5 Dariya News

ਨਿਰੰਕਾਰੀ ਭਗਤੀ ਪਰਵ ਸਮਾਗਮ : ਹਰ ਪਲ ਭਗਤੀ ਨਾਲ ਭਰਪੂਰ ਜੀਵਨ ਹੀ ਇੱਕ ਤਿਓਹਾਰ ਹੁੰਦਾ ਹੈ- ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

5 Dariya News

ਸਮਾਲਖਾ (ਹਰਿਆਣਾ) 16-Jan-2023

“ਭਗਤੀ ਹਰ ਪਲ ਸਮਰਪਣ ਦੇ ਨਾਲ ਜੀਵਨ ਜਿਉਣ ਦਾ ਨਾਮ ਹੈ ਜਿਸ ਵਿੱਚ ਜੀਵਨ ਦਾ ਹਰ ਪਲ ਇੱਕ ਤਿਉਹਾਰ ਵਰਗਾ ਬਣ ਜਾਂਦਾ ਹੈ।”  ਉਪਰੋਕਤ ਪ੍ਰਵਚਨ ਸੰਤ ਨਿਰੰਕਾਰੀ ਅਧਿਆਤਮਿਕ ਸਥਾਨ ਸਮਾਲਖਾ (ਹਰਿਆਣਾ) ਵਿਖੇ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ  ‘ਭਗਤੀ ਪਰਵ ਸਮਾਗਮ’ ਦੇ ਮੌਕੇ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।

ਇਸ ਪ੍ਰੋਗਰਾਮ ਦਾ ਲਾਭ ਲੈਣ ਲਈ  ਚੰਡੀਗੜ੍ਹ ,ਪੰਚਕੂਲਾ,ਮੋਹਾਲੀ ਤੇ ਦਿੱਲੀ,ਐੱਨ. ਸੀ.ਆਰ. ਅਤੇ ਹੋਰਨਾਂ ਥਾਵਾਂ ਤੋਂ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ। ਭਗਤੀ ਪਰਵ ਸਮਾਗਮ ਮੌਕੇ ਪਰਮ ਸੰਤ ਸੰਤੋਖ ਸਿੰਘ ਜੀ ਅਤੇ ਹੋਰ ਸੰਤਾਂ ਮਹਾਂਪੁਰਸ਼ਾਂ ਦੀ ਤਪੱਸਿਆ ਅਤੇ ਤਿਆਗ ਨੂੰ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਬ੍ਰਹਮਗਿਆਨ ਦੇ ਇਲਾਹੀ ਪ੍ਰਕਾਸ਼ ਨੂੰ ਫੈਲਾਉਣ ਲਈ ਨਿਰੰਤਰ ਯਤਨ ਕੀਤੇ। ਇਹ ਭਗਤੀ ਪਰਵ ਪੂਰੀ ਦੁਨੀਆ ਵਿਚ ਮਨਾਇਆ ਗਿਆ।

ਸਤਿਗੁਰੂ ਮਾਤਾ ਜੀ ਨੇ ਭਗਤੀ ਦੀ ਪਰਿਭਾਸ਼ਾ ਨੂੰ ਸਾਰਥਕ ਢੰਗ ਨਾਲ ਬਿਆਨ ਕਰਦਿਆਂ ਕਿਹਾ ਕਿ ਭਗਤੀ ਦਾ ਅਰਥ ਸਾਦਾ ਜੀਵਨ ਬਤੀਤ ਕਰਨਾ ਹੈ ਜਿਸ ਦਾ ਪਾਲਣ ਕਰਕੇ ਆਨੰਦ ਦੀ ਅਵਸਥਾ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਵਿੱਚ ਚਤਰ ਚਲਾਕੀਆਂ ਦੀ ਕੋਈ ਥਾਂ ਨਹੀਂ ਹੈ। ਭਗਤੀ ਤਾਂ ਪੂਰਨ ਸਮਰਪਣ ਦੀ ਭਾਵਨਾ ਹੈ ਜਿਸ ਵਿੱਚ ਸਮਰਪਿੱਤ ਹੋਣਾ ਹੀ ਸਰਵੋਤਮ ਹੈ। 

ਸਾਨੂੰ ਸੰਤਾਂ-ਮਹਾਂਪੁਰਸ਼ਾਂ ਦੇ ਬਚਨਾਂ ਤੋਂ ਲਗਾਤਾਰ ਇਹੀ ਸਿੱਖਿਆ ਮਿਲ ਰਹੀ ਹੈ ਕਿ ਅਸੀਂ ਦੂਜਿਆਂ ਨੂੰ ਪਹਿਲ ਦੇਣੀ ਹੈ, ਪਰ ਅਸੀਂ ਅਕਸਰ ਅਜਿਹਾ ਨਹੀਂ ਕਰਦੇ। ਅਸੀਂ ਰੀਤੀ-ਰਿਵਾਜਾਂ ਅਤੇ ਦਿਖਾਵੇ ਵਿੱਚ ਇਸ ਤਰ੍ਹਾਂ ਬੱਝ ਜਾਂਦੇ ਹਾਂ ਕਿ ਅਸੀਂ ਭਰਮਾਂ ਵਿੱਚ ਫਸੇ ਰਹਿੰਦੇ ਹਾਂ। ਅਸਲੀਅਤ ਇਹ ਹੈ ਕਿ ਜਦੋਂ ਅਸੀਂ ਇਸ ਨਿਰੰਕਾਰ ਨਾਲ ਜੁੜ ਜਾਂਦੇ ਹਾਂ ਤਾਂ ਸਾਡੇ ਸਾਰੇ ਭਰਮ ਖਤਮ ਹੋ ਜਾਂਦੇ ਹਨ।

ਸਤਿਗੁਰੂ ਮਾਤਾ ਜੀ ਨੇ ਬਾਬਾ ਗੁਰਬਚਨ ਸਿੰਘ ਜੀ ਦੀਆਂ ਸਿੱਖਿਆਵਾਂ ਵਿੱਚੋਂ ਇੱਕ ਉਦਾਹਰਣ ਦਿੱਤੀ ਕਿ ਜਿਸ ਤਰ੍ਹਾਂ ਇੱਕ ਘਰ ਬਣਾਉਣ ਤੋਂ ਪਹਿਲਾਂ ਉਸ ਦਾ ਨਕਸ਼ਾ ਬਣਦਾ ਹੈ, ਫਿਰ ਉਸ ਅਨੁਸਾਰ ਹੀ ਘਰ ਬਣਾਇਆ ਜਾਂਦਾ ਹੈ। ਜਦੋਂ ਤੱਕ ਘਰ ਪੂਰਾ ਬਣਾਇਆ ਨਹੀਂ ਜਾਂਦਾ, ਉਸਦਾ ਆਨੰਦ ਨਹੀਂ ਲਿਆ ਜਾ ਸਕਦਾ। 

ਇਸੇ ਤਰ੍ਹਾਂ ਭਗਤੀ ਦਾ ਆਧਾਰ ਸੇਵਾ, ਸਿਮਰਨ, ਸਤਿਸੰਗ ਹੈ, ਜਿਸ ਵਿਚ ਸਾਨੂੰ ਸਭ ਨਾਲ ਮਿੱਠਾ ਬੋਲਦੇ ਹੋਏ ਸਭ ਲਈ ਪਰਉਪਕਾਰ ਦੀ ਭਾਵਨਾ ਰੱਖਣੀ ਚਾਹੀਦੀ ਹੈ, ਪਰ ਇਹ ਭਾਵਨਾ ਅਸਲ ਰੂਪ ਵਿਚ ਹੋਣੀ ਚਾਹੀਦੀ ਹੈ ਨਾਂ ਕਿ ਦਿਖਾਵੇ ਲਈ।ਭਗਤੀ ਖ਼ੁਦ ਦੀ ਯਾਤਰਾ ਹੈ, ਇਸ ਪਰਮਾਤਮਾ ਨਾਲ ਜੁੜਨ ਦਾ ਇੱਕ ਸਰਲ ਤਰੀਕਾ ਹੈ। 

ਅਜਿਹੀ ਭਗਤੀ ਹੀ ਜੀਵਨ ਨੂੰ ਸਾਰਥਕ ਬਣਾਉਂਦੀ ਹੈ ਅਤੇ ਦੁਨਿਆਵੀ ਦਿਖਾਵਿਆਂ ਤੋਂ ਮੁਕਤ ਕਰਦੀ ਹੈ। ਭਗਤੀ ਵਿੱਚ ਲੀਨ ਹੋ ਕੇ, ਇੱਕ ਸੰਤ ਆਪਣਾ ਜੀਵਨ ਸਾਦੇ ਢੰਗ ਨਾਲ ਬਤੀਤ ਕਰਦਾ ਹੈ ਅਤੇ ਸੰਸਾਰਿਕ ਚਮਕ ਉਸ ਨੂੰ ਪ੍ਰਭਾਵਿਤ ਨਹੀਂ ਕਰਦੀ। ਦੂਸਰਿਆਂ ਦੇ ਦੁੱਖਾਂ ਨੂੰ ਸਮਝ ਕੇ, ਉਹ ਉਨ੍ਹਾਂ ਪ੍ਰਤੀ ਸਨੇਹ ਦੀ ਭਾਵਨਾ ਹੀ ਅਪਣਾਉਂਦਾ ਹੈ। ਉਸ ਦਾ ਜੀਵਨ ਇੱਕ ਨਦੀ ਦੇ ਵਾਂਗ ਵਗਣ ਵਾਲੇ ਪਾਣੀ ਦੀ ਤਰ੍ਹਾਂ ਬਣ ਜਾਂਦਾ ਹੈ।

ਮਾਇਆ ਦੇ ਪ੍ਰਭਾਵ ਦਾ ਜ਼ਿਕਰ ਕਰਦਿਆਂ ਸਤਿਗੁਰੂ ਮਾਤਾ ਜੀ ਨੇ ਸਮਝਾਇਆ ਕਿ ਜਿਸ ਤਰ੍ਹਾਂ ਨਿਰੰਕਾਰ ਦੁਆਰਾ ਬਣਾਈ ਗਈ ਸ੍ਰਿਸ਼ਟੀ ਵਿੱਚ ਅਨੇਕ ਭਿੰਨਤਾਵਾਂ ਹੁੰਦੇ ਹੋਏ ਵੀ  ਸਭ ਵਿਚ ਇਸ ਨਿਰੰਕਾਰ ਦਾ ਵਾਸ ਹੈ, ਉਸੇ ਤਰ੍ਹਾਂ ਸੰਸਾਰ ਵਿਚ ਹਰ ਚੀਜ਼ ਜਿਸ ਵਿਚ ਮਾਇਆ ਦਾ ਰੂਪ ਹੈ, ਉਹ ਨਾਸ਼ਵਾਨ ਹੈ,  ਇਸ ਲਈ ਉਸ ਨਾਲ ਨਾਂ ਜੁੜਕੇ ਇਸ ਸਥਿਰ ਪਰਮਾਤਮਾ ਨਾਲ ਜੁੜਨਾ ਹੈ। ਸੰਤਾਂ ਦੇ ਜੀਵਨ ਤੋਂ ਪ੍ਰੇਰਨਾ ਲੈਂਦੇ ਹੋਏ ਆਪਣੀ ਭਗਤੀ ਨੂੰ ਦ੍ਰਿੜ ਕਰਨਾ ਹੈ।

ਭਗਤੀ ਪਰਵ ਦੇ ਮੌਕੇ ਨਿਰੰਕਾਰੀ ਰਾਜਪਿਤਾ ਜੀ ਨੇ ਸਤਿਗੁਰੂ ਮਾਤਾ ਜੀ ਤੋਂ ਪਹਿਲਾਂ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੇ ਹੋਏ ਫਰਮਾਇਆ ਕਿ ਸ਼ਰਧਾਲੂ ਦਾ ਜੀਵਨ ਉਦੋਂ ਹੀ ਸ਼ਰਧਾ ਨਾਲ ਭਰਪੂਰ ਹੁੰਦਾ ਹੈ ਜਦੋਂ ਉਸ ਦੇ ਆਚਰਣ ਅਤੇ ਵਿਵਹਾਰ ਵਿੱਚੋਂ ਪਿਆਰ ਦੀ ਖੁਸ਼ਬੂ ਆਵੇ। ਆਪਣੇ ਆਪ ਨੂੰ ਸਤਿਗੁਰੂ ਪ੍ਰਤੀ ਸਮਰਪਿਤ ਕਰਦੇ ਹੋਏ ਆਨੰਦ ਅਤੇ ਖੁਸ਼ੀਆਂ ਭਰਪੂਰ ਜੀਵਨ ਬਤੀਤ ਕਰਨਾ ਚਾਹੀਦਾ ਹੈ। 

ਆਪਣੇ ਕਰਮਾਂ ਦੇ ਪ੍ਰਭਾਵ ਦੁਆਰਾ ਦੂਜਿਆਂ ਲਈ ਪ੍ਰੇਰਨਾ ਦਾ ਸਰੋਤ ਬਣੀਏ। ਸਤਿਗੁਰੂ ਦੇ ਕਹੇ ਬਚਨਾਂ ਨੂੰ ਸਤਬਚਨ ਮੰਨ ਕੇ ਜੀਵਨ ਬਤੀਤ ਕਰਨਾ ਹੀ ਭਗਤੀ ਹੈ। ਹਰ ਪਲ ਕੇਵਲ ਸ਼ੁਕਰਾਨੇ ਦਾ ਭਾਵ ਪ੍ਰਗਟ ਕਰਨਾ ਹੀ ਸੱਚੇ ਭਗਤ ਦੀ ਅਵਸਥਾ ਹੈ। ਭਗਤੀ ਕੋਈ ਦਿਖਾਵਾ ਜਾਂ ਅਡੰਬਰ ਨਹੀਂ ਹੈ ਕਿ ਲੋਕ ਇਸਤੋਂ ਡਰਨ। ਭਗਤੀ ਦਾ ਅਰਥ ਤਾਂ ਸਾਕਾਰ ਤੋਂ ਇਸ ਨਿਰੰਕਾਰ ਦੀ ਪ੍ਰਾਪਤੀ ਕਰਕੇ ਇਸ ਨਾਲ ਇਕਮਿਕ ਹੋਣ ਦੀ ਅਵਸਥਾ ਹੈ। 

ਰਾਜਪਿਤਾ ਜੀ ਨੇ ਇੱਕ ਉਦਾਹਰਣ ਦਿੱਤੀ ਜਿਸ ਵਿੱਚ ਉਨ੍ਹਾਂ ਕਿਹਾ ਕਿ ਆਰਕੈਸਟਰਾ ਦੀ ਆਵਾਜ਼ ਨੂੰ ਨਿਰਦੇਸ਼ਤ ਕਰਨ ਲਈ ਇੱਕ ਨਿਰਦੇਸ਼ਕ ਹੁੰਦਾ ਹੈ, ਜੋ ਅਕਸਰ ਦੂਜੇ ਸਾਜ਼ਾਂ ਨੂੰ ਚਲਾਉਣ ਵਾਲਿਆਂ ਨੂੰ ਨਿਰਦੇਸ਼ ਦਿੰਦਾ ਹੈ ਅਤੇ ਜਿਸ ਦੇ ਨਤੀਜੇ ਵਜੋਂ ਇੱਕ ਸੁੰਦਰ ਆਵਾਜ਼ ਸੁਣਾਈ ਦਿੰਦੀ ਹੈ, ਪਰ ਜੇਕਰ ਉਨ੍ਹਾਂ ਵਿੱਚੋਂ ਕਿਸੇ ਇੱਕ ਨੇ ਵੀ ਆਪਣੀ ਮਨਮੱਤ ਨਾਲ ਸਾਜ ਵਜਾਇਆ ਤਾਂ ਉਸਦੀ ਸੁਰ ਬਦਲ ਜਾਵੇਗੀ। 

ਕਹਿਣ ਦਾ ਭਾਵ ਸਿਰਫ ਇਹ ਹੈ ਕਿ ਜਦੋਂ ਅਸੀਂ ਲਾਲਚ, ਮੋਹ, ਸਵਾਰਥ ਆਦਿ ਭਰਮਾਂ ਵਿੱਚ ਫਸ ਜਾਂਦੇ ਹਾਂ ਤਾਂ ਸਾਡੇ ਜੀਵਨ ਵਿੱਚੋਂ ਆਨੰਦ ਰੂਪੀ ਮਿਠਾਸ ਖਤਮ ਹੋ ਜਾਂਦੀ ਹੈ। ਸਾਡੇ ਜੀਵਨ ਵਿੱਚ ਸਤਿਗੁਰੂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ, ਉਹੀ ਇੱਕ ਸੱਚਾ ਮਾਰਗ ਦਰਸ਼ਕ ਅਤੇ ਪ੍ਰੇਰਕ ਹੁੰਦਾ ਹੈ ਜੋ ਸਾਨੂੰ ਆਪਣੇ ਸਕਾਰਾਤਮਕ ਪ੍ਰਭਾਵ ਨਾਲ ਕੀਮਤੀ ਬਣਾਉਂਦਾ ਹੈ, ਇਸ ਲਈ ਉਸ ਤੋਂ ਬਿਨਾਂ ਭਗਤੀ ਸੰਭਵ ਨਹੀਂ। 

ਅਜਿਹੀ ਅਵਸਥਾ ਹੀ ਭਗਤੀ ਵਾਲੀ ਹੁੰਦੀ ਹੈ ਅਤੇ ਸਾਡੇ ਜੀਵਨ ਦਾ ਆਧਾਰ ਵੀ ਇਹੀ ਹੈ।ਅੰਤ ਵਿੱਚ ਸਤਿਗੁਰੂ ਮਾਤਾ ਜੀ ਨੇ ਸਮੂਹ ਸੰਗਤਾਂ ਅਤੇ ਸੰਤਾਂ ਨੂੰ ਭਗਤੀ ਮਾਰਗ 'ਤੇ ਅੱਗੇ ਵਧਣ ਲਈ ਪ੍ਰੇਰਿਆ ਅਤੇ ਪੁਰਾਤਨ ਸੰਤਾਂ ਦੀ ਭਗਤੀ ਭਾਵਨਾ ਤੋਂ ਪ੍ਰੇਰਨਾ ਲੈ ਕੇ ਆਪਣਾ ਜੀਵਨ ਸਾਰਥਕ ਬਣਾਉਣ ਦਾ ਸੰਦੇਸ਼ ਦਿੱਤਾ।