5 Dariya News

ਗੁਰਦੁਆਰਾ ਸਾਹਿਬ ਸਮਾਜ ਸੇਵਾ ਦੇ ਕੇਂਦਰ ਹਨ : ਭਾਈ ਸ਼ਮਸ਼ੇਰ ਸਿੰਘ

5 Dariya News

ਕੁਰਾਲੀ 29-Dec-2022

ਪ੍ਰਭ ਆਸਰਾ (ਸਰਬ ਸਾਂਝਾ ਪਰਿਵਾਰ) ਕੁਰਾਲੀ ਵਿਖੇ 'ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ  ਅਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ, ਬਹਾਦਰਗੜ' (ਪਟਿਆਲਾ) ਦੇ "ਬੈਚੁਲਰ ਆਫ ਮੈਨੇਜਮੈਂਟ ਸਟੱਡੀਜ਼ (ਗੁਰਦੁਆਰਾ ਮੈਨੇਜਮੈਂਟ)" ਦੇ ਸਾਲ ਤੀਜਾ ਦੇ ਵਿਦਿਆਰਥੀਆਂ ਦੀ 14 ਦਿਨਾਂ ਦੀ ਟਰੇਨਿੰਗ ਚੱਲ ਰਹੀ ਹੈ। ਇਸੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਅਜਮੇਰ ਸਿੰਘ ਖੇੜਾ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕਰਨ ਪੁੱਜੇ। 

ਉਨ੍ਹਾਂ ਕਿਹਾ ਕਿ ਸੇਵਾ ਦੀ ਭਾਵਨਾ ਨਾਲ ਅਸੀਂ ਹਰ ਥਾਂ ਕਾਮਯਾਬ ਹੋ ਸਕਦੇ ਹਾਂ। ਵਿਦਿਆਰਥੀਆਂ ਨੇ ਆਪਣੇ ਅਨੁਭਵ ਵੀ ਸਾਂਝੇ ਕੀਤੇ। ਇੰਸਟੀਚਿਊਟ ਵੱਲੋਂ ਵਿਦਿਆਰਥੀਆਂ ਲਈ ਵਿਸ਼ੇਸ਼ ਲੈਕਚਰਾਂ ਅਤੇ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਤਹਿਤ ਸ. ਬਲਬੀਰ ਸਿੰਘ ਚੰਡੀਗੜ੍ਹ ਨੇ ਸਿਖਿਆਰਥੀਆਂ ਨਾਲ Quality work in Management ਵਿਸ਼ੇ ਤਹਿਤ ਵਿਚਾਰ ਸਾਂਝੇ ਕੀਤੇ। ਉਹਨਾਂ ਦੱਸਿਆ ਕਿ ਸਾਡੇ ਵਿਵਹਾਰ ਦੇ ਤਿੰਨ ਪੜਾਅ ਸੋਚ, ਭਾਵਨਾ ਤੇ ਕਾਰਵਾਈ ਹਨ। 

ਇਨ੍ਹਾਂ ਨੂੰ  ਸਮਝਣ ਦੀ ਲੋੜ ਹੈ। ਮੈਨੇਜਮੈਂਟ ਦੱਸਦੀ ਹੈ ਕਿ ਆਪਣੇ ਆਪ ਨੂੰ ਹੋਰ ਬਿਹਤਰ ਬਣਾਉਣ ਲਈ ਹਮੇਸ਼ ਯਤਨਸ਼ੀਲ ਰਹੋ। ਆਪਣੇ ਆਪ ਦਾ ਵਿਸ਼ਲੇਸ਼ਣ ਕਰੋ। ਹਰ ਕੰਮ ਏਨੀ ਦ੍ਰਿੜਤਾ ਨਾਲ ਕਰੀਏ ਕਿ ਉਹ ਸਾਨੂੰ ਅੱਗੇ ਲੈ ਕੇ ਜਾਵੇ।ਕਠਿਨਾਈਆਂ ਸਾਨੂੰ ਸਿਖਾਉਂਦੀਆਂ ਹਨ। ਡਾ. ਪਰਮਜੀਤ ਸਿੰਘ ਚੰਡੀਗੜ੍ਹ ਨੇ The Role of Discipline and teamwork in Management ਵਿਸ਼ੇ ਤਹਿਤ ਕਿਹਾ ਕਿ ਅਨੁਸ਼ਾਸਨ ਦੋ ਤਰ੍ਹਾਂ ਦਾ ਹੈ; ਇਕ ਜ਼ਬਰਦਸਤੀ ਵਾਲਾ ਅਤੇ ਦੂਸਰਾ ਸਵੈ-ਅਨੁਸ਼ਾਸਨ। ਅਨੁਸ਼ਾਸਨ ਅਤੇ ਟੀਮਵਰਕ ਇਕ ਦੂਜੇ ਦੇ ਸਹਾਇਕ ਹਨ। 

ਚੰਗੀ ਮੈਨੇਜਮੈਂਟ ਲਈ ਇਨ੍ਹਾਂ ਦੋਹਾਂ ਦਾ ਹੋਣਾ ਬਹੁਤ ਜ਼ਰੂਰੀ ਹੈ।ਪ੍ਰਭ ਆਸਰਾ ਸੰਸਥਾ ਦੇ ਮੁਖ ਸੇਵਾਦਾਰ ਭਾਈ ਸ਼ਮਸ਼ੇਰ ਸਿੰਘ ਨੇ ਸਿਖਿਆਰਥੀਆਂ ਨੂੰ ਸੁਨੇਹਾ ਦਿੱਤਾ ਕਿ ਗੁਰਦੁਆਰਾ ਸਾਹਿਬਾਨ ਸਮਾਜ ਸੇਵਾ ਦੇ ਕੇਂਦਰ ਹਨ ਜਿਸ ਲਈ ਸਾਨੂੰ ਤਿਆਰ ਕੀਤਾ ਜਾ ਰਿਹਾ ਹੈ। ਹਰ ਵੇਲੇ ਸਿੱਖਣਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਸੇਵਾ ਲਈ ਤਿਆਰ ਕਰਨਾ ਚਾਹੀਦਾ ਹੈ। ਇਸ ਨਾਲ ਹੀ ਸਾਡੀ ਆਤਮਕ ਅਤੇ ਬੌਧਿਕ ਉਨਤੀ ਹੁੰਦੀ ਹੈ। ਗਿਆਨ ਦਾ ਅਮਲ ਸਾਨੂੰ ਕਾਮਯਾਬ ਬਣਾਉਂਦਾ ਹੈ। ਇਸ ਮੌਕੇ ਇੰਸਟੀਚਿਊਟ ਤੋਂ ਸ. ਭਵਜੋਤ ਸਿੰਘ, ਵਿਦਿਆਰਥੀ ਅਤੇ ਸੰਸਥਾ ਦਾ ਸਟਾਫ਼ ਹਾਜ਼ਰ ਸੀ।