ਡਿਪਟੀ ਕਮਿਸ਼ਨਰ ਵੱਲੋਂ ਹੋਰ ਨਵੇਂ ਆਮ ਆਦਮੀ ਕਲੀਨਿਕ ਬਣਾਉਣ ਲਈ ਪਟਿਆਲਾ ਵਿਖੇ ਪ੍ਰਸਤਾਵਤ ਥਾਵਾਂ ਦਾ ਜਾਇਜ਼ਾ
5 Dariya News
ਪਟਿਆਲਾ 31-Jan-2023
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਟਿਆਲਾ ਵਿਖੇ ਨਵੇਂ ਹੋਰ ਸਥਾਪਤ ਕਰਨ ਵਾਲੇ 12 ਆਮ ਆਦਮੀ ਕਲੀਨਿਕਾਂ ਲਈ ਪ੍ਰਸਤਾਵਤ ਥਾਵਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਪਾਸੀ ਰੋਡ 'ਤੇ ਸਥਿਤ ਬਾਬਾ ਜੀਵਨ ਸਿੰਘ ਬਸਤੀ, ਧਰਮਪੁਰਾ ਬਾਜ਼ਾਰ 'ਚ ਮਿਡ ਟਾਊਨ ਪਲਾਜ਼ਾ, ਸੱਤਿਆ ਇਨਕਲੇਵ, ਵੱਡਾ ਅਰਾਈ ਮਾਜਰਾ, ਅਰਬਨ ਅਸਟੇਟ ਫੇਜ਼-2 ਨੇੜੇ ਸ਼ਿਵ ਮੰਦਿਰ, ਬਿਸ਼ਨ ਨਗਰ ਰੈਡ ਕਰਾਸ ਇਮਾਰਤ, ਤਫੱਜ਼ਲਪੁਰਾ ਦਾ ਸੇਵਾ ਕੇਂਦਰ, ਉਪਕਾਰ ਨਗਰ, ਦਸਮੇਸ਼ ਨਗਰ ਧਰਮਸ਼ਾਲਾ, ਅਨੰਦ ਨਗਰ-ਬੀ ਗਲੀ ਨੰਬਰ 32, ਸਰਹਿੰਦ ਰੋਡ ਪਰਗਟ ਸਿੰਘ ਇਮਾਰਤ ਤੇ ਬਾਬੂ ਸਿੰਘ ਕਲੋਨੀ ਧਰਮਸ਼ਾਲਾ ਦਾ ਦੌਰਾ ਕਰਕੇ ਇਥੇ ਤਜਵੀਜ਼ ਸੁਦਾ ਆਮ ਆਦਮੀ ਕਲੀਨਿਕਾਂ ਦੀਆਂ ਥਾਂਵਾਂ ਦਾ ਜਾਇਜ਼ਾ ਲਿਆ।
ਸਾਕਸ਼ੀ ਸਾਹਨੀ ਨੇ ਕਿਹਾ ਕਿ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੇੜੇ ਮਿਆਰੀ ਅਤੇ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੇ ਆਮ ਆਦਮੀ ਕਲੀਨਿਕਾਂ ਨੂੰ ਪਟਿਆਲਾ ਵਿਖੇ ਸਫ਼ਲ ਬਨਾਉਣ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਵਿਧਾਇਕ ਪਟਿਆਲਾ ਸ਼ਹਿਰੀ ਸ. ਅਜੀਤ ਪਾਲ ਸਿੰਘ ਕੋਹਲੀ ਯਤਨਸ਼ੀਲ ਹਨ।
ਡਿਪਟੀ ਕਮਿਸ਼ਨਰ ਦੱਸਿਆ ਕਿ ਸਿਹਤ ਮੰਤਰੀ ਤੇ ਵਿਧਾਇਕ ਕੋਹਲੀ ਦੀ ਅਗਵਾਈ ਹੇਠ ਪਟਿਆਲਾ ਵਿਖੇ 12 ਹੋਰ ਆਮ ਆਦਮੀ ਕਲੀਨਿਕ ਸਥਾਪਤ ਹੋਣ ਨਾਲ ਲੋਕਾਂ ਨੂੰ ਇਲਾਜ ਲਈ ਦੂਰ ਦੁਰਾਡੇ ਦੇ ਹਸਪਤਾਲਾਂ ਵਿੱਚ ਜਾਣ ਦੀ ਲੋੜ ਨਹੀ ਪਵੇਗੀ, ਜਿਸ ਨਾਲ ਵੱਡੇ ਹਸਪਤਾਲਾਂ 'ਤੇ ਵੀ ਮਰੀਜਾਂ ਦਾ ਬੋਝ ਘਟੇਗਾ। ਇਹਨਾਂ ਕਲੀਨਿਕਾਂ 'ਚ ਮੁਫਤ ਸਿਹਤ ਜਾਂਚ ਸਮੇਤ 41 ਤਰਾਂ ਦੇ ਲੋੜੀਂਦੇ ਲੈਬ ਟੈਸਟ ਤੇ 96 ਤਰ੍ਹਾਂ ਦੀਆਂ ਦਵਾਈਆਂ ਵੀ ਮੁਫ਼ਤ ਮਿਲਣਗੀਆਂ।
ਇਸ ਮੌਕੇ ਪੁਡਾ ਦੇ ਮੁੱਖ ਪ੍ਰਸ਼ਾਸਕ ਤੇ ਏ.ਡੀ.ਸੀ. ਸ਼ਹਿਰੀ ਵਿਕਾਸ ਗੌਤਮ ਜੈਨ, ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਅਕਸ਼ਿਤਾ ਗੁਪਤਾ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਸਿਵਲ ਸਰਜਨ ਡਾ. ਦਲਬੀਰ ਕੌਰ, ਐਸ.ਐਮ.ਓਜ ਕੁਸ਼ਲਦੀਪ ਕੌਰ ਤੇ ਡਾ. ਵਿਕਾਸ ਗੋਇਲ ਵੀ ਉਨ੍ਹਾਂ ਦੇ ਨਾਲ ਸਨ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨਾਲ ਇਨ੍ਹਾਂ ਆਮ ਆਦਮੀ ਕਲੀਨਿਕਾਂ ਬਾਰੇ ਵਿਸਥਾਰ 'ਚ ਚਰਚਾ ਕੀਤੀ।