5 Dariya News

ਹੈਪੇਟਾਈਟਸ-ਸੀ ਅਤੇ ਬੀ ਦੀ ਜਾਂਚ ਤੇ ਇਲਾਜ ਡੇਰਾਬੱਸੀ ਤੇ ਖਰੜ ਦੇ ਸਰਕਾਰੀ ਹਸਪਤਾਲਾਂ ਵਿਚ ਵੀ ਸ਼ੁਰੂ

ਸਿਵਲ ਸਰਜਨ ਵਲੋਂ ਸੀਨੀਅਰ ਸਿਹਤ ਅਧਿਕਾਰੀਆਂ ਨਾਲ ਮਹੀਨਾਵਾਰ ਬੈਠਕ, ਵੱਖ-ਵੱਖ ਪ੍ਰੋਗਰਾਮਾਂ ਅਤੇ ਯੋਜਨਾਵਾਂ ਦੀ ਸਮੀਖਿਆ

5 Dariya News

ਮੋਹਾਲੀ 24-Jan-2023

ਹੈਪੇਟਾਈਟਸ-ਸੀ ਅਤੇ ਬੀ ਬੀਮਾਰੀ ਦੀ ਜਾਂਚ ਅਤੇ ਇਲਾਜ ਦੀ ਸਹੂਲਤ ਹੁਣ ਜ਼ਿਲ੍ਹੇ ਦੇ ਸਬ-ਡਵੀਜ਼ਨਲ ਹਸਪਤਾਲਾਂ ਵਿਚ ਵੀ ਸ਼ੁਰੂ ਹੋ ਗਈ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਸੀਨੀਅਰ ਸਿਹਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਬੀਮਾਰੀ ਦੇ ਕਾਰਨਾਂ, ਲੱਛਣਾਂ, ਬਚਾਅ ਅਤੇ ਇਲਾਜ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦੇਣ ਤਾਕਿ ਮਰੀਜ਼ ਸਰਕਾਰੀ ਸਿਹਤ ਸੰਸਥਾਵਾਂ ਵਿਚ ਮਿਲ ਰਹੀ ਇਸ ਮੁਫ਼ਤ ਸਹੂਲਤ ਦਾ ਪੂਰਾ ਲਾਭ ਲੈ ਸਕਣ। 

ਉਹ ਵੱਖ-ਵੱਖ ਸਿਹਤ ਪ੍ਰੋਗਰਾਮਾਂ ਅਤੇ ਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਲਈ ਅਪਣੇ ਦਫ਼ਤਰ ਵਿਚ ਜ਼ਿਲ੍ਹੇ ਦੇ ਪ੍ਰੋਗਰਾਮ ਅਫ਼ਸਰਾਂ ਅਤੇ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ ਮਹੀਨਾਵਾਰ ਬੈਠਕ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਐਪੀਡੀਮੋਲੋਜਿਸਟ ਡਾ. ਹਰਮਨਦੀਪ ਕੌਰ ਨੇ ਪ੍ਰਾਜੈਕਟਰ ਸਕਰੀਨ ਰਾਹੀਂ ਹੈਪੇਟਾਈਟਸ-ਸੀ ਤੇ ਬੀ ਦੀ ਜਾਂਚ  ਅਤੇ ਇਲਾਜ ਦੇ ਵੱਖ-ਵੱਖ ਪੱਖਾਂ ਬਾਰੇ ਬਾਰੀਕੀ ਨਾਲ ਜਾਣਕਾਰੀ ਦਿਤੀ। 

ਉਨ੍ਹਾਂ ਦਸਿਆ ਕਿ ਇਹ ਸਹੂਲਤ ਹੁਣ ਤਕ ਸਿਰਫ਼ ਜ਼ਿਲ੍ਹਾ ਹਸਪਤਾਲ ਮੋਹਾਲੀ ਵਿਖੇ ਮਿਲ ਰਹੀ ਸੀ ਤੇ ਹੁਣ ਡੇਰਾਬੱਸੀ ਤੇ ਖਰੜ ਦੇ ਸਰਕਾਰੀ ਹਸਪਤਾਲਾਂ ਵਿਚ ਵੀ ਮਿਲੇਗੀ। ਮਰੀਜ਼ ਦੀ ਜਾਂਚ, ਇਲਾਜ ਅਤੇ ਦਵਾਈਆਂ ਬਿਲਕੁਲ ਮੁਫ਼ਤ ਹਨ।ਸਿਵਲ ਸਰਜਨ ਨੇ 27 ਜਨਵਰੀ ਨੂੰ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਨਵੇਂ ਆਮ ਆਦਮੀ ਕਲੀਨਿਕਾਂ ਦੀ ਉਸਾਰੀ, ਮੁਰੰਮਤ, ਰੰਗ-ਰੋਗਣ ਆਦਿ ਕੰਮਾਂ ਬਾਰੇ ਜਾਣਕਾਰੀ ਲਈ। 

ਉਨ੍ਹਾਂ ਦਸਿਆ ਕਿ ਜ਼ਿਲ੍ਹੇ ਵਿਚ ਵੱਖ-ਵੱਖ ਥਾਈਂ ਖੋਲ੍ਹੇ ਜਾ ਰਹੇ ਨਵੇਂ ਆਮ ਆਦਮੀ ਕਲੀਨਿਕ 27 ਜਨਵਰੀ ਤੋਂ ਕਾਰਜਸ਼ੀਲ ਹੋ ਜਾਣਗੇ। ਜ਼ਿਕਰਯੋਗ ਹੈ ਕਿ ਅਜਿਹੇ 14 ਕਲੀਨਿਕ ਜ਼ਿਲ੍ਹੇ ਵਿਚ ਪਹਿਲਾਂ ਹੀ ਸਫ਼ਲਤਾਪੂਰਵਕ ਚੱਲ ਰਹੇ ਹਨ। ਉਨ੍ਹਾਂ ਦਸਿਆ ਕਿ ਇਸ ਵੇਲੇ ਚਾਲੂ ਕਲੀਨਿਕਾਂ ’ਚ ਭਾਰੀ ਗਿਣਤੀ ਵਿਚ ਮਰੀਜ਼ ਆ ਰਹੇ ਹਨ ਅਤੇ ਮੁਫ਼ਤ ਸਿਹਤ ਸਹੂਲਤਾਂ ਪ੍ਰਾਪਤ ਕਰ ਰਹੇ ਹਨ।

ਉਨ੍ਹਾਂ ਉਮੀਦ ਪ੍ਰਗਟਾਈ ਕਿ ਸਮੂਹ ਸਿਹਤ ਅਧਿਕਾਰੀ ਅਤੇ ਸਟਾਫ਼ ਆਪਸੀ ਸਹਿਯੋਗ ਅਤੇ ਮਿਹਨਤ ਨਾਲ ਨਵੇਂ ਕਲੀਨਿਕਾਂ ਨੂੰ ਵੀ ਸਫ਼ਤਲਾਪੂਰਵਕ ਚਲਾਉਣ ’ਚ ਅਹਿਮ ਰੋਲ ਨਿਭਾਉਣਗੇ ਕਿਉਂਕਿ ਨਵੇਂ ਕੇਂਦਰਾਂ ਪ੍ਰਤੀ ਵੀ ਲੋਕ ਕਾਫ਼ੀ ਉਤਸ਼ਾਹਤ ਹਨ। ਇਸ ਤੋਂ ਇਲਾਵਾ ਉਨ੍ਹਾਂ ਵੱਖ-ਵੱਖ ਕੌਮੀ ਅਤੇ ਸੂਬਾਈ ਸਿਹਤ ਪ੍ਰੋਗਰਾਮਾਂ ਤੇ ਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ।

ਡਾ. ਆਦਰਸ਼ਪਾਲ ਕੌਰ ਨੇ ਦੁਹਰਾਇਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਜ਼ਰੂਰੀ ਤੇ ਐਮਰਜੈਂਸੀ ਦਵਾਈਆਂ ਦੀ ਕੋਈ ਕਮੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਹਸਪਤਾਲਾਂ ਦੇ ਮੁਖੀਆਂ ਨੂੰ ਸਟਾਫ਼ ਦੀ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਉਣ ਅਤੇ ਸਟਾਫ਼ ਨਾਲ ਰੈਗੂਲਰ ਮੀਟਿੰਗਾਂ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਜਨਤਾ ਨਾਲ ਸਿੱਧੇ ਤੌਰ  ’ਤੇ ਡੀਲ ਕਰਨ ਵਾਲੇ ਮੁਲਾਜ਼ਮ ਡਿਊਟੀ ਸਮੇਂ ਅਪਣੀ ਸੀਟ’ਤੇ ਮੌਜੂਦ ਰਹਿਣ ਅਤੇ ਕਿਸੇ ਵੀ ਸਿਹਤ ਸੰਸਥਾ ਵਿਚ ਭਿ੍ਰਸ਼ਟਾਚਾਰ ਜਾਂ ਰਿਸ਼ਵਤਖੋਰੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਮੀਟਿੰਗ ਵਿਚ ਸਹਾਇਕ ਸਿਵਲ ਸਰਜਨ ਡਾ. ਰੇਨੂੰ ਸਿੰਘ, ਜ਼ਿਲ੍ਹਾ ਪਰਵਾਰ ਭਲਾਈ ਅਫ਼ਸਰ ਡਾ. ਨਿਧੀ ਕੌਸ਼ਲ, ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਗਿਰੀਸ਼ ਡੋਗਰਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਪਰਵਿੰਦਰਪਾਲ ਕੌਰ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ਲਿੰਦਰ ਕੌਰ, ਐਪੀਡੀਮੋਲੋਜਿਸਟ ਡਾ.ਹਰਮਨਦੀਪ ਕੌਰ, ਸਾਰੇ ਸੀਨੀਅਰ ਮੈਡੀਕਲ ਅਫ਼ਸਰ ਅਤੇ ਹੋਰ ਅਧਿਕਾਰੀ ਮੌਜੂਦ ਸਨ।