹਤ ਜਾਂਚ ਕੀਤੇ ਜਾਣ ਸਮੇਤ ਸੰਭਾਵਤ ਵੱਧ ਖ਼ਤਰੇ ਵਾਲੀਆਂ ਗਰਭਵਤੀ ਮਹਿਲਾਵਾਂ ਸਮੇਤ ਜੱਚਾ ਤੇ ਬੱਚਾ ਨੂੰ ਵਿਸ਼ੇਸ਼ ਤਵੱਜੋ ਦੇਣ ਦੀ ਹਦਾਇਤ ਕੀਤੀ। ਉਨ੍ਹਾਂ ਨੇ ਲਿੰਗ ਅਨੁਪਾਤ ਘਟਾਉਣ ਲਈ ਉਪਰਾਲੇ ਕਰਨ ਸਮੇਤ ਗਰੀਬਾਂ, ਔਰਤਾਂ ਤੇ ਬੱਚਿਆਂ ਨੂੰ ਬਰਾਬਰ ਤੇ ਸੁਚਾਰੂ ਜਵਾਬਦੇਹ ਤੇ ਕਾਰਗਰ ਮੁਢਲੀ ਸਿਹਤ ਦੇਖਭਾਲ ਪ੍ਰਦਾਨ ਕਰਨ ਲਈ ਉਪਰਾਲੇ ਕਰਨ ਲਈ ਆਖਿਆ।
ਸਾਕਸ਼ੀ ਸਾਹਨੀ ਨੇ ਨਸ਼ਾ ਮੁਕਤੀ ਖੇਤਰ 'ਚ ਓਟ ਸੈਂਟਰਾਂ, ਨਸ਼ਾ ਮੁਕਤੀ ਕੇਂਦਰਾਂ, ਤੰਦਰੁਸਤ ਪੰਜਾਬ ਸਿਹਤ ਕੇਂਦਰ, ਮੁੱਖ ਮੰਤਰੀ ਕੈਂਸਰ ਰਾਹਤ ਕੋਸ਼, ਆਰ.ਬੀ.ਐਸ.ਕੇ., ਨੈਸ਼ਨਲ ਵੈਕਟਰ ਬੋਰਨ ਡਿਸੀਜ਼, ਟੀ.ਬੀ. ਕੰਟਰੋਲ ਪ੍ਰੋਗਰਾਮ, ਜਨ ਔਸ਼ਧੀ, ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਟੀਕਾਕਰਨ, ਜਨਨੀ ਸੁਰੱਖਿਆ ਯੋਜਨਾ, ਮੋਬਾਇਲ ਮੈਡੀਕਲ ਯੂਨਿਟ ਆਦਿ ਸਕੀਮਾਂ ਦਾ ਵੀ ਜਾਇਜ਼ਾ ਲਿਆ।