5 Dariya News

ਸਿਵਲ ਹਸਪਤਾਲ ‘ਚ ਜਲਦ ਸ਼ੁਰੂ ਹੋ ਰਿਹੈ ਬਰਨ ਯੂਨਿਟ ਅਤੇ ਆਰ.ਟੀ. ਪੀ.ਸੀ. ਆਰ. ਸੈਂਪਲਿੰਗ ਤੇ ਟੈਸਟਿੰਗ ਲੈਬ

ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਟਰੌਮਾ ਸੈਂਟਰ ‘ਚ 1.25 ਕਰੋੜ ਰੁਪਏ ਦੀ ਲਾਗਤ ਨਾਲ ਬਰਨ ਯੂਨਿਟ ਤਿਆਰ

5 Dariya News

ਜਲੰਧਰ 28-Dec-2022

ਸਿਵਲ ਹਸਪਤਾਲ ਵਿਖੇ ਮਰੀਜ਼ਾਂ ਦੀ  ਸਹੂਲਤ ਲਈ ਅਤਿ ਆਧੁਨਿਕ ਬਰਨ ਯੂਨਿਟ ਅਤੇ ਆਰ.ਟੀ.-ਪੀ.ਸੀ.ਆਰ. ਸੈਂਪਲਿੰਗ ਤੇ ਟੈਸਟਿੰਗ ਲੈਬ ਜਲਦ ਸ਼ੁਰੂ ਹੋਣ ਜਾ ਰਹੀ ਹੈ । ਅਤਿ ਆਧੁਨਿਕ ਸਹੂਲਤਾਂ ਨਾਲ ਲੈਸ 14 ਬਿਸਤਰਿਆਂ ਵਾਲਾ ‘ਬਰਨ ਵਾਰਡ’ ਜਿਸ ਨੂੰ 19 ਬੈਡਾਂ ਤੱਕ ਵਧਾਇਆ ਜਾ ਸਕਦਾ ਹੈ ਮਰੀਜ਼ਾਂ ਨੂੰ ਅਤਿ-ਆਧੁਨਿਕ ਸਿਹਤ ਸਹੂਲਤਾਂ ਰਾਹੀਂ ਲੋੜੀਂਦਾ ਇਲਾਜ ਪ੍ਰਦਾਨ ਕਰੇਗਾ। ਇਹ ਨਵਾਂ ਬਣਿਆ ਬਰਨ ਯੂਨਿਟ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਹੈ ਅਤੇ ਮਰੀਜ਼ਾਂ ਦੀ ਸਹੂਲਤ ਲਈ ਇਸ ਵਿੱਚ ਮੁਕੰਮਲ ਗੈਸ ਪਾਈਪ ਲਾਈਨ ਲਗਾਈ ਗਈ ਹੈ। 

ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ, ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ, ਜਿਨ੍ਹਾਂ ਦੇ ਨਾਲ ਸਿਵਲ ਸਰਜਨ ਡਾ.ਰਮਨ ਸ਼ਰਮਾ ਅਤੇ ਸੀਨੀਅਰ ਡਾਕਟਰਾਂ ਦੀ ਟੀਮ ਮੌਜੂਦ ਸੀ, ਵਲੋਂ ਅੱਜ ਬਰਨ ਵਾਰਡ, ਆਰ.ਟੀ.-ਪੀ.ਸੀ.ਆਰ. ਸੈਂਪਲਿੰਗ ਤੇ ਟੈਸਟਿੰਗ ਲੈਬ ਅਤੇ ਆਕਸੀਜਨ ਪਲਾਂਟਾਂ ਦਾ ਦੌਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਰਨ ਵਾਰਡ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਲੋਂ 1.25 ਕਰੋੜ ਰੁਪਏ ਦੀ ਲਾਗਤ  ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨਵੇਂ ਸਾਲ ਵਿੱਚ  ਇਹ ਬਰਨ ਵਾਰਡ ਸ਼ੁਰੂ ਹੋ ਜਾਵੇਗੀ ਅਤੇ ਮਰੀਜ਼ਾਂ ਨੂੰ ਵੱਡੀ ਰਾਹਤ ਪਹੁੰਚਾਏਗੀ ।

ਵਿਧਾਇਕ ਅਤੇ ਡਿਪਟੀ ਕਮਿਸ਼ਨਰ ਵਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਸ, ਫ਼ਰੀਦਕੋਟ ਵਲੋਂ ਰੋਜ਼ਾਨਾ 1000 ਆਰ.ਟੀ.-ਪੀ.ਸੀ.ਆਰ.ਟੈਸਟ ਕਰਨ ਦੀ ਸਮਰੱਥਾ ਵਾਲੀ ਨਵੀਂ ਬਣਾਈ ਗਈ ਲੈਬਾਰਟਰੀ ਦਾ ਵੀ ਦੌਰਾ ਕੀਤਾ ਗਿਆ। ਮੈਡੀਕਲ ਸੁਪਰਡੰਟ ਡਾ.ਰਾਜੀਵ ਸ਼ਰਮਾ ਨੇ ਦੱਸਿਆ ਕਿ ਇਹ ਲੈਬਾਰਟਰੀ ਪੁਰਾਣੀ ਓਰਥੌਪੀਐਡਿਕਸ ਵਾਰਡ ਵਿਖੇ ਬਣਾਈ ਗਈ ਹੈ ਜਿਥੇ ਆਰ.ਟੀ.-ਪੀ.ਸੀ.ਆਰ. ਟੈਸਟਾਂ ਦੀ ਉਸੇ ਦਿਨ ਹੀ ਰਿਪੋਰਟਾਂ ਰਵੀ ਦਿੱਤੀਆਂ ਜਾਣਗੀਆਂ। 

ਲੈਬ ਨੂੰ 600 ਸਕੇਅਰ ਫੁੱਟ ਖੇਤਰ ਵਿੱਚ ਬਣਾਇਆ ਗਿਆ ਹੈ ਜਿਥੇ ਡਾਕਟਰ ਅਤੇ ਹੋਰ ਸਹਿਯੋਗੀ ਅਮਲੇ ਤੋਂ ਇਲਾਵਾ ਟੈਸਟਿੰਗ ਦੇ 10 ਮੈਂਬਰਾਂ ਵਲੋਂ ਟੈਸਟ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜਾਇਆ ਜਾਵੇਗਾ। ਡਾ.ਰਾਜੀਵ ਸ਼ਰਮਾ ਨੇ ਦੱਸਿਆ ਕਿ ਇਸ ਲੈਬ ਨੂੰ ਜਲਦ ਹੀ ਸਿਵਲ ਹਸਪਤਾਲ ਨੂੰ ਸਪੁਰਦ ਕਰ ਦਿੱਤਾ ਜਾਵੇਗਾ ਤੇ ਇਸ ਉਪਰੰਤ ਜਲਦ ਹੀ ਅਪਣਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ

ਵਿਧਾਇਕ ਰਮਨ ਅਰੋੜਾ ਵਲੋਂ ਸਬੰਧਿਤ ਅਥਾਰਟੀਆਂ ਨੂੰ ਇਹ ਵੀ ਕਿਹਾ ਗਿਆ ਕਿ ਰੈਡ ਕਰਾਸ ਦਵਾਈਆਂ ਦੀ ਦੁਕਾਨ ਨੂੰ ਸਿਵਲ ਹਸਪਤਾਲ ਵਿੱਚ ਖੋਲਿ੍ਹਆ ਜਾਵੇ ਕਿਉਂਕਿ ਜਨ ਔਸ਼ਧੀ ਕੇਂਦਰ ਪਿਛਲੇ ਕੁਝ ਸਮੇਂ ਤੋਂ ਚੱਲ ਨਹੀਂ ਰਿਹਾ। ਮੈਡੀਕਲ ਸੁਪਰਡੰਟ ਵਲੋਂ ਡਿਪਟੀ ਕਮਿਸ਼ਨਰ ਨੂੰ ਭਰੋਸਾ ਦੁਆਇਆ ਗਿਆ ਕਿ ਸਾਰੀਆਂ ਸਹੂਲਤਾਂ ਨਿਸ਼ਚਿਤ ਸਮੇਂ ਅੰਦਰ ਉਪਲਬੱਧ ਕਰਵਾ ਦਿੱਤੀਆਂ ਜਾਣਗੇ ਅਤੇ ਹਸਪਤਾਲ ਪ੍ਰਸ਼ਾਸਨ ਇਹ ਨਵੇਂ ਯੂਨਿਟ ਚਾਲੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ.ਰਮਨ ਗੁਪਤਾ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਰਾਕੇਸ਼ ਕੁਮਾਰ ਅਤੇ ਹੋਰ ਵੀ ਮੌਜੂਦ ਸਨ।