5 Dariya News

ਭਾਸ਼ਾ ਵਿਭਾਗ ਦੇ 75ਵੇਂ ਸਥਾਪਨਾ ਦਿਵਸ ਮੌਕੇ ਕਰਵਾਇਆ ਸ਼ਾਨਦਾਰ ਸਮਾਗਮ

ਸੰਤ ਰਾਮ ਬੀ.ਏ ਦੀ ਸਵੈ-ਜੀਵਨੀ ‘ਮੇਰੇ ਜੀਵਨ ਦੇ ਅਨੁਭਵ’ ਦਾ ਡਾ. ਜਸਵੰਤ ਰਾਏ ਵਲੋਂ ਪੰਜਾਬੀ ਅਨੁਵਾਦ ਲੋਕ-ਅਰਪਣ

5 Dariya News

ਹੁਸ਼ਿਆਰਪੁਰ 02-Jan-2023

ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਅਤੇ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ. ਵੀਰਪਾਲ ਕੌਰ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵਲੋਂ ਜ਼ਿਲ੍ਹਾ ਲਾਇਬ੍ਰੇਰੀ ਹੁਸ਼ਿਆਰਪੁਰ ਵਿਖੇ ਭਾਸ਼ਾ ਵਿਭਾਗ ਦਾ 75ਵਾਂ ਸਥਾਪਨਾ ਦਿਵਸ ਮਨਾਇਆ ਗਿਆ। 

ਇਸ ਮੌਕੇ ਕਰਵਾਏ ਸ਼ਾਨਦਾਰ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਚਿੰਤਕ ਸਤਵਿੰਦਰ ਮਦਾਰਾ, ਐਡਵੋਕੇਟ ਰਣਜੀਤ ਕੁਮਾਰ, ਮਦਨ ਵੀਰਾ ਅਤੇ ਡਾ. ਕਰਮਜੀਤ ਸਿੰਘ ਸ਼ਾਮਿਲ ਹੋਏ। ਸਮਾਗਮ ਦੇ ਪਹਿਲੇ ਹਿੱਸੇ ਵਿੱਚ ਜ਼ਿਲ੍ਹੇ ਭਰ ਦੀਆਂ ਸਾਹਿਤਕ ਤੇ ਸਮਾਜਿਕ ਹਸਤੀਆਂ ਨੂੰ ਜੀ ਆਇਆਂ ਆਖਦਿਆਂ ਡਾ.ਜਸਵੰਤ ਰਾਏ ਖੋਜ ਅਫ਼ਸਰ ਨੇ ਦੱਸਿਆ ਕਿ 1 ਜਨਵਰੀ, 1948 ਨੂੰ ਸਥਾਪਿਤ ਹੋਇਆ ਇਹ ਵਿਭਾਗ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੀ ਤਰੱਕੀ ਲਈ ਲਗਾਤਾਰ ਹੰਭਲ਼ੇ ਮਾਰ ਰਿਹਾ ਹੈ। 

ਉਨ੍ਹਾਂ ਕਿਹਾ ਕਿ ਵਿਭਾਗ ਹੁਣ ਤੱਕ ਸੋਲ਼ਾਂ ਸੌ ਤੋਂ ਵੱਧ ਦੇਸੀ ਅਤੇ ਵਿਦੇਸ਼ੀ ਜ਼ੁਬਾਨਾਂ ਦੀਆਂ ਦੁਰਲਭ ਅਤੇ ਮਿਆਰੀ ਪੁਸਤਕਾਂ ਦੀ ਪ੍ਰਕਾਸ਼ਨਾ ਕਰ ਚੁੱਕਾ ਹੈ। ਪ੍ਰੋੜ ਅਤੇ ਨਵੀਂ ਪੀੜ੍ਹੀ ਦੇ ਲੇਖਕਾਂ ਦੀਆਂ ਦੀਆਂ ਰਚਨਾਵਾਂ ਦੀ ਪ੍ਰਕਾਸ਼ਨਾ ਲਈ ਪੰਜਾਬੀ, ਹਿੰਦੀ ਅਤੇ ਉਰਦੂ ਜ਼ੁਬਾਨਾਂ ਵਿੱਚ ਚਾਰ ਮਹੀਨਾਵਾਰ ਮੈਗਜ਼ੀਨ ਸੰਪਾਦਿਤ ਕੀਤੇ ਜਾ ਰਹੇ ਹਨ। 

ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਪੈਦਾ ਕੀਤੀ ਜਾ ਰਹੀ ਇਸ ਲੋਕ ਲਹਿਰ ਦੀ ਸਫ਼ਲਤਾ ਲਈ ਲੇਖਕਾਂ, ਬੁਧੀਜੀਵੀਆਂ ਅਤੇ ਸਾਹਿਤ ਪ੍ਰੇਮੀਆਂ ਦਾ ਸਹਿਯੋਗ ਲੋੜੀਂਦਾ ਹੈ।ਸਮਾਗਮ ਦੇ ਦੂਜੇ ਹਿੱਸੇ ਵਿੱਚ ਸੰਤ ਰਾਮ ਬੀ.ਏ ਦੀ ਸਵੈ-ਜੀਵਨੀ ‘ਮੇਰੇ ਜੀਵਨ ਦੇ ਅਨੁਭਵ’, ਜਿਹੜੀ ਕਿ ਹਿੰਦੀ ਭਾਸ਼ਾ ਦੀ ਪਹਿਲੀ ਸਵੈ-ਜੀਵਨੀ ਹੈ ਦਾ ਡਾ. ਜਸਵੰਤ ਰਾਏ ਵਲੋਂ ਕੀਤਾ ਹਿੰਦੀ ਅਨੁਵਾਦ ਲੋਕ-ਅਰਪਣ ਕੀਤਾ ਗਿਆ। 

ਮੁਖ ਬੁਲਾਰੇ ਵਜੋਂ ਸੰਵਾਦ ਰਚਾਉਂਦਿਆਂ ਮਦਨ ਵੀਰਾ ਨੇ ਜਾਤ, ਜਮਾਤ, ਸਾਹਿਤ ਅਤੇ ਸਮਾਜ ਸੰਬੰਧੀ ਸੰਤਰਾਮ ਬੀ.ਏ. ਦੇ ਕਥਨਾਂ ਨੂੰ ਲੈ ਕੇ ਨਿੱਜੀ ਤਜਰਬਿਆਂ ’ਚੋਂ ਦਿਲ-ਦਹਿਲਾ ਦੇਣ ਵਾਲੇ ਬਿਰਤਾਂਤ ਸਾਂਝੇ ਕੀਤੇ। ਚਿੰਤਕ ਸਤਵਿੰਦਰ ਮਦਾਰਾ ਨੇ ਬੀ.ਏ. ਦੇ ਕਈ ਅਣਗੌਲ਼ੇ ਪੱਖਾਂ ਨੂੰ ਸਾਹਮਣੇ ਲਿਆਂਦਾ।ਐਡਵੋਕੇਟ ਰਣਜੀਤ ਕੁਮਾਰ ਨੇ ਬਾਕੀ ਸਮਾਜਿਕ ਰਹਿਬਰਾਂ ਦੇ ਸੰਘਰਸ਼ ਨੂੰ ਇਸ ਅਨੁਵਾਦ ਨਾਲ ਜੋੜ ਕੇ ਸੰਵਾਦ ਨੂੰ ਸਿਖ਼ਰ ’ਤੇ ਪਹੁੰਚਾਇਆ।ਨਵਤੇਜ ਗੜ੍ਹਦੀਵਾਲਾ, ਡਾ. ਸੁਖਦੇਵ ਸਿੰਘ, ਜਸਪਾਲ ਸਿੰਘ ਖੀਵਾ, ਧਰਮਪਾਲ ਸਾਹਿਲ ਨੇ ਵੀ ਚਰਚਾ ’ਚ ਹਿੱਸਾ ਲਿਆ।

ਪ੍ਰਧਾਨਗੀ ਭਾਸ਼ਣ ਵਿੱਚ ਡਾ. ਕਰਮਜੀਤ ਸਿੰਘ ਨੇ ਅਨੁਵਾਦਕ ਡਾ. ਜਸਵੰਤ ਰਾਏ ਨੂੰ ਇਸ ਆਹਲਾ ਕੰਮ ਦੀ ਵਧਾਈ ਦਿੰਦਿਆਂ ਬਹਿਸ ਨੂੰ ਬੜੀ ਸੰਵੇਦਨਾ ਨਾਲ ਸਮੇਟ ਕੇ ਉੱਠੇ ਸਵਾਲਾਂ ਦੇ ਜਵਾਬ ਵੀ ਦਿੱਤੇ।ਇਸ ਮੌਕੇ ਭਾਸ਼ਾ ਵਿਭਾਗ ਵਲੋਂ ਲਗਾਈ ਪੁਸਤਕ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ।ਆਏ ਹੋਏ ਮਹਿਮਾਨ ਲੇਖਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਸਟੇਜ ਦੀ ਕਾਰਵਾਈ ਡਾ. ਜਸਵੰਤ ਰਾਏ ਨੇ ਚਲਾਈ। 

ਸਮਾਗਮ ਵਿੱਚ ਕੁਲਤਾਰ ਸਿੰਘ ਕਲਤਾਰ, ਰੌਸ਼ਨ ਭਾਰਤੀ, ਅਮਰੀਕ ਡੋਗਰਾ, ਡਾ. ਸੁਰਿੰਦਰ ਕੁਮਾਰ, ਅਵਤਾਰ ਲੰਗੇਰੀ, ਸੁਰਿੰਦਰ ਕੰਗਵੀ, ਪ੍ਰਿੰਸੀਪਲ ਸਤਵੰਤ ਕਲੋਟੀ, ਜਸਵਿੰਦਰ ਜੱਸੀ, ਐਡਵੋਕੇਟ ਹਨੀ ਅਜ਼ਾਦ, ਯੋਧਾ ਮੱਲ ਪਾਲ,ਰਾਮ ਲੁਭਾਇਆ, ਦਰਸ਼ਨ ਸਿੰਘ ਦਰਸ਼ਨ, ਲੈਕ. ਬਲਦੇਵ ਸਿੰਘ, ਰਾਜਵਿੰਦਰ ਕੌਰ,ਬਬੀਤਾ ਰਾਣੀ, ਅੰਕੁਸ਼ ਰਾਏ, ਜੁਗਲ ਕਿਸ਼ੋਰ, ਸੰਦੀਪ ਕੁਮਾਰ, ਪਵਨ ਕੁਮਾਰ, ਸੁਰਿੰਦਰ ਕੁਮਾਰ, ਹਰਸ਼ਵਿੰਦਰ ਕੌਰ, ਅੰਜੂ ਵੀ ਰੱਤੀ, ਪ੍ਰਭਜੋਤ ਕੌਰ, ਹਰਦੀਪ ਗਿੱਲ, ਹਰਦਿਆਲ ਹੁਸ਼ਿਆਰਪੁਰੀ, ਆਯੂਸ ਸ਼ਰਮਾ, ਹਰਦਿਆਲ ਸਿੰਘ, ਪ੍ਰਿੰ ਗੁਰਦਿਆਲ ਸਿੰਘ ਫੁੱਲ, ਸੱਚਦੇਵਾ, ਡਾ. ਹਰਪ੍ਰੀਤ ਸਿੰਘ, ਹਰਵਿੰਦਰ ਸਾਹਬੀ ਆਦਿ ਸਾਹਿਤ ਪ੍ਰੇਮੀ ਹਾਜ਼ਰ ਸਨ।