5 Dariya News

ਪ੍ਰਭੂ ਪ੍ਰਮਾਤਮਾ ਦੀ ਜਾਣਕਾਰੀ ਨਾਲ ਹੀ ਮੁਕਤੀ ਸੰਭਵ : ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

5 Dariya News

ਪੰਚਕੁਲਾ 10-Jan-2023

ਅੱਜ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਹੋਏ ਵਿਸ਼ਾਲ ਨਿਰੰਕਾਰੀ ਸੰਤ ਸਮਾਗਮ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੂੰ ਅਸ਼ੀਰਵਾਦ ਦਿੰਦਿਆਂ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਫਰਮਾਇਆ ਕਿ ਜਦੋਂ ਇਨਸਾਨ ਨੂੰ ਇਸ ਪ੍ਰਭੂ ਪ੍ਰਮਾਤਮਾ ਦੀ ਜਾਣਕਾਰੀ ਹੋ ਜਾਂਦੀ ਹੈ ਤਾਂ ਇੱਕ ਦੂਜੇ ਪ੍ਰਤੀ ਭੇਦ ਭਾਵ ਖਤਮ ਹੋ ਜਾਂਦੇ ਹਨ, ਦਿਲ ਵਿਸ਼ਾਲ ਹੋ ਜਾਂਦਾ ਹੈ ਸਮਾਜ ਦੇ ਸਾਰੇ ਲੋਕ ਉਸਨੂੰ ਆਪਣੇ ਹੀ ਨਜ਼ਰ ਆਉਣ ਲੱਗ ਪੈਂਦੇ ਹਨ। 

ਸਾਡਾ ਦੁਨੀਆਂ ਤੇ ਆਉਣ ਦਾ ਇਹੀ ਮਕਸਦ ਹੈ ਕਿ ਇਸ ਪ੍ਰਮਾਤਮਾ ਦੀ ਪਛਾਣ ਕਰਕੇ ਜੀਵਨ ਸਫ਼ਲ ਕਰ ਲਈਏ, ਭਗਤੀ ਨੂੰ ਹੀ ਮੁੱਖ ਮੰਤਵ ਬਣਾਈਏ, ਫਿਰ ਹੀ ਮਨ ਦੀ ਅਵਸਥਾ ਆਨੰਦ ਵਾਲੀ ਬਣਦੀ ਹੈ।  ਸਮਾਜ ਦਾ ਜੋ ਮਾਹੌਲ ਹੈ ਹਰ ਕਿਸੇ ਨੂੰ ਸਤਿਸੰਗ ਵਿੱਚ ਆਉਣ ਲਈ ਕਹੀਏ ਤਾਂ ਉਹਨਾਂ ਦਾ ਮਨ ਸਤਿਸੰਗ ਵਿੱਚ ਆਉਣ ਲਈ ਰਾਜੀ ਨਹੀਂ ਹੁੰਦਾ ਸਗੋਂ ਮਨ ਮਾਇਆ ਦੀ ਇੱਛਾ ਕਰਦਾ ਹੈ ਕਿ ਸਾਡਾ ਸਰੀਰ ਤੰਦਰੁਸਤ ਰਹੇ, ਧਨ ਦੌਲਤ ਦੀ ਵੱਧ ਤੋਂ ਵੱਧ ਪ੍ਰਾਪਤੀ ਹੋਵੇ, ਬੱਚਿਆਂ ਦੀ ਦਾਤ ਪ੍ਰਾਪਤ ਹੋਵੇ, ਸੋਹਣੀਆਂ ਕੋਠੀਆਂ, ਕਾਰਾਂ ਮਿਲਣ। 

ਇਹ ਸਭ ਮਾਇਆਮਈ ਛੋਟੀਆਂ ਸੋਚਾਂ ਸੋਚ ਕੇ ਹੀ ਇਨਸਾਨ ਜੀਵਣ ਵਿੱਚ ਉਲਝ ਕੇ ਰਹਿ ਜਾਂਦਾ ਹੈ। ਉਹਨਾਂ ਅੱਗੇ ਉਦਾਹਰਣ ਦਿੰਦਿਆਂ ਸਮਝਾਇਆ ਕਿ ਜਿਵੇਂ ਮਹਾਤਮਾ ਗੌਤਮ ਬੁੱਧ ਜੀ ਨੇ ਆਪਣੇ ਸ਼ਰਧਾਲੂਆਂ ਨੂੰ ਬ੍ਰਹਮਗਿਆਨ ਦੀ ਜਾਣਕਾਰੀ ਕਰਵਾਈ ਤਾਂ ਉਹਨਾਂ ਦੇ ਕਿਸੇ ਸ਼ਰਧਾਲੂ ਭਗਤ ਨੇ ਕਿਹਾ ਕਿ ਮਹਾਤਮਾ ਜੀ ਜਿਸ ਤਰ੍ਹਾਂ ਆਪ ਜੀ ਨੇ ਸਾਡੇ ਤੇ ਕਿ੍ਰਪਾ ਕੀਤੀ ਹੈ ਉਸੇ ਤਰ੍ਹਾਂ ਬਾਕੀ ਦੁਨੀਆਂ ਨੂੰ ਹੀ ਇਸ ਪ੍ਰਮਾਤਮਾ ਦੀ ਜਾਣਕਾਰੀ ਕਰਵਾ ਕੇ ਮੁਕਤ ਕਰ ਦਿਉ ਤਾਂ ਮਹਾਤਮਾ ਗੌਤਮ ਬੁੱਧ ਜੀ ਨੇ ਕਿਹਾ ਕਿ ਮੈਂ ਤਾਂ ਬ੍ਰਹਮਗਿਆਨ ਦੇਣ ਲਈ ਤਿਆਰ ਹਾਂ ਪਰ ਲੋਕ ਇਸ ਦਾਤ ਨੂੰ ਲੈਣ ਲਈ ਤਿਆਰ ਨਹੀਂ ਹਨ। 

ਉਹਨਾਂ ਉਸ ਇਨਸਾਨ ਨੂੰ ਇਲਾਕੇ ਦੇ ਲੋਕਾਂ ਕੋਲ ਭੇਜਿਆ ਕਿ ਜਾਉ ਤੇ ਪਤਾ ਲਗਾਉ ਕਿ ਕੀ ਉਹਨਾਂ ਨੂੰ ਇਸ ਜੀਵਨ ਵਿੱਚ ਮੁਕਤੀ ਦੀ ਲੋੜ ਹੈ ? ਤਾਂ ਉਹ ਸਮਾਜ ਵਿੱਚ ਜਾ ਕੇ ਸਭ ਨੂੰ ਮਿਲਦੇ ਹਨ ਕਿ ਕਿਸ-ਕਿਸ ਨੂੰ ਮੁਕਤੀ ਚਾਹੀਦੀ ਹੈ ਤਾਂ ਸਭ ਨੇ ਮਾਇਆ ਪੱਖੀ ਚੀਜਾਂ ਧਨ,ਦੌਲਤ, ਘਰ, ਬੱਚੇ ਆਦਿ ਦੀ ਹੀ ਕਾਮਨਾ ਕੀਤੀ, ਕਿਸੇ ਨੇ ਪ੍ਰਮਾਤਮਾ ਦੀ ਜਾਣਕਾਰੀ ਅਤੇ ਮੁਕਤੀ ਲਈ ਜਗਿਆਸਾ ਪ੍ਰਗਟ ਨਹੀਂ ਕੀਤੀ। 

ਉਸੇ ਤਰ੍ਹਾਂ ਸੰਸਾਰ ਅੱਜ ਵੀ ਇਸ ਮਾਇਆ ਵਿੱਚ ਹੀ ਉਲਝਿਆ ਹਇਆ ਹੈ ਤੇ ਇਸ ਪ੍ਰਭੂ ਪ੍ਰਮਾਤਮਾ ਨੂੰ ਭੁੱਲ ਕੇ ਦੁਨਿਆਵੀ ਪਦਾਰਥਾਂ ਵਿੱਚ ਹੀ ਰੁਝਿਆ ਹੋਇਆ ਹੈ। ਹਰ ਕੋਈ ਜੋ ਬਚਪਨ ਜਾਂ ਜਵਾਨੀ ਅਵਸਥਾ ਵਿੱਚ ਹੈ ਤਾਂ ਉਹ ਇਹੀ ਸੋਚਦੇ ਹਨ ਕਿ ਅਜੇ ਤਾਂ ਮੌਜ ਮਸਤੀ ਕਰਨ ਦਾ ਸਮਾਂ ਹੈ ਬੁਢਾਪੇ ਵਿੱਚ ਜਾ ਕੇ ਇਸ ਪ੍ਰਮਾਤਮਾ ਦੀ ਜਾਣਕਾਰੀ ਹਾਸਲ ਕਰਾਂਗੇ। 

ਜਦੋਂ ਕਿ ਪੂਰਨ ਗੁਰਸਿੱਖ ਪਹਿਲਾਂ ਪ੍ਰਮਾਤਮਾ ਦੀ ਜਾਣਕਾਰੀ ਹਾਸਲ ਕਰਦੇ ਹਨ ਫਿਰ ਸਕੂਨ ਨਾਲ ਜੀਵਨ ਵਿੱਚ ਵਿਚਰਦੇ ਹੋਏ ਦਾਸ ਭਾਵ ਨਾਲ, ਸੇਵਾ ਭਾਵ ਨਾਲ, ਸਭ ਨੂੰ ਬਰਾਬਰ ਸਮਝਦੇ ਹੋਏ ਜੀਵਨ ਬਤੀਤ ਕਰਦੇ ਹਨ। ਕਿਸੇ ਨਾਲ ਭੇਦ ਭਾਵ ਨਹੀਂ ਕਰਦੇ, ਕੋਈ ਦਿਖਾਵਾ, ਚਤੁਰ ਚਲਾਕੀ ਨਹੀਂ ਕਰਦੇ ਆਪਣੇ ਆਪ ਨੂੰ ਪ੍ਰਮਾਤਮਾ ਨਾਲ ਜੋੜਕੇ ਰੱਖਦੇ ਹਨ ਤੇ ਸਥਿਰ ਨਿਰੰਕਾਰ ਨਾਲ ਜੁੜਕੇ ਹੀ ਜੀਵਨ ਜਿਉਂਦੇ ਹਨ। 

ਇਹ ਨਿਰੰਕਾਰ ਕਦੇ ਘਟਦਾ ਵਧਦਾ ਨਹੀਂ, ਬਦਲਦਾ ਨਹੀਂ, ਸਥਿਰ ਰਹਿੰਦਾ ਹੈ, ਜਦੋਂ ਇਹ ਸਮਝ ਆ ਗਈ ਤਾਂ ਇਨਸਾਨ ਨੂੰ ਪਤਾ ਲੱਗ ਜਾਂਦਾ ਹੈ ਕਿ ਸਰੀਰ ਤੇ ਦੁੱਖ ਸੁੱਖ ਆਉਂਦੇ ਰਹਿੰਦੇ ਹਨ, ਅਗਰ ਗ੍ਰਹਿਸਥੀ ਜੀਵਨ ਵਿੱਚ ਕੋਈ ਦਿੱਕਤ ਆਉਂਦੀ ਵੀ ਹੈ ਤਾਂ ਗੁਰਸਿੱਖ ਉਸਨੂੰ ਵੀ ਸਹਿਜ ਵਿੱਚ ਹੀ ਪ੍ਰਸ਼ਾਦ ਸਮਝ ਕੇ ਜੀਵਨ ਜਿਉਂਦੇ ਹਨ, ਹਮੇਸ਼ਾ ਨਿਰੰਕਾਰ ਦਾ ਭਾਣਾ ਮੰਨਦੇ ਹਨ, ਇਸ ਪ੍ਰਮਾਤਮਾ ਨਾਲ ਹਮੇਸ਼ਾ ਜੁੜੇ ਰਹਿੰਦੇ ਹਨ ਤੇ ਸਮੇਂ ਨਾਲ ਹੀ ਸੁਖੀ ਹੋ ਜਾਂਦੇ ਹਨ। 

ਉਹਨਾਂ ਉਦਾਹਰਣ ਰਾਹੀਂ ਸਮਝਾਇਆ ਕਿ ਜਿਵੇਂ ਮੱਛਲੀ ਪਾਣੀ ਵਿੱਚ ਹੀ ਸਾਹ ਲੈਣਾ, ਤੈਰਨਾ, ਖਾਣਾ, ਪੀਣਾ ਪਸੰਦ ਕਰਦੀ ਹੈ। ਉਸੇ ਤਰ੍ਹਾਂ ਗੁਰਸਿੱਖ ਜਾਣ ਜਾਂਦੇ ਹਨ ਕਿ ਸਾਰੇ ਕੰਮ ਕਾਰ ਪ੍ਰਭੂ ਪ੍ਰਮਾਤਮਾ ਦੇ ਵਿੱਚ ਹੀ ਹੋ ਰਹੇ ਹਨ। ਉਹ ਪ੍ਰਮਾਤਮਾ ਨਾਲ ਜੁੜਕੇ ਤੇ ਮਾਨਵੀ ਗੁਣਾਂ ਨਾਲ ਭਰਪੂਰ ਹੋ ਕੇ ਜੀਵਨ ਜਿਉਂਦੇ ਹਨ। ਜਿਵੇਂ ਜਿਵੇਂ ਮਨ ਵਿੱਚ ਪ੍ਰਮਾਤਮਾ ਦਾ ਵਾਸ ਹੁੰਦਾ ਹੈ, ਸੇਵਾ, ਸਿਮਰਨ ਤੇ ਸਤਿਸੰਗ ਕਰਦੇ ਜਾਂਦੇ ਹਾਂ ਤਾਂ ਮਨ ਵੀ ਇਸ ਨਿਰੰਕਾਰ ਨਾਲ ਜੁੜ ਜਾਂਦਾ ਹੈ। 

ਸਤਿਸੰਗ ਕਰਨ ਨਾਲ ਸਾਡੇ ਮਨ ਵਿੱਚ ਸਕਾਰਾਤਮਕ ਭਾਵ ਆ ਜਾਂਦੇ ਹਨ। ਕਿਸੇ ਨੇ ਇਹ ਨਹੀਂ ਸੋਚਣਾ ਕਿ ਇਹ ਮੇਰੇ ਜਾਣਕਾਰ ਹਨ, ਘਰ ਦੇ ਮੈਂਬਰ ਹਨ ਸਿਰਫ਼ ਇਨ੍ਹਾਂ ਦੀ ਹੀ ਸੇਵਾ ਤੇ ਸਤਿਕਾਰ ਕਰਨਾ ਹੈ ਸਗੋਂ ਸੰਤਾਂ ਭਗਤਾਂ ਨੂੰ ਤਾਂ ਸਾਰੇ ਹੀ ਆਪਣੇ ਨਜ਼ਰ ਆਉਂਦੇ ਹਨ, ਉਹ ਸਭ ਨੂੰ ਆਪਣਾ ਸਮਝ ਕੇ,ਇੱਕ ਰਸ ਹੋਕੇ ਹੀ ਸਭ ਦੀ ਸੇਵਾ ਤੇ ਸਤਿਕਾਰ ਦਿਲੋਂ ਕਰਦੇ ਹਨ, ਆਪਸ ਵਿੱਚ ਮਿਲਵਰਤਨ, ਪਿਆਰ, ਨਿਮਰਤਾ ਤੇ ਸ਼ਹਿਣਸ਼ੀਲਤ ਨਾਲ ਰਹਿੰਦੇ ਹੋਏ ਜੀਵਨ ਬਤੀਤ ਕਰਦੇ ਹਨ। 

ਇਸ ਮੌਕੇ ਗੁਲਸ਼ਨ ਅਹੂਜਾ ਜੀ ਜੋਨਲ ਇੰਚਾਰਜ ਕਪੂਰਥਲਾ ਨੇ ਆਪਣੇ ਅਤੇ ਸੰਗਤਾਂ ਵੱਲੋਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦਾ ਕਪੂਰਥਲਾ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਤੇ ਸ਼ੁਕਰਾਨਾ ਕੀਤਾ। ਉਹਨਾਂ ਸਥਾਨਕ ਸਿਵਲ ਪ੍ਰਸਾਸ਼ਨ, ਪੁਲਿਸ ਪ੍ਰਸਾਸ਼ਨ ਤੇ ਇਲਾਕੇ ਦੇ ਵੱਖ ਵੱਖ ਰਾਜਨੀਤਕ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦਾ ਭਰਪੂਰ ਸਹਿਯੋਗ ਦੇਣ ਲਈ ਧੰਨਵਾਦ ਕੀਤਾ।