5 Dariya News

ਸਿਵਲ ਸਰਜਨ ਨੇ ਨਵਜਨਮੇ ਬੱਚਿਆਂ ਤੇ ਮਾਵਾਂ ਨੂੰ ਵੰਡੇ ਲੋਹੜੀ ਦੇ ਤੋਹਫ਼ੇ

5 Dariya News

ਮੋਹਾਲੀ 13-Jan-2023

ਲੋਹੜੀ ਦੇ ਤਿਉਹਾਰ ਮੌਕੇ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਜ਼ਿਲ੍ਹਾ ਹਸਪਤਾਲ ਵਿਚ ਨਵਜਨਮੇ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਲੋਹੜੀ ਦੇ ਤੋਹਫ਼ੇ ਵੰਡੇ ਅਤੇ ਲੋਹੜੀ ਦੀਆਂ ਵਧਾਈਆਂ ਦਿਤੀਆਂ। ਇਸ ਮੌਕੇ ਗੱਲਬਾਤ ਕਰਦਿਆਂ ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਸਮਾਜਕ ਸਾਂਝ ਨੂੰ ਮਜ਼ਬੂਤ ਕਰਦਾ ਲੋਹੜੀ ਦਾ ਤਿਉਹਾਰ ਇਸ ਗੱਲੋਂ ਵੀ ਅਹਿਮ ਹੈ ਕਿ ਇਹ ਧੀਆਂ ਨੂੰ ਮੁੰਡਿਆਂ ਬਰਾਬਰ ਸਮਝਣ ਦਾ ਸੁਨੇਹਾ ਦਿੰਦਾ ਹੈ। 

ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਸੁਹਿਰਦ ਯਤਨਾਂ ਸਦਕਾਂ ਧੀਆਂ ਪ੍ਰਤੀ ਲੋਕਾਂ ਦੀ ਸੋਚ ਵਿਚ ਕਾਫ਼ੀ ਬਦਲਾਅ ਆ ਗਿਆ ਹੈ। ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਇਸ ਦਿਨ ਅਹਿਦ ਕਰਨਾ ਚਾਹੀਦਾ ਹੈ ਕਿ ਉਹ ਅਪਣੇ ਘਰ, ਰਿਸ਼ੇਤਦਾਰੀ ਜਾਂ ਆਲੇ-ਦੁਆਲੇ ਧੀਆਂ ਨੂੰ ਕੁੱਖ ਵਿਚ ਕਤਲ ਨਹੀਂ ਹੋਣ ਦੇਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੁੜੀਆਂ ਦੀ ਭਲਾਈ ਲਈ ਕਈ ਯੋਜਨਾਵਾਂ ਸਫ਼ਲਤਾ ਨਾਲ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਮਕਸਦ ਲਿੰਗ ਅਨੁਪਾਤ ਵਿਚ ਹੋਰ ਸੁਧਾਰ ਕਰਨਾ ਹੈ।

ਸਿਵਲ ਸਰਜਨ ਨੇ ਦਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਨੇ ਜ਼ਿਲ੍ਹਾ ਹਸਪਤਾਲ ਵਿਚ ਜਨਮੇ ਬੱਚਿਆਂ ਦੀਆਂ ਮਾਵਾਂ ਨੂੰ 55 ਤੋਹਫ਼ੇ ਵੰਡੇ ਹਨ। ਉਨ੍ਹਾਂ ਦਸਿਆ ਕਿ ਹਰ ਗਿਫ਼ਟ ਪੈਕ ਵਿਚ ਜੱਚਾ ਅਤੇ ਬੱਚਾ ਦੀ ਚੰਗੀ ਸਿਹਤ ਲਈ ਲੋੜੀਂਦੇ ਇਕ ਕਿੱਲੋ ਦੇਸੀ ਘੀ, ਪਿੰਨੀਆਂ, ਮੂੰਗਫਲੀ ਅਤੇ ਗੱਚਕ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਮੌਕੇ ਜ਼ਿਲ੍ਹਾ ਪਰਵਾਰ ਭਲਾਈ ਅਫ਼ਸਰ ਡਾ. ਨਿਧੀ ਕੌਸ਼ਲ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗਿਰੀਸ਼ ਡੋਗਰਾ, ਐਸ.ਐਮ.ਓ. ਡਾ. ਐਚ.ਐਸ.ਚੀਮਾ ਤੇ ਹੋਰ ਅਧਿਕਾਰੀ ਮੌਜੂਦ ਸਨ।