5 Dariya News

ਭਗਤੀ ਨਾਲ ਹੀ ਪ੍ਰਭੂ ਪ੍ਰਮਾਤਮਾ ਨਾਲ ਰਿਸ਼ਤਾ ਗਹਿਰਾ ਬਣ ਸਕਦਾ ਹੈ : ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

5 Dariya News

ਪੰਚਕੂਲਾ 06-Jan-2023

ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਅੱਜ ਅੰਮ੍ਰਿਤਸਰ ਦੇ ਸੰਤ ਨਿਰੰਕਾਰੀ ਸਤਿਸੰਗ ਭਵਨ ਖਾਨਕੋਟ ਅੰਮ੍ਰਿਤਸਰ ਵਿਖੇ ਹੋਏ ਵਿਸ਼ਾਲ ਨਿਰੰਕਾਰੀ ਸੰਤ ਸਮਾਗਮ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੂੰ ਅਸ਼ੀਰਵਾਦ ਦਿੰਦਿਆਂ ਫਰਮਾਇਆ ਕਿ ਭਗਤ ਕੇਵਲ ਭਗਤੀ ਹੀ ਮੰਗਦੇ ਹਨ ਉਹ ਕੋਈ ਸਰੀਰਕ ਸੁੱਖਾਂ ਜਾਂ ਭੌਤਿਕ ਸੁੱਖਾਂ ਨੂੰ ਵਧਾਉਣ ਦੀ ਮੰਗ ਨਹੀਂ ਕਰਦੇ ਹਨ। 

ਭਗਤੀ ਨਾਲ ਹੀ ਪ੍ਰਭੂ ਪ੍ਰਮਾਤਮਾ ਨਾਲ ਰਿਸ਼ਤਾ ਗਹਿਰਾ ਬਣ ਸਕਦਾ ਹੈ ਤੇ ਭਗਤ ਸਾਰੇ ਸੰਸਾਰ ਲਈ ਹੀ ਸੁੱਖ ਮੰਗਦੇ ਹਨ। ਭਗਤ ਇਹ ਵੀ ਮੰਗ ਕਰਦੇ ਹਨ ਕਿ ਹਰੇਕ ਨੂੰ ਇਸ ਨਿਰੰਕਾਰ ਪ੍ਰਭੂ ਦਾ ਬ੍ਰਹਮਗਿਆਨ ਪ੍ਰਾਪਤ ਹੋਵੇ ਜਿਸ ਨਾਲ ਸਭ ਦਾ ਜੀਵਨ ਹੀ ਸਥਿਰ, ਲਾਲਸਾ ਰਹਿਤ ਅਤੇ ਪਿਆਰ ਪ੍ਰੀਤ ਵਾਲਾ ਬਣ ਜਾਵੇ। 

ਉਹਨਾਂ ਨੇ ‘ਹੱਥ ਕਾਰ ਵੱਲ ਤੇ ਦਿਲ ਨਿਰੰਕਾਰ ਵੱਲ’ ਨੂੰ ਆਪਣੀ ਰੋਜ਼ਾਨਾਂ ਦੀ ਜਿੰਦਗੀ ਵਿੱਚ ਅਪਣਾਉਣ ਦੀ ਗੱਲ ਕਹੀ। ਉਹਨਾਂ ਨੇ ਕਿਹਾ ਕਿ ਭਗਤ ਚੇਤਨ ਹੋਕੇ ਭਗਤੀ ਕਰਨ ਕਿਉਂਕਿ ਉਹ ਗਹਿ੍ਰਸਥੀ, ਪਰਿਵਾਰ, ਸਮਾਜ ਤੇ ਸੰਸਾਰ ਦੇ ਵਿੱਚ ਰਹਿ ਕੇ ਆਪਣੇ ਫ਼ਰਜ਼ ਨਿਭਾਉਂਦੇ ਹਨ। ਪ੍ਰਮਾਤਮਾ ਨੂੰ ਜਾਨਣ ਲਈ ਅੰਧ ਵਿਸ਼ਵਾਸ਼ ਦੀ ਕੋਈ ਜਗ੍ਹਾ ਨਹੀਂ ਹੁੰਦੀ ਇਸ ਲਈ ਭਗਤ ਇਸਦੀ ਹਰ ਰਚਨਾਂ ਨੂੰ ਸ਼ੁਭ ਮੰਨਦੇ ਹਨ ਇਸ ਕਰਕੇ ਬ੍ਰਹਮ ਗਿਆਨ ਜਿਉਂਦੇ ਜੀਅ ਭਰਮਾਂ ਤੋਂ ਮੁਕਤ ਕਰ ਦਿੰਦਾ ਹੈ।

ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਅੱਗੇ ਫਰਮਾਇਆ ਕਿ ਬ੍ਰਹਮਗਿਆਨ ਇਨਸਾਨ ਨੂੰ ਜਿਉਂਦੇ ਜੀਅ ਭਰਮਾਂ ਤੋਂ ਮੁਕਤ ਕਰ ਸਕਦਾ ਹੈ। ਉਹਨਾਂ ਨੇ ਕਿਹਾ ਕਿ ਸਾਡੇ ਮਨ ਦਾ ਨਾਤਾ ਜਦੋਂ ਇਸ ਪ੍ਰਭੂ  ਪ੍ਰਮਾਤਮਾ ਨਾਲ ਇੱਕ ਮਿੱਕ ਹੋ ਜਾਂਦਾ ਹੈ ਤਾਂ ਭਗਤੀ ਦਿ੍ਰੜ ਹੋ ਜਾਂਦੀ ਹੈ ਤੇ ਉਹ ਕਿਸੇ ਲਾਲਸਾ ਲਈ ਨਹੀਂ ਕੀਤੀ ਜਾਂਦੀ। 

ਉਹਨਾਂ ਅੱਗੇ ਫਰਮਾਇਆ ਕਿ ਸਤਿਸੰਗ ਵਿੱਚ ਆਕੇ ਹੀ ਸਾਡੇ ਮਨ ਦੇ ਭਾਵ ਸਾਕਾਰਾਤਮਕ ਹੁੰਦੇ ਹਨ, ਇਸ ਵਰ੍ਹੇ 75ਵੇਂ ਨਿਰੰਕਾਰੀ ਸੰਤ ਸਮਾਗਮ ਦਾ ਵਿਸ਼ਾ “ਰੁਹਾਨੀਅਤ ਅਤੇ ਇਨਸਾਨੀਅਤ ਸੰਗ ਸੰਗ” ਵਿੱਚ ਵੀ ਨੀਅਤ ਸ਼ਬਦ ਸਾਂਝਾ ਹੈ ਜਿਸਦਾ ਭਾਵ ਹੈ ਕਿ ਮਨ ਦਾ ਨਾਤਾ ਜਦੋਂ ਇਸ ਨਿਰੰਕਾਰ ਨਾਲ ਜੁੜ ਜਾਂਦਾ ਹੈ ਤਾਂ ਸਾਡੇ ਇਨਸਾਨੀ ਜੀਵਨ ਦੇ ਭਾਵ ਵੀ ਸਾਕਾਰਾਤਮਕ ਬਣ ਜਾਂਦੇ ਹਨ। 

ਉਹਨਾਂ ਨੇ ਅੱਗੇ ਫਰਮਾਇਆ ਕਿ ਸੇਵਾ,ਸਿਮਰਨ, ਸਤਿਸੰਗ ਤਿੰਨਾਂ ਪਹਿਲੂਆਂ ਨਾਲ ਮਨ ਨਿਰੰਕਾਰ ਨਾਲ ਜੁੜਿਆ ਰਹਿ ਸਕਦਾ ਹੈ। ਸੇਵਾ ਦਾ ਭਾਵ ਆਵੇ ਤਾਂ ਸੇਵਾ ਕੀਤੀ ਜਾ ਸਕਦੀ ਹੈ, ਸਤਿਸੰਗ ਨਾਲ ਸੰਤ ਮਤੀ ਨੂੰ ਅਪਣਾਇਆ ਜਾ ਸਕਦਾ ਹੈ। ਨਿੰਦਾ, ਨਫ਼ਰਤ ਨੂੰ ਛੱਡਕੇ ਸਤਿਸੰਗ ਨਾਲ ਚੰਗੇ ਗੁਣ ਪ੍ਰਾਪਤ ਕੀਤੇ ਜਾ ਸਕਦੇ ਹਨ। 

ਉਹਨਾਂ ਅੱਗੇ ਕਿਹਾ ਕਿ ਬ੍ਰਹਮਗਿਆਨ ਪ੍ਰਾਪਤ ਕਰਨ ਉਪਰੰਤ ਬੇਸ਼ੱਕ ਕੋਈ ਵੀ ਦੁੱਖ ਆਵੇ ਪ੍ਰੰਤੂ ਉਸ ਦੁੱਖ ਨੂੰ ਲੈਕੇ ਅਹਿਸਾਸ ਬਦਲ ਜਾਂਦਾ ਹੈ ਕਿ ਪ੍ਰਮਾਤਮਾ ਜੋ ਵੀ ਕਰ ਰਿਹਾ ਹੈ ਬਿਲਕੁਲ ਚੰਗੇ ਲਈ ਹੀ ਕਰ ਰਿਹਾ ਹੈ। ਇਸੇ ਗੱਲ ਨੂੰ ਅੱਗੇ ਵਧਾਉਂਦਿਆਂ ਹੋਇਆ ਉਨ੍ਹਾਂ ਕਿਹਾ ਕਿ ਬੇਸ਼ੱਕ ਅਸੀਂ ਕਿਸੇ ਮਹਿਲ ਵਿੱਚ ਰਹਿੰਦੇ ਹੋਈਏ ਜਾਂ ਝੌਂਪੜੀ ਵਿੱਚ, ਕਿਸੇ ਵੀ ਪ੍ਰਸਥਿਤੀ ਵਿੱਚ ਹੋਈਏ, ਹਰੇਕ ਪ੍ਰਸਥਿਤੀ ਵਿੱਚ ਸ਼ੁਕਰਾਨੇ ਦਾ ਭਾਵ ਬਣਿਆ ਰਹਿੰਦਾ ਹੈ ਤੇ ਕੋਈ ਸ਼ਿਕਵਾ ਸ਼ਿਕਾਇਤ ਦੇ ਭਾਵ ਨਹੀਂ ਰਹਿੰਦੇ ਜਿਸ ਕਰਕੇ ਸਾਡਾ ਜੀਵਨ ਸੰਸਾਰ ਲਈ ਵੀ ਵਰਦਾਨ ਬਣ ਜਾਂਦਾ ਹੈ।

ਸਤਿਗੁਰੂ ਮਾਤਾ ਜੀ ਦੇ ਪ੍ਰਵਚਨਾਂ ਤੋਂ ਪਹਿਲਾਂ ਨਿਰੰਕਾਰੀ ਰਾਜਪਿਤਾ ਰਮਿਤ ਜੀ ਨੇ ਫਰਮਾਇਆ ਕਿ ਜਿਸ ਤਰ੍ਹਾਂ ਯੁਗਾਂ-ਯੁਗਾਂ ਤੋਂ ਸਾਰੇ ਸੰਤਾਂ ਭਗਤਾਂ ਨੇ ਸਮਝਾਇਆ ਹੈ ਕਿ ਇਨਸਾਨ ਦੁਆਰਾ ਬਣਾਈਆਂ ਨਫ਼ਰਤ ਦੀਆਂ ਦੀਵਾਰਾਂ ਸਿਰਫ਼ ਬ੍ਰਹਮਗਿਆਨ ਨਾਲ ਹੀ ਮਿਟ ਸਕਦੀਆਂ ਹਨ।  ਆਮ ਦੀਵਾਰਾਂ ਤਾਂ ਸੰਸਾਰਕ ਵਸਤੂਆਂ ਨਾਲ ਤੋੜੀਆਂ ਜਾ ਸਕਦੀਆਂ ਹਨ ਪਰ ਅਗਿਆਨਤਾ ਦੀਆਂ ਤੇ ਨਫ਼ਰਤ ਦੀਆਂ ਦੀਵਾਰਾਂ ਸਿਰਫ਼ ਬ੍ਰਹਮਗਿਆਨ ਦੀ ਰੋਸ਼ਨੀ ਨਾਲ ਹੀ ਮਿਟ ਸਕਦੀਆਂ ਹਨ।

ਇਸ ਮੌਕੇ ਐਚ.ਐਸ.ਚਾਵਲਾ ਜੀ ਮੈਂਬਰ ਇੰਚਾਰਜ ਬਰਾਂਚਜ ਅਤੇ ਰਾਕੇਸ਼ ਸੇਠੀ ਜੀ ਜੋਨਲ ਇੰਚਾਰਜ ਅੰਮ੍ਰਿਤਸਰ ਨੇ ਆਪਣੇ ਅਤੇ ਸੰਗਤਾਂ ਵੱਲੋਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦਾ ਅਮਿ੍ਰਤਸਰ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਤੇ ਸ਼ੁਕਰਾਨਾ ਕੀਤਾ। ਉਹਨਾਂ ਸਥਾਨਕ ਪੁਲਿਸ ਪ੍ਰਸਾਸ਼ਨ, ਸਿਵਲ ਪ੍ਰਸਾਸ਼ਨ ਤੇ ਇਲਾਕੇ ਦੇ ਵੱਖ ਵੱਖ ਰਾਜਨੀਤਕ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦਾ ਭਰਪੂਰ ਸਹਿਯੋਗ ਦੇਣ ਲਈ ਧੰਨਵਾਦ ਕੀਤਾ।