5 Dariya News

ਪੰਜਾਬ 'ਚ ਦਾਖਲ ਹੋਣ ਵਾਲਿਆਂ ਦੇ ਸਵਾਗਤ ਲਈ ਸ਼ੰਭੂ ਵਾਲੇ ਰਸਤੇ ਦਾ ਕੀਤਾ ਜਾਵੇਗਾ ਸੁੰਦਰੀਕਰਨ : ਸਾਕਸ਼ੀ ਸਾਹਨੀ

ਡਿਪਟੀ ਕਮਿਸ਼ਨਰ ਵੱਲੋਂ ਸ਼ੰਭੂ ਵਾਲੇ ਰਸਤੇ ਦੇ ਸੁੰਦਰੀਕਰਨ ਲਈ ਸਬੰਧਤ ਵਿਭਾਗਾਂ ਨੂੰ ਹਦਾਇਤਾਂ

5 Dariya News

ਰਾਜਪੁਰਾ/ਪਟਿਆਲਾ 27-Dec-2022

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਪੰਜਾਬ ਵਿਚ ਦਾਖਲ ਵਾਲੇ ਲੋਕਾਂ ਦਾ ਸੂਬੇ ਦੀ ਐਂਟਰੀ ਉਤੇ ਸਵਾਗਤ ਕਰਨ ਲਈ ਰਾਜਪੁਰਾ ਦੇ ਸ਼ੰਭੂ ਖੇਤਰ ਵਿਚ ਸੜਕ 'ਤੇ ਹੇਜ ਦਾ ਇਸ ਤਰ੍ਹਾਂ ਦਾ ਸੁੰਦਰੀਕਰਨ ਕੀਤਾ ਜਾਵੇ ਕਿ ਬਾਹਰੋਂ ਆਉਣ ਵਾਲਿਆਂ ਨੂੰ ਪੰਜਾਬ ਦੀ ਧਰਤੀ ਉਤੇ ਆਉਣ ਦਾ ਅਹਿਸਾਸ ਹੋ ਸਕੇ। ਉਹ ਅੱਜ ਪੰਜਾਬ ਵਿਚ ਦਾਖਲ ਹੋਣ ਵਾਲੇ ਸ਼ੰਭੂ ਵਾਲੇ ਰਸਤੇ ਦੇ ਸੁੰਦਰੀਕਰਨ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ। ਇਸ ਮੌਕੇ ਐਸ.ਡੀ.ਐਮ. ਰਾਜਪੁਰਾ ਡਾ. ਸੰਜੀਵ ਕੁਮਾਰ ਵੀ ਮੌਜੂਦ ਸਨ।

ਸਾਕਸ਼ੀ ਸਾਹਨੀ ਨੇ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੰਜਾਬ 'ਚ ਆਉਣ ਵਾਲਿਆਂ ਨੂੰ 'ਜੀਆਇਆਂ' ਆਖਣ ਲਈ ਹੇਜ ਦੀ ਇਸ ਤਰ੍ਹਾਂ ਲੈਂਡਸਕੇਪਿੰਗ ਕੀਤੀ ਜਾਵੇ ਕਿ ਦੂਰ ਤੋਂ ਹੀ ਰਾਹਗੀਰਾਂ ਨੂੰ ਪਤਾ ਲੱਗ ਸਕੇ ਕਿ ਉਹ ਹੁਣ ਪੰਜਾਬ ਵਿੱਚ ਦਾਖਲ ਹੋ ਗਏ ਹਨ। ਉਨ੍ਹਾਂ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਹੁਣੇ ਤੋਂ ਹੀ ਕੰਮ ਸ਼ੁਰੂ ਕਰਨ ਲਈ ਕਿਹਾ। ਉਨ੍ਹਾਂ ਐਸ.ਡੀ.ਐਮ. ਰਾਜਪੁਰਾ ਡਾ. ਸੰਜੀਵ ਕੁਮਾਰ ਨੂੰ ਅੱਜ ਖੁਦ ਮੌਕੇ ਦਾ ਦੌਰਾ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਦੌਰਾ ਕਰਨ ਉਪਰੰਤ ਕੰਮ ਪੂਰਾ ਕਰਨ ਦੀ ਸਮਾਂ ਸੀਮਾ ਵੀ ਨਿਰਧਾਰਤ ਕੀਤੀ ਜਾਵੇ।

ਇਸ ਮੌਕੇ ਐਸ.ਡੀ.ਐਮ. ਰਾਜਪੁਰਾ ਡਾ. ਸੰਜੀਵ ਕੁਮਾਰ ਨੇ ਦੱਸਿਆ ਕਿ ਮੁੱਖ ਮਾਰਗ ਉਤੇ ਸੁੰਦਰੀਕਰਨ ਦਾ ਕੰਮ ਐਨ.ਐਚ.ਏ.ਆਈ ਦੇ ਸਹਿਯੋਗ ਨਾਲ ਕੀਤਾ ਜਾਵੇਗਾ ਅਤੇ ਐਨ.ਐਚ.ਏ.ਆਈ ਦੇ ਅਧਿਕਾਰ ਖੇਤਰ ਤੋਂ ਬਾਹਰ ਵਾਲਾ ਕੰਮ ਬਾਗਬਾਨੀ ਤੇ ਜੰਗਲਾਤ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਗਗਨ ਚੌਂਕ ਦੇ ਸੁੰਦਰੀਕਰਨ ਲਈ ਕਾਰਜਸਾਧਕ ਅਫ਼ਸਰ ਵੱਲੋਂ ਪਹਿਲਾਂ ਤੋਂ ਹੀ ਕਾਰਵਾਈ ਅਰੰਭ ਦਿੱਤੀ ਗਈ ਹੈ, ਜਿਸ ਵਿਚ ਬਾਗਬਾਨੀ ਵਿਭਾਗ ਸਹਿਯੋਗ ਕਰੇਗਾ।

ਉਨ੍ਹਾਂ ਦੱਸਿਆ ਕਿ ਬਾਗਬਾਨੀ ਵਿਭਾਗ, ਜੰਗਲਾਤ ਤੇ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨੂੰ ਨਾਲ ਲੈਕੇ ਪ੍ਰੋਜੈਕਟ ਦੀ ਰੂਪ ਰੇਖਾ ਜਲਦੀ ਹੀ ਤਿਆਰ ਕਰ ਲਈ ਜਾਵੇਗੀ।ਮੀਟਿੰਗ ਵਿਚ ਐਨ.ਐਚ.ਏ.ਆਈ ਤੋਂ ਸਾਹਿਲ ਰਾਵਤ, ਜੰਗਲਾਤ ਰੇਂਜ ਅਫ਼ਸਰ ਰਾਜਪੁਰਾ ਰਾਕੇਸ਼ ਕੁਮਾਰ, ਵਿਕਾਸ ਬਾਤਿਸ਼, ਕਾਰਜਸਾਧਕ ਅਫ਼ਸਰ ਚੇਤਨ ਸ਼ਰਮਾ ਅਤੇ ਨਵਦੀਪ ਸਿੰਘ ਵੀ ਮੌਜੂਦ ਸਨ।