5 Dariya News

ਨਵੇਂ ਆਮ ਆਦਮੀ ਕਲੀਨਿਕਾਂ ਦੀ ਉਸਾਰੀ ਤੇ ਮੁਰੰਮਤ ਦਾ ਕੰਮ ਜੰਗੀ ਪੱਧਰ ’ਤੇ ਜਾਰੀ : ਸਿਵਲ ਸਰਜਨ

ਲੋਕਾਂ ਲਈ ਵਰਦਾਨ ਸਾਬਤ ਹੋਣਗੇ ਨਵੇਂ ਕਲੀਨਿਕ : ਡਾ. ਆਦਰਸ਼ਪਾਲ ਕੌਰ

5 Dariya News

ਮੋਹਾਲੀ 19-Jan-2023

ਜ਼ਿਲ੍ਹੇ ਵਿਚ ਨਵੇਂ ‘ਆਮ ਆਦਮੀ ਕਲੀਨਿਕਾਂ’ ਦੀ ਉਸਾਰੀ ਅਤੇ ਮੁਰੰਮਤ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਅਤੇ ਨਵੇਂ 20 ਕਲੀਨਿਕ 27 ਜਨਵਰੀ ਨੂੰ ਜ਼ਿਲ੍ਹਾ ਵਾਸੀਆਂ ਨੂੰ ਸਮਰਪਿਤ ਕੀਤੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਨੋਡਲ ਅਫ਼ਸਰ ਡਾ. ਗਿਰੀਸ਼ ਡੋਗਰਾ ਨੇ ਦਸਿਆ ਕਿ ਜ਼ਿਲ੍ਹੇ ਵਿਚ ਵੱਖ-ਵੱਖ ਥਾਈਂ 20 ਨਵੇਂ ਕਲੀਨਿਕ ਤਿਆਰ ਕੀਤੇ ਜਾ ਰਹੇ ਹਨ। 

ਇਨ੍ਹਾਂ ਕਲੀਨਿਕਾਂ ਦੀ ਉਸਾਰੀ, ਮੁਰੰਮਤ ਅਤੇ ਰੰਗ-ਰੋਗਣ ਆਦਿ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਕੁਝ ਕਲੀਨਿਕਾਂ ਦਾ ਕੰਮ ਕਾਫ਼ੀ ਹੱਦ ਤਕ ਮੁਕੰਮਲ ਹੋ ਗਿਆ ਹੈ। ਉਨ੍ਹਾਂ ਦਸਿਆ ਕਿ ਵੱਖ-ਵੱਖ ਸੀਨੀਅਰ ਮੈਡੀਕਲ ਅਫ਼ਸਰ ਕਲੀਨਿਕਾਂ ’ਚ ਨਿਰਮਾਣ ਅਤੇ ਮੁਰੰਮਤ ਦੇ ਕੰਮ ਦਾ ਖ਼ੁਦ ਨਿਰੀਖਣ ਕਰ ਰਹੇ ਹਨ ਅਤੇ ਲੋੜ ਮੁਤਾਬਕ ਹਦਾਇਤਾਂ ਦੇ ਰਹੇ ਹਨ। 

ਸਿਵਲ ਸਰਜਨ ਨੇ ਮੋਹਾਲੀ ਦੇ ਫ਼ੇਜ਼ 11 ਦੇ ਕਲੀਨਿਕ ਦਾ ਦੌਰਾ ਕਰਦਿਆਂ ਕੰਮ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮ ਦੇ ਮਿਆਰ ਵਿਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਉਨ੍ਹਾਂ ਸਿਹਤ ਕੇਂਦਰ ਦੇ ਵੱਖ ਵੱਖ ਕਮਰਿਆਂ ਵਿਚ  ਜਾ ਕੇ ਬਾਰੀਕੀ ਨਾਲ ਘੋਖ ਕੀਤੀ ਅਤੇ ਲੋੜੀਂਦੇ ਡਾਕਟਰੀ ਸਾਜ਼ੋ-ਸਮਾਨ, ਦਵਾਈਆਂ ਦੀ ਉਪਲਭਧਤਾ ਆਦਿ ਬਾਰੇ ਜਾਣਕਾਰੀ ਲਈ। ਉਨ੍ਹਾਂ ਡਾਕਟਰ ਰੂਮ, ਵੇਟਿੰਗ ਏਰੀਆ, ਫ਼ਾਰਮੇਸੀ, ਮਰੀਜ਼ਾਂ ਲਈ ਪਖ਼ਾਨਿਆਂ ਆਦਿ ਦਾ ਨਿਰੀਖਣ ਕੀਤਾ।

ਸਿਵਲ ਸਰਜਨ ਨੇ ਉਮੀਦ ਪ੍ਰਗਟ ਕੀਤੀ ਕਿ ਇਹ ਕਲੀਨਿਕ ਲੋਕਾਂ ਲਈ ਵਰਦਾਨ ਸਾਬਤ ਹੋਣਗੇ ਕਿਉਂਕਿ ਇਨ੍ਹਾਂ ’ਚ ਮਿਆਰੀ ਤੇ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ ਦੇ ਬਣਨ ਨਾਲ ਲੋਕਾਂ ਨੂੰ ਦਿਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਵਿਚ ਯਕੀਨਨ ਸੁਧਾਰ ਆਵੇਗਾ ਅਤੇ ਉਨ੍ਹਾਂ ਨੂੰ ਘਰ ਦੇ ਨੇੜੇ ਹੀ ਚੰਗੀਆਂ ਸਿਹਤ ਸਹੂਲਤਾਂ ਮਿਲਣਗੀਆਂ। 

ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿਚ 14 ਆਮ ਆਦਮੀ ਕਲੀਨਿਕ ਪਹਿਲਾਂ ਹੀ ਸਫ਼ਲਤਾਪੂਰਵਕ ਚੱਲ ਰਹੇ ਹਨ ਅਤੇ ਹੁਣ ਕੁਲ ਗਿਣਤੀ 34 ਹੋ ਜਾਵੇਗੀ। ਹਰ ਕਲੀਨਿਕ ਵਿਚ ਚਾਰ-ਪੰਜ ਮੁਲਾਜ਼ਮਾਂ ਦਾ ਸਟਾਫ਼ ਹੋਵੇਗਾ ਜਿਸ ਵਿਚ ਡਾਕਟਰ, ਫ਼ਾਰਮਾਸਿਸਟ, ਨਰਸ, ਦਰਜਾ ਚਾਰ ਮੁਲਾਜ਼ਮ ਆਦਿ ਸ਼ਾਮਲ ਹਨ।