ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵਲੋਂ ਮਾਲੀਆ ਉਗਰਾਹੁਣ ਦੇ ਕੰਮ ਵਿਚ ਤੇਜ਼ੀ ਲਿਆਉਣ ਦੇ ਹੁਕਮ
ਸਵੈਇੱਛਤ ਡਿਫਾਲਟਰਾਂ ਵਿਰੁੱਧ ਸਖਤੀ ਵਰਤਣ ਦੇ ਨਿਰਦੇਸ਼, ਇੰਤਕਾਲਾਂ,ਤਕਸੀਮ,ਨਿਸ਼ਾਨਦੇਹੀ ਦੇ ਬਕਾਇਆ ਕੇਸਾਂ ਨੂੰ ਜਲਦ ਨਿਪਟਾਉਣ ਲਈ ਵੀ ਕਿਹਾ
5 Dariya News
ਕਪੂਰਥਲਾ 29-Nov-2022
ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਵਿਸ਼ੇਸ਼ ਸਾਰੰਗਲ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਬਕਾਇਆ ਇੰਤਕਾਲਾਂ ਦੇ ਕੇਸਾਂ ਦਾ ਜਲਦ ਨਿਪਟਾਰਾ ਯਕੀਨੀ ਬਣਾਉਣ ਦੇ ਨਾਲ-ਨਾਲ ਰਿਕਵਰੀ ਕੇਸਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣ ਤਾਂ ਜੋ ਸਰਕਾਰੀ ਖਜ਼ਾਨੇ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਬਚਿਆ ਜਾ ਸਕੇ।ਅੱਜ ਇਥੇ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਦਾਇਰ ਇੰਤਕਾਲਾਂ,ਨਿਸ਼ਾਨਦੇਹੀ,ਤਕਸੀਮ ਦੇ ਕੇਸਾਂ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਵੇ ਅਤੇ ਵਿਸ਼ੇਸ਼ ਕਰਕੇ 6 ਮਹੀਨੇ ਤੋਂ ਜ਼ਿਆਦਾ ਸਮੇਂ ਵਾਲੇ ਕੇਸਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ।
ਮਾਲ ਵਿਭਾਗ ਦੇ ਰਿਕਵਰੀ ਕੇਸਾਂ ਵਿਚ ਮਾਲੀਆ ਉਗਰਾਹੁਣ ਵਿਚ ਦੇਰੀ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਵੱਖ-ਵੱਖ ਤਹਿਸੀਲਾਂ ਵਿਚ ਮਾਲੀਆ ਇਕੱਤਰ ਕਰਨ ਸਬੰਧੀ ਯਤਨ ਤੇਜ਼ ਕਰਨ।ਦੱਸਣਯੋਗ ਹੈ ਕਿ ਕਪੂਰਥਲਾ ਤਹਿਸੀਲ ਵਿਚ 1.18 ਕਰੋੜ,ਫਗਵਾੜਾ ਵਿਚ 33 ਲੱਖ,ਸੁਲਤਾਨਪੁਰ ਲੋਧੀ ਵਿਚ 15 ਲੱਖ ਅਤੇ ਭੁਲੱਥ ਵਿਚ 48 ਲੱਖ ਰੁਪਏ ਮਾਲੀਆ ਉਗਰਾਹਿਆ ਜਾਣਾ ਹੈ। ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮਜ਼ ਨੂੰ ਕਿਹਾ ਕਿ ਉਹ ਮਾਲੀਆ ਇਕੱਤਰ ਕਰਨ ਦੇ ਯਤਨਾਂ ਦੀ ਖੁਦ ਨਿਗਰਾਨੀ ਕਰਨ।
ਉਨ੍ਹਾਂ ਸਵੈਇੱਛਤ ਡਿਫਾਲਟਰਾਂ ਵਿਰੁੱਧ ਸਖਤੀ ਵਰਤਣ ਦੇ ਹੁਕਮ ਦਿੰਦਿਆਂ ਕਿਹਾ ਕਿ ਅਜਿਹੇ ਵਿਅਕਤੀਆਂ ਦੇ ਜ਼ਮੀਨੀ ਰਿਕਾਰਡ ਵਿਚ ਇੰਦਰਾਜ ਦਰਜ ਕੀਤੇ ਜਾਣ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਮਾਲ ਵਿਭਾਗ ਦੇ ਰਿਕਾਰਡ ਦੀ ਸਮੇਂ-ਸਮੇਂ ਸਿਰ ਪੜਤਾਲ ਕਰਨ,ਤਾਂ ਜੋ ਕੰਮ ਵਿਚ ਵਧੇਰੇ ਪਾਰਦਰਸ਼ਤਾ ਅਤੇ ਜਵਾਬਦੇਹੀ ਸਥਾਪਿਤ ਕੀਤੀ ਜਾ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਜਿਨਾਂ ਕੋਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਦਾ ਵੀ ਚਾਰਜ ਹੈ, ਡਾ.ਨਯਨ ਜੱਸਲ,ਐਸ.ਡੀ.ਐਮ ਸੁਲਤਾਨਪੁਰ ਲੋਧੀ ਚੰਦਰਾਜਯੋਤੀ,ਐਸ.ਡੀ.ਐਮ ਕਪੂਰਥਲਾ ਲਾਲ ਵਿਸ਼ਵਾਸ ਬੈਂਸ, ਸਹਾਇਕ ਕਮਿਸ਼ਨਰ ਉਪਿੰਦਰਜੀਤ ਕੌਰ,ਸੁਪਰਡੈਂਟ ਮਾਲ ਸਤਬੀਰ ਸਿੰਘ,ਕਾਨੂੰਗੋ ਗੁਰਸ਼ਰਨ ਸਿੰਘ ਤੋਂ ਇਲਾਵਾ ਸਾਰੇ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਹਾਜ਼ਰ ਸਨ।