5 Dariya News

ਮਿਲਟਰੀ ਲਿਟਰੇਚਰ ਫੈਸਟੀਵਲ : ਆਈ.ਟੀ.ਬੀ.ਪੀ. ਤੇ ਫਸਟ ਆਈ.ਆਰ.ਬੀ. ਦੇ ਬੈਂਡ ਨੇ ਪਟਿਆਲਾ ਦੀ ਫ਼ਿਜ਼ਾ 'ਚ ਘੋਲਿਆ ਦੇਸ਼ ਭਗਤੀ ਦਾ ਰੰਗ

ਮੈਦਾਨ 'ਚ ਇੱਕ ਪਾਸੇ ਖੜੇ ਜੰਗੀ ਸਾਜੋ ਸਾਮਾਨ ਤੇ ਸਾਹਮਣੇ ਵੱਜ ਰਹੀਆਂ ਦੇਸ਼ ਭਗਤੀ ਦੀਆਂ ਧੁਨਾਂ ਨੇ ਹਰੇਕ ਦਰਸ਼ਕ ਨੂੰ ਕਰਵਾਇਆ ਦੇਸ਼ 'ਤੇ ਗੌਰਵ ਦਾ ਅਹਿਸਾਸ

5 Dariya News

ਪਟਿਆਲਾ 29-Jan-2023

ਪਟਿਆਲਾ ਵਿਖੇ ਚੱਲ ਰਹੇ ਮਿਲਟਰੀ ਲਿਟਰੇਚਰ ਫੈਸਟੀਵਲ ਦੌਰਾਨ ਇੰਡੋ ਤਿੱਬਤੀਅਨ ਬਾਰਡਰ ਪੁਲਿਸ ਬਲ ਅਤੇ ਫਸਟ ਇੰਡੀਅਨ ਰਿਜ਼ਰਵ ਬਟਾਲੀਅਨ ਦੇ ਬੈਂਡਾਂ ਵੱਲੋਂ ਦੋ ਦਿਨ ਤੱਕ ਵਜਾਈਆਂ ਗਈਆਂ ਦੇਸ਼ ਭਗਤੀ ਦੀਆਂ ਧੁਨਾਂ ਨੇ ਪਟਿਆਲਾ ਦੀ ਫ਼ਿਜ਼ਾ 'ਚ ਦੇਸ਼ ਭਗਤੀ ਦਾ ਰੰਗ ਬਿਖੇਰਿਆ ਤੇ ਹਰੇਕ ਉਮਰ ਵਰਗ 'ਚ ਜੋਸ਼ੀਲੀਆਂ ਧੁਨਾਂ ਨੇ ਨਵਾਂ ਜੋਸ਼ ਪੈਦਾ ਕੀਤਾ।

ਖਾਲਸਾ ਕਾਲਜ ਦੇ ਮੈਦਾਨ 'ਚ ਇਕ ਪਾਸੇ ਖੜੇ ਜੰਗੀ ਸਾਜੋ ਸਾਮਾਨ ਅਤੇ ਸਾਹਮਣੇ ਵੱਜ ਰਹੀਆਂ ਦੇਸ਼ ਭਗਤੀ ਦੀਆਂ ਧੁਨਾਂ ਨੇ ਹਰੇਕ ਸਰੋਤੇ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ। ਆਈ.ਟੀ.ਬੀ.ਪੀ. ਬੈਂਡ ਦੇ ਬੈਂਡ ਮਾਸਟਰ ਤੁਫ਼ਾਨ ਸਿੰਘ ਦੀ ਅਗਵਾਈ ਵਿਚ 27 ਮੈਂਬਰਾਂ ਦੀ ਟੀਮ ਨੇ 'ਏ ਮੇਰੇ ਵਤਨ ਕੇ ਲੋਗੋ', 'ਦਿਲ ਦੀਆਂ ਹੈ ਜਾਨ ਬੀ ਦੇਗੇ ਏ ਵਤਨ ਤੇਰੇ ਲੀਏ', 'ਕਦਮ ਕਦਮ ਬੜਾਏ ਚੱਲ', ਅਤੇ 'ਸਾਰੇ ਜਾਹਾਂ ਸੇ ਅੱਛਾ' ਵਰਗੀਆਂ ਦੇਸ਼ ਭਗਤੀ ਦੀਆਂ ਧੁਨਾਂ ਰਾਹੀਂ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।

ਫਸਟ ਆਈ.ਆਰ.ਬੀ. ਬੈਂਡ ਵਿਚ ਬੈਂਡ ਮਾਸਟਰ ਐਸ.ਆਈ. ਵਿਕਾਸ ਕੁਮਾਰ ਦੀ ਅਗਵਾਈ ਵਿੱਚ 11 ਮੈਂਬਰੀ ਟੀਮ ਨੇ 'ਦੇਸੋ ਕਾ ਸਰਤਾਜ ਭਾਰਤ', 'ਵੈਲੀ ਆਫ਼ ਦੀ ਗਰੀਨ', 'ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ' ਅਤੇ 'ਕੁੱਕ ਆਫ਼ ਦਾ ਨਾਰਥ' ਵਰਗੀਆਂ ਧੁਨਾਂ ਨਾਲ ਸਰੋਤਿਆਂ ਅੰਦਰ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕੀਤਾ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਆਈ.ਟੀ.ਬੀ.ਪੀ. ਤੇ ਫਸਟ ਆਈ.ਆਰ.ਬੀ. ਬੈਂਡਾਂ ਵੱਲੋਂ ਦੋ ਦਿਨਾਂ ਤੱਕ ਕੀਤੀ ਪੇਸ਼ਕਾਰੀ ਦੀ ਸਰਹਾਨਾਂ ਕਰਦਿਆਂ ਕਿਹਾ ਕਿ ਮਿਲਟਰੀ ਲਿਟਰੇਚਰ ਫੈਸਟੀਵਲ ਵਿਚ ਸ਼ਾਮਲ ਭਾਵੇਂ ਹਰੇਕ ਪੇਸ਼ਕਾਰੀ ਮਹੱਤਵਪੂਰਣ ਰਹੀਂ ਹੈ ਪਰ ਬੈਂਡ ਨੇ ਫੈਸਟੀਵਲ ਵਿਚ ਸ਼ਾਮਲ ਹੋਏ ਦਰਸ਼ਕਾਂ ਵਿਚ ਆਪਣੇ ਦੇਸ਼ ਲਈ ਕੁਝ ਕਰਨ ਦਾ ਜਜ਼ਬਾ ਪੈਦਾ ਕੀਤਾ ਹੈ।ਉਨ੍ਹਾਂ ਕਿਹਾ ਕਿ ਅਜਿਹੀਆਂ ਪੇਸ਼ਕਾਰੀਆਂ ਬੱਚਿਆਂ ਤੇ ਨੌਜਵਾਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਦੇ ਅਨੁਸ਼ਾਸਨ ਵੀ ਪੈਦਾ ਕਰਦੀਆਂ ਹਨ।

ਇਸ ਮੌਕੇ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਦੇ ਚੇਅਰਮੈਨ ਲੈਫ. ਜਨ. ਟੀ.ਐਸ. ਸ਼ੇਰਗਿੱਲ,  ਲੈਫ.ਜਨ (ਰਿਟਾ.) ਚੇਤਿੰਦਰ ਸਿੰਘ, ਬ੍ਰਿਗੇਡੀਅਰ ਅਵਦਿਤਿਆ ਮਦਾਨ, ਕਰਨਲ ਪੈਰੀ ਗਰੇਵਾਲ, ਕਰਨਲ ਰੁਸ਼ਨੀਰ ਸਿੰਘ ਚਹਿਲ, ਸਹਾਇਕ ਕਮਿਸ਼ਨਰ ਯੂ.ਟੀ. ਡਾ. ਅਕਸ਼ਿਤਾ ਗੁਪਤਾ, ਏ.ਡੀ.ਸੀ. ਈਸ਼ਾ ਸਿੰਘਲ, ਐਸ.ਡੀ.ਐਮ. ਪਟਿਆਲਾ ਡਾ. ਇਸਮਿਤ ਵਿਜੈ ਸਿੰਘ, ਮੇਲੇ ਦੇ ਨੋਡਲ ਅਫ਼ਸਰ ਐਸ.ਡੀ.ਐਮ ਚਰਨਜੀਤ ਸਿੰਘ, ਜੁਆਇੰਟ ਕਮਿਸ਼ਨਰ ਨਗਰ ਨਿਗਮ ਨਮਨ ਮੜਕਨ ਵੀ ਮੌਜੂਦ ਸਨ।