5 Dariya News

ਮਿਲਟਰੀ ਲਿਟਰੇਚਰ ਫੈਸਟੀਵਲ 'ਚ ਲੱਗੀਆਂ ਪ੍ਰਦਰਸ਼ਨੀਆਂ ਨੇ ਦਰਸ਼ਕਾਂ ਨੂੰ ਆਪਣੀ ਅਮੀਰ ਵਿਰਾਸਤ ਤੋਂ ਕਰਵਾਇਆ ਜਾਣੂ

ਗਤਕਾ ਤੇ ਹੋਰ ਜੰਗਜੂ ਕਲਾਵਾਂ ਨੇ ਸਰੋਤਿਆਂ 'ਚ ਭਰਿਆ ਜੋਸ਼

5 Dariya News

ਪਟਿਆਲਾ 28-Jan-2023

ਪਟਿਆਲਾ ਵਿਖੇ ਲੱਗੇ ਪਹਿਲੇ ਮਿਲਟਰੀ ਲਿਟਰੇਚਰ ਫੈਸਟੀਵਲ 'ਚ ਆਰਮੀ ਫ਼ੌਜੀ ਸਾਜੋ ਸਾਮਾਨ ਸਮੇਤ ਇਤਿਹਾਸ ਨਾਲ ਸਬੰਧਤ ਲੱਗੀਆਂ ਪ੍ਰਦਰਸ਼ਨੀਆਂ ਨੇ ਵੀ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ ਅਤੇ ਇਸ ਮੌਕੇ ਸਾਰਾ ਦਿਨ ਚੱਲੇ ਗਤਕਾ ਤੇ ਹੋਰ ਜੰਗਜੂ ਕਲਾਵਾਂ ਦੇ ਪ੍ਰਦਰਸ਼ਨਾਂ ਨੇ ਸਰੋਤਿਆਂ 'ਚ ਦੇਸ਼ ਭਗਤੀ ਦਾ ਜੋਸ਼ ਭਰਿਆ।

ਖਾਲਸਾ ਕਾਲਜ ਦੇ ਭਾਈ ਦਇਆ ਸਿੰਘ ਬਲਾਕ ਵਿਖੇ ਲੱਗੀਆਂ ਪ੍ਰਦਰਸ਼ਨੀਆਂ 'ਚ ਅਕਾਲ ਸਹਾਇਕ ਅਜਾਇਬ ਘਰ ਲੁਧਿਆਣਾ ਦੇ ਨਰਿੰਦਰ ਸਿੰਘ ਵੱਲੋਂ ਫੁਲਕਿਆਂ ਰਿਆਸਤਾਂ ਪਟਿਆਲਾ, ਮਲੇਰਕੋਟਲਾ, ਨਾਭਾ ਤੇ ਜੀਂਦ ਦੇ ਸਿੱਕੇ, ਸੈਂਕੜੇ ਸਾਲ ਪੁਰਾਣੇ ਸ਼ਸਤਰ, ਪਹਿਲੀ ਅਤੇ ਦੂਜੀ ਵਿਸ਼ਵ ਜੰਗ ਤੋਂ ਇਲਾਵਾ ਆਜ਼ਾਦੀ ਤੇ ਜੰਗਾਂ ਤੋਂ ਬਾਅਦ ਦੇ ਮੈਡਲ ਪ੍ਰਦਰਸ਼ਿਤ ਕੀਤੇ ਗਏ।

ਜਦਕਿ ਕਰਨਲ ਹਰਬਕਸ ਸਿੰਘ ਵੱਲੋਂ ਆਰਮੀ ਫਿਲੇਟਲੀ ਕਵਰ ਪ੍ਰਦਰਸ਼ਨੀ ਵਿਚ ਭਾਰਤੀ ਫੌਜ ਦੀ ਡਾਕ ਡਵੀਜ਼ਨ ਵੱਲੋਂ ਜਾਰੀ ਸਾਰੇ ਤਰ੍ਹਾਂ ਦੇ ਡਾਕ ਕਵਰ ਪ੍ਰਦਸ਼ਿਤ ਕੀਤੇ ਗਏ ਸਨ ਅਤੇ ਏ.ਐਸ. ਚਾਹਲ ਨੇ ਸਿੱਖ ਰੈਜੀਮੈਂਟ ਦੇ ਸਾਰੇ ਡਾਕ ਕਵਰ ਸਮੇਤ ਕੈਵਲਰੀ, ਲਾਈਟ ਕੈਵਲਰੀ, ਹੋਰਸਿੰਜ਼ ਅਤੇ ਆਰਮਡ ਰੈਜੀਮੈਂਟ ਦੇ ਪ੍ਰਦਰਸ਼ਿਤ ਕੀਤੇ ਡਾਕ ਕਵਰ ਦਰਸ਼ਕਾਂ ਲਈ ਕਾਫ਼ੀ ਖਿੱਚ ਦਾ ਕੇਂਦਰ ਬਣੇ ਰਹੇ। 

ਇਸ ਤੋਂ ਇਲਾਵਾ ਯੰਗ ਹਿਸਟੋਰੀਅਨ ਸਿਮਰ ਸਿੰਘ ਵੱਲੋਂ ਸਾਰਾਗੜ੍ਹੀ ਨਾਲ ਸਬੰਧਤ ਵਸਤਾਂ ਦੀ ਪ੍ਰਦਰਸ਼ਨੀ ਵੀ ਦਰਸ਼ਕਾਂ ਲਈ ਅਹਿਮ ਬਣੀ ਰਹੀ।ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਟਿਆਲਾ ਵਾਸੀਆਂ ਨੂੰ 29 ਜਨਵਰੀ ਨੂੰ ਖਾਲਸਾ ਕਾਲਜ ਵਿਖੇ ਇਸ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਹਿੱਸਾ ਬਣਨ ਦਾ ਖੁੱਲ੍ਹਾ ਸੱਦਾ ਦਿੰਦਿਆਂ ਕਿਹਾ ਆਪਣੀ ਅਮੀਰ ਵਿਰਾਸਤ ਤੋਂ ਜਾਣੂ ਹੋਣ ਦਾ ਅਜਿਹੇ ਫੈਸਟੀਵਲ ਸਭ ਤੋਂ ਵਧੀਆ ਸਾਧਨ ਹੁੰਦੇ ਹਨ। 

ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹਾ ਸੂਬੇ ਦਾ ਪਹਿਲਾਂ ਅਜਿਹਾ ਜ਼ਿਲ੍ਹਾ ਹੈ ਜਿਥੇ ਮਿਲਟਰੀ ਲਿਟਰੇਚਰ ਫੈਸਟੀਵਲ ਕਰਵਾਇਆ ਜਾ ਰਿਹਾ ਹੈ ਤੇ ਲੋਕਾਂ ਨੂੰ ਫ਼ੌਜ ਨੂੰ ਨੇੜੇ ਤੋਂ ਸਮਝਣ ਦਾ ਮੌਕਾ ਮਿਲਿਆ ਹੈ।ਇਸ ਮੌਕੇ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਦੇ ਚੇਅਰਮੈਨ ਲੈਫ. ਜਨ. ਟੀ.ਐਸ. ਸ਼ੇਰਗਿੱਲ, ਲੈਫ.ਜਨ (ਰਿਟਾ.) ਚੇਤਿੰਦਰ ਸਿੰਘ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਟੇਟ ਸਪੋਰਟਸ ਯੂਨੀਵਰਸਿਟੀ ਦੇ ਵੀ.ਸੀ. ਲੈਫ.ਜਨ (ਰਿਟਾ.) ਡਾ. ਜੇ.ਐਸ. ਚੀਮਾ, ਆਈ.ਜੀ. ਮੁਖਵਿੰਦਰ ਸਿੰਘ ਛੀਨਾ, ਬ੍ਰਿਗੇਡੀਅਰ ਅਦਵਿੱਤਿਆ ਮਦਾਨ, ਕਰਨਲ ਪੈਰੀ ਗਰੇਵਾਲ ਵੀ ਮੌਜੂਦ ਸਨ।