5 Dariya News

ਗੁਰਦੁਆਰਾ ਮੈਨੇਜਮੈਂਟ ਦੇ ਵਿਦਿਆਰਥੀਆਂ ਦੀ ਟਰੇਨਿੰਗ ਦੀ ਸੰਪੰਨਤਾ ਹੋਈ

5 Dariya News

ਕੁਰਾਲੀ 03-Jan-2023

ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਅਡਵਾਂਸਡ ਸਟੱਡੀਜ਼ ਇਨ ਸਿਖਇਜ਼ਮ ਬਹਾਦਰਗੜ੍ਹ (ਪਟਿਆਲਾ) ਵਿਖੇ ਸਾਲ 2019 ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫਤਿਹਗੜ੍ਹ ਸਾਹਿਬ ਦੇ ‘ਕਾਮਰਸ ਐਂਡ ਮੈਨੇਜਮੈਂਟ ਵਿਭਾਗ ਰਾਹੀ ਬੈਚੁਲਰ ਆਫ਼ ਮੈਨੇਜਮੈਂਟ ਸਟਡੀਜ਼ (ਗੁਰਦੁਆਰਾ ਮੈਨੇਜਮੈਂਟ)’ ਦਾ ਕੋਰਸ ਚੱਲ ਰਿਹਾ ਹੈ। ਹਰ ਸਮੈਸਟਰ ਦੇ ਅਖੀਰ ਵਿਚ ਵਿਦਿਆਰਥੀਆਂ ਦੀ ਆਰਗਨਾਈਜੇਸ਼ਨਲ ਟਰੇਨਿੰਗ ਲਗਾਈ ਜਾਂਦੀ ਹੈ। 

ਇਸ ਵਾਰ ਸਾਲ ਤੀਜਾ ਦੇ ਵਿਦਿਆਰਥੀਆਂ ਦੀ 14 ਦਿਨਾਂ ਦੀ ਟਰੇਨਿੰਗ ਮਿਤੀ 14 ਦਸੰਬਰ ਤੋਂ ਪ੍ਰਭ ਆਸਰਾ ਟਰੱਸਟ ਪਡਿਆਲਾ ਕੁਰਾਲੀ ਵਿਖੇ ਲਗਾਈ ਗਈ ਸੀ ਜਿਸਦੀ ਅੱਜ ਸੰਪੰਨਤਾ ਹੋਈ। ਟਰੇਨਿੰਗ ਦੇ ਦੌਰਾਨ ਵਿਦਿਆਰਥੀਆਂ ਵਲੋਂ ਪ੍ਰਭ ਆਸਰਾ ਟਰੱਸਟ ਵਿੱਚ ਵੱਖ-ਵੱਖ ਸਥਾਨਾਂ ਉਪਰ ਸੇਵਾਵਾਂ ਦਿੱਤੀਆਂ ਗਈਆਂ ਜਿਵੇਂ ਕਿ ਰਿਸੈਪਸ਼ਨ, ਲੰਗਰ, ਦਫ਼ਤਰ, ਹਸਪਤਾਲ ਵਿਚ ਫਸਟ-ਏਡ, ਅਕਾਊਟਿੰਗ, ਬਿਰਧ ਆਸ਼ਰਮ ਆਦਿ। 

ਭਾਈ ਸਮਸ਼ੇਰ ਸਿੰਘ ਨੇ ਵਿਦਿਆਰਥੀਆਂ ਨਾਲ ਵਿਦਾਇਗੀ ਸ਼ਬਦ ਸਾਂਝੇ ਕਰਦਿਆਂ ਆਖਿਆ ਕਿ ਸਾਰੇ ਪਾਸੇ ਇੱਕ ਓਅੰਕਾਰ ਦਾ ਪਸਾਰਾ ਹੈ ਜੋ ਸਾਨੂੰ ਸਾਰੀ ਕਾਇਨਾਤ ਉਪਰ ਦਇਆ ਕਰਨ ਲਈ ਪ੍ਰੇਰਦਾ ਹੈ। ਦਇਆਵਾਨ ਮਨੁੱਖ ਹੀ ਸਰਬੱਤ ਦੇ ਭਲੇ ਦੇ ਕਾਰਜ ਕਰ ਸਕਦੇ ਹਨ। ਗੁਰਬਾਣੀ ਅਤੇ ਗੁਰ-ਇਤਿਹਾਸ ਚੋਂ ਵਾਰ- ਵਾਰ  ਦਇਆ ਧਾਰਨ ਕਰਨ ਦਾ ਉਪਦੇਸ਼ ਮਿਲਦਾ ਹੈ ਜੋ ਮਨੁੱਖ ਨੂੰ ਅਕਾਲ ਪੁਰਖ ਦੀ ਅਸੀਮ ਬਖਸ਼ਿਸ ਦਾ ਪਾਤਰ ਬਣਾਉਂਦਾ ਹੈ। 

ਇਸ ਮੌਕੇ ਵਿਦਿਆਰਥੀਆਂ ਨੇ ਆਪਣੇ 14 ਦਿਨਾਂ ਦੇ ਅਨੁਭਵ ਵੀ ਸਾਂਝੇ ਕੀਤੇ। ਉਹਨਾਂ ਨੇ ਪ੍ਰਣ ਕੀਤਾ ਕਿ ਉਹ ਇਥੋਂ ਪ੍ਰਾਪਤ ਕੀਤੀ ਪ੍ਰੇਰਨਾ ਨੂੰ ਜਗ-ਜਹਾਨ ਵਿਚ ਫੈਲਾਉਣਗੇ ਅਤੇ ਗੁਰਦੁਆਰਾ ਸਾਹਿਬ ਨੂੰ ਬ੍ਰਹਿਮੰਡੀ ਗੁਰਦੁਆਰੇ ਵਿਚ ਢਾਲਣ ਦਾ ਯਤਨ ਕਰਨਗੇ। ਭਾਈ ਸਮਸ਼ੇਰ ਸਿੰਘ ਨੇ ਵਿਦਿਆਰਥੀਆਂ ਨਾਲ ਆਪਣੇ ਤਜਰਬੇ ਸਾਂਝੇ  ਕਰਦਿਆਂ ਆਖਿਆ ਕਿ ਗੁਰਦੁਆਰਾ ਪ੍ਰਬੰਧ ਕਰਦਿਆਂ ਸੇਵਾ ਭਾਵਨਾ ਦਾ ਹੋਣਾ ਜ਼ਰੂਰੀ ਹੈ। 

ਜ਼ਿੰਦਗੀ ਵਿਚ ਨਿਮਰਤਾ ਅਤੇ ਸਹਿਣਸ਼ੀਲਤਾ ਕਿਸੇ ਵੀ ਸਥਿਤੀ ਅਨੁਸਾਰ ਢਲਣ ਵਿਚ ਮਦਦ ਕਰਦੀਆਂ ਹਨ। ਸਿੱਖਣ ਦੀ ਬਿਰਤੀ ਧਾਰਨ ਕਰਨ ਨਾਲ ਜਿਥੇ ਅਸੀਂ ਹਰ ਅਹੁਦੇ ਦੀ ਕਾਰਜ ਪ੍ਰਣਾਲੀ ਬਾਰੇ  ਜਾਣ ਸਕਦੇ ਹਾਂ ਉਥੇ ਉੱਚ ਅਹੁਦਿਆਂ ਉਪਰ ਵੀ ਸੇਵਾਵਾਂ ਦਾ ਮੌਕਾ ਮਿਲ ਸਕਦਾ ਹੈ। ਇੰਸਟੀਚਿਊਟ ਦੇ ਡਾਇਰੈਕਟਰ ਡਾ. ਚਮਕੌਰ ਸਿੰਘ ਨੇ ਪ੍ਰਭ ਆਸਰਾ ਟਰੱਸਟ ਦਾ ਧੰਨਵਾਦ ਕੀਤਾ। 

ਉਨ੍ਹਾਂ ਕਿਹਾ ਕਿ ਟਰੇਨਿੰਗ ਦੌਰਾਨ ਵਿਦਿਆਰਥੀਆਂ  ਲਈ ਵੱਖ-ਵੱਖ ਵਿਸ਼ਿਆਂ ਉਪਰ ਲੈਕਚਰਾਂ ਅਤੇ ਵਰਕਸ਼ਾਪਾਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ।  ਇਸ ਟਰੇਨਿੰਗ ਦਾ ਵਿਦਿਆਰਥੀਆਂ ਨੂੰ ਲਾਭ ਹੋਵੇਗਾ। ਇਸ ਮੌਕੇ ਇੰਸਟੀਚਿਊਟ ਤੋਂ ਬੀਬੀ ਹਰਮੀਤ ਕੌਰ, ਸ੍ਰ. ਹਰਪ੍ਰੀਤ ਸਿੰਘ, ਟਰਸੱਟਿ ਦਾ ਸਟਾਫ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ।