5 Dariya News

ਵਿਧਾਇਕਾ ਮਾਣੂੰਕੇ ਵੱਲੋਂ ਲਾਲਾ ਲਾਜਪਤ ਰਾਏ ਭਵਨ ਦੇ ਨਿਰਮਾਣ ਦਾ ਉਦਘਾਟਨ

ਅਕਾਲੀ-ਕਾਂਗਰਸ ਦੀਆਂ ਸਰਕਾਰਾਂ ਨੇ ਲਾਲਾ ਜੀ ਦੇ ਜੱਦੀ ਸ਼ਹਿਰ ਨੂੰ ਹਮੇਸ਼ਾ ਅਣਗੌਲਿਆਂ ਕੀਤਾ - ਬੀਬੀ ਮਾਣੂੰਕੇ

5 Dariya News

ਜਗਰਾਉਂ 09-Feb-2023

ਦੇਸ਼ ਦੀ ਅਜ਼ਾਦੀ ਦੇ ਸੰਗਰਾਮ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੇ ਜੱਦੀ ਸ਼ਹਿਰ ਨੂੰ ਰੁਸ਼ਨਾਉਣ ਅਤੇ ਉਹਨਾਂ ਦੀ ਯਾਦ ਵਿੱਚ ਜਗਰਾਉਂ ਵਿਖੇ ਭਵਨ ਬਨਾਉਣ ਲਈ ਲੰਮੇ ਸਮੇਂ ਤੋਂ ਯਤਨ ਕਰ ਰਹੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਮਿਹਨਤ ਰੰਗ ਲਿਆਉਣ ਲੱਗੀ ਹੈ, ਜਿਸ ਲਈ ਪੰਜਾਬ ਸਰਕਾਰ ਵੱਲੋਂ 1 ਕਰੋੜ 37 ਲੱਖ 68 ਹਜ਼ਾਰ ਰੁਪਏ ਦੀ ਗਰਾਂਟ ਜ਼ਾਰੀ ਕਰ ਦਿੱਤੀ ਗਈ ਹੈ ਤੇ ਜਗਰਾਉਂ ਦੇ ਅੱਡਾ ਰਾਏਕੋਟ ਨੇੜੇ ਲਾਲਾ ਲਾਜਪਤ ਰਾਏ ਭਵਨ ਦਾ ਨਿਰਮਾਣ ਕਾਰਜ ਸ਼ੁਰੂ ਵੀ ਹੋ ਗਿਆ ਹੈ। 

ਜਿਸ ਦਾ ਉਦਘਾਟਨ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਪ੍ਰੋਫੈਸਰ ਸੁਖਵਿੰਦਰ ਸਿੰਘ ਵੱਲੋਂ ਅੱਜ ਰੀਬਨ ਕੱਟ ਕੇ ਰਸਮੀਂ ਤੌਰ ਤੇ ਕੀਤਾ ਗਿਆ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਬੀਬੀ ਮਾਣੂੰਕੇ ਨੇ ਦੱਸਿਆ ਕਿ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸ਼ਹੀਦਾਂ ਦੇ ਸਨਮਾਨ ਵਿੱਚ ਉਹਨਾਂ ਦੀਆਂ ਯਾਦਗਾਰਾਂ ਉਸਾਰਨ ਦੀ ਭਾਵਨਾਂ ਰੱਖਦੀ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਸ਼ਹੀਦਾਂ ਤੋਂ ਮਾਰਗ ਦਰਸ਼ਨ ਲਵੇ ਅਤੇ ਨਵੀਂ ਪੀੜ੍ਹੀ ਅੰਦਰ ਰਾਸ਼ਟਰਵਾਦੀ ਭਾਵਨਾਂ ਪੈਦਾ ਹੋ ਸਕੇ। 

ਉਹਨਾਂ ਦੱਸਿਆ ਕਿ ਸੰਗਰਾਮੀ ਲਹਿਰ ਦੇ ਮਹਾਨ ਯੋਧੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੀ ਯਾਦ ਵਿੱਚ ਉਹਨਾਂ ਦੇ ਜੱਦੀ ਸ਼ਹਿਰ ਵਿਖੇ ਭਵਨ ਉਸਾਰਨ ਲਈ ਪੰਜਾਬ ਸਰਕਾਰ ਵੱਲੋਂ ਜਾਰੀ 1 ਕਰੋੜ 37 ਲੱਖ 68 ਹਜ਼ਾਰ ਰੁਪਏ ਦੇ ਲਗਭਗ ਜਾਰੀ ਗਰਾਂਟ ਨਾਲ ਛੇ ਮਹੀਨੇ ਦੇ ਅੰਦਰ ਅੰਦਰ ਭਵਨ ਬਣਕੇ ਤਿਆਰ ਹੋਵੇਗਾ, ਜਿਸ ਵਿੱਚ 70 ਫੁੱਟ ਲੰਮਾ ਅਤੇ 40 ਫੁੱਟ ਚੌੜਾ ਸ਼ਾਨਦਾਰ ਹਾਲ ਉਸਾਰਿਆ ਜਾਵੇਗਾ ਤਾਂ ਜੋ ਇਲਾਕੇ ਦੇ ਲੋਕ ਉਸ ਖੁੱਲੇ ਹਾਲ ਵਿੱਚ ਆਪਣੇ ਸਮਾਗਮ ਵੀ ਕਰਵਾ ਸਕਣਗੇ। 

ਉਹਨਾਂ ਆਖਿਆ ਕਿ ਲਾਲਾ ਲਾਜਪਤ ਰਾਏ ਦਾ ਜੱਦੀ ਸ਼ਹਿਰ ਜਗਰਾਉਂ ਹੈ ਪਰੰਤੂ ਅਕਾਲੀ-ਕਾਂਗਰਸੀਆਂ ਦੀਆਂ ਸਰਕਾਰਾਂ ਨੇ ਲਾਲਾ ਜੀ ਦੇ ਜੱਦੀ ਸ਼ਹਿਰ ਦਾ ਵਿਕਾਸ ਕਰਨ ਦੀ ਬਜਾਇ ਉਹਨਾਂ ਦੇ ਨਾਨਕੇ ਪਿੰਡ ਢੁੱਡੀਕੇ ਨੂੰ ਹੀ ਤਵੱਜੋਂ ਦਿੱਤੀ ਹੈ ਅਤੇ ਲਾਲਾ ਜੀ ਦੇ ਜੱਦੀ ਸ਼ਹਿਰ ਨੂੰ ਹਮੇਸ਼ਾ ਅਣਗੌਲਿਆ ਹੀ ਰੱਖਿਆ ਹੈ। ਹੁਣ ਪੰਜਾਬ ਵਿੱਚ ਆਮ ਲੋਕਾਂ ਦੀ ਸਰਕਾਰ ਬਣ ਚੁੱਕੀ ਹੈ ਅਤੇ ਜਗਰਾਉਂ ਹਲਕੇ ਦਾ ਵਿਕਾਸ ਵੀ ਸ਼ੁਰੂ ਹੋ ਗਿਆ ਹੈ।

ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਉਹਨਾਂ ਵੱਲੋਂ ਵਿਰੋਧੀ ਧਿਰ ਵਿੱਚ ਹੁੰਦੇ ਹੋਏ ਆਪਣੇ ਪਿਛਲੇ ਕਾਰਜਕਾਲ ਦੌਰਾਨ ਵੀ ਭਾਵੇਂ ਜਗਰਾਉਂ ਹਲਕੇ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਅਤੇ ਪ੍ਰੋਜੈਕਟ ਲਿਆਂਦੇ ਗਏ ਸਨ, ਪਰੰਤੂ ਗੰਧਲੀ ਸਿਆਸਤ ਨੇ ਉਹਨਾਂ ਨੂੰ ਕੁੱਝ ਵੀ ਕਰਨ ਨਹੀਂ ਦਿੱਤਾ। ਉਹਨਾਂ ਆਖਿਆ ਕਿ ਲੋਕਾਂ ਨੂੰ ਉਹਨਾਂ ਨੂੰ ਦੂਜੀ ਵਾਰ ਵਿਸ਼ਵਾਸ਼ ਕਰਕੇ 40 ਹਜ਼ਾਰ ਦੇ ਲਗਭਗ ਵੱਡੀ ਲੀਡ ਨਾਲ ਜੇਤੂ ਬਣਾਇਆ ਹੈ ਅਤੇ ਉਹ ਲੋਕਾਂ ਦਾ ਵਿਸ਼ਾਵਾਸ਼ ਟੁੱਟਣ ਨਹੀਂ ਦੇਣਗੇ ਤੇ ਜਗਰਾਉਂ ਹਲਕੇ ਅੰਦਰ ਜੰਗੀ ਪੱਧਰ 'ਤੇ ਵਿਕਾਸ ਕਰਵਾਏ ਜਾਣਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪੀ.ਡਬਲਿਯੂ.ਡੀ. ਵਿਭਾਗ ਦੇ ਐਕਸੀਅਨ ਇੰਜ:ਪ੍ਰਦੀਪ ਕੁਮਾਰ, ਐਸ.ਡੀ.ਓ.ਇੰਜ:ਸਹਿਜਪ੍ਰੀਤ ਸਿੰਘ ਮਾਂਗਟ, ਕਰਮਜੀਤ ਸਿੰਘ ਕਮਾਲਪੁਰਾ ਜੇਈ, ਵੀਰਪਾਲ ਕੌਰ ਜੇਈ, ਜਸਕਰਨ ਕੌਰ ਜੇਈ, ਆਰ.ਐਸ.ਬਿਲਡਰਜ਼ ਲੁਧਿਆਣਾ, ਟਰੱਕ ਯੂਨੀਅਨ ਜਗਰਾਉਂ ਦੇ ਪ੍ਰਧਾਨ ਪ੍ਰੀਤਮ ਸਿੰਘ ਅਖਾੜਾ, ਰਛਪਾਲ ਸਿੰਘ ਚੀਮਨਾਂ, ਕਾਮਰੇਡ ਮੇਹਰ ਸਿੰਘ, ਕਾਮਰੇਡ ਨਿਰਮਲ ਸਿੰਘ, ਗੁਰਪ੍ਰੀਤ ਸਿੰਘ ਨੋਨੀ, ਮਾਲਵੀਰ ਸਿੰਘ, ਕਰਤਾਰ ਸਿੰਘ  ਸਵੱਦੀ, ਸਾਜਨ ਮਲਹੋਤਰਾ, ਲਖਵੀਰ ਸਿੰਘ ਲੱਖਾ, ਸੋਨੀ ਕਾਉਂਕੇ, ਸਰਪੰਚ ਗੁਰਨਾਮ ਸਿੰਘ ਭੈਣੀ, ਇੰਦਰਜੀਤ ਸਿੰਘ ਲੰਮੇ, ਕਾਕਾ ਕੋਠੇ ਅੱਠ ਚੱਕ ਆਦਿ ਵੀ ਹਾਜ਼ਰ ਸਨ।