5 Dariya News

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਆਈਸੀਐੱਸਐੱਸਆਰ ਸਪੌਂਸਰ “ਸਮਾਜਿਕ ਵਿਗਿਆਨ ਵਿੱਚ ਖੋਜ ਵਿਧੀ” ਵਿਸ਼ੇ 'ਤੇ 10 ਦਿਨਾਂ ਕੋਰਸ ਸ਼ੁਰੂ

ਇਸ ਵਰਕਸ਼ਾਪ ਵਿੱਚ ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਐਮ.ਫਿਲ., ਪੀ.ਐਚ.ਡੀ. ਅਤੇ ਪੀਡੀਐਫ ਕੋਰਸ ਦੇ ਖੋਜਕਰਤਾ ਗੁਣਾਤਮਕ ਖੋਜ ਕਰਨ ਸੰਬੰਧੀ ਆਧੁਨਿਕ ਖੋਜ ਵਿਧੀ ਸਿੱਖਣ ਲਈ ਭਾਗ ਲੈ ਰਹੇ ਹਨ

5 Dariya News

ਬਠਿੰਡਾ 22-Nov-2022

ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਵਲੋਂ ਸੋਮਵਾਰ ਨੂੰ ਐਮ.ਫਿਲ, ਪੀ.ਐਚ.ਡੀ ਅਤੇ ਪੀ.ਡੀ.ਐਫ ਖੋਜਕਰਤਾਵਾਂ ਲਈ "ਸਮਾਜਿਕ ਵਿਗਿਆਨ ਵਿੱਚ ਖੋਜ ਵਿਧੀ" ਵਿਸ਼ੇ 'ਤੇ ਆਈਸੀਐੱਸਐੱਸਆਰ ਦੁਆਰਾ ਸਪਾਂਸਰ ਕੀਤੇ ਦਸ ਦਿਨਾਂ ਕੋਰਸ (21-30 ਨਵੰਬਰ) ਦਾ ਉਦਘਾਟਨੀ ਸੈਸ਼ਨ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਚਾਂਸਲਰ ਪ੍ਰੋ. ਜਗਬੀਰ ਸਿੰਘ ਨੇ ਕੀਤੀ। 

ਇਸ ਪ੍ਰੋਗਰਾਮ ਵਿੱਚ ਪ੍ਰੋ. ਕਪਿਲ ਕਪੂਰ, ਅੰਗਰੇਜ਼ੀ ਦੇ ਸਾਬਕਾ ਪ੍ਰੋਫੈਸਰ ਅਤੇ ਕੋਨਕੁਰੈਨੱਟ ਪ੍ਰੋਫੈਸਰ, ਸਪੈਸ਼ਲ ਸੈਂਟਰ ਫਾਰ ਸੰਸਕ੍ਰਿਤ ਸਟੱਡੀਜ਼, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ; ਅਤੇ ਡਾ. ਉਮਾਸ਼ੰਕਰ ਪਚੌਰੀ, ਮਹਾਮੰਤਰੀ, ਭਾਰਤੀ ਸ਼ਿਕ੍ਸ਼ਨ ਮੰਡਲ ਨੇ ਕ੍ਰਮਵਾਰ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਆਪਣੇ ਸੰਬੋਧਨ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਖੋਜਕਰਤਾਵਾਂ ਨੂੰ ਸਮਾਜਿਕ ਮੁੱਦਿਆਂ ਅਤੇ ਟਿਕਾਊ ਵਿਕਾਸ ਟੀਚਿਆਂ ਦੀ ਪੂਰਤੀ ਲਈ ਸਾਰਥਕ ਹੱਲ ਲੱਭਣ ਲਈ ਆਪਣੇ ਖੋਜ ਵਿਸ਼ੇ ਅਤੇ ਖੋਜ ਕਾਰਜਪ੍ਰਣਾਲੀ ਨੂੰ ਧਿਆਨ ਨਾਲ ਚੁਣਨਾ ਚਾਹੀਦਾ ਹੈ।

 ਮਾਨਯੋਗ ਚਾਂਸਲਰ ਪ੍ਰੋ. ਜਗਬੀਰ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਨੌਜਵਾਨ ਖੋਜਾਰਥੀਆਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜੇਕਰ ਖੋਜ ਕਾਰਜਪ੍ਰਣਾਲੀ ਨੂੰ ਵਿਕਸਿਤ ਕਰਦੇ ਸਮੇਂ ਅਨੁਭਵ ਅਤੇ ਗਿਆਨ ਦੇ ਖੇਤਰਾਂ ਨੂੰ ਧਿਆਨ ਵਿੱਚ ਨਾ ਰੱਖਿਆ ਜਾਵੇ ਤਾਂ ਡਾਟਾ ਵਿਸ਼ਲੇਸ਼ਣ ਕਈ ਵਾਰ ਗਲਤ ਨਤੀਜੇ ਵੀ  ਸਕਦੇ ਹਨ। ਉਹਨਾਂ ਨੇ ਖੋਜਕਰਤਾਵਾਂ ਨੂੰ ਖੋਜ ਦੇ ਸਮੁੱਚੇ ਸੰਦਰਭ ਨੂੰ ਸਮਝਦੇ ਹੋਏ ਢੁੱਕਵੀਂ ਖੋਜ ਵਿਧੀ ਤਿਆਰ ਕਰਨ ਦਾ ਸੁਝਾਅ ਦਿੱਤਾ।

ਮੁੱਖ ਮਹਿਮਾਨ ਪ੍ਰੋ. ਕਪਿਲ ਕਪੂਰ ਨੇ ਕਿਹਾ ਕਿ ਪੱਛਮੀ ਖੋਜਕਾਰਾਂ ਨੇ ਹਮੇਸ਼ਾ ਹੀ ਭਾਰਤੀ ਭਾਸ਼ਾਵਾਂ ਅਤੇ ਸਾਡੀ ਗਿਆਨ ਪ੍ਰਣਾਲੀ 'ਤੇ ਪੱਛਮੀ ਭਾਸ਼ਾ, ਸੰਸਕ੍ਰਿਤੀ ਅਤੇ ਵਿਚਾਰਾਂ ਦੀ ਸਰਵਉੱਚਤਾ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਦਕਿ ਭਾਰਤੀ ਗਿਆਨ ਪ੍ਰਣਾਲੀ ਨਿਰੀਖਣ 'ਤੇ ਆਧਾਰਿਤ ਹੈ ਅਤੇ ਭਾਰਤੀ ਸਭਿਅਤਾ ਨੇ ਹਮੇਸ਼ਾ ਦੁਨੀਆ ਨੂੰ ਟਿਕਾਊ ਜੀਵਨ ਸਹੇਲੀ ਅਪਨਾਉਣ ਦਾ ਸੰਦੇਸ਼ ਦਿੱਤਾ ਹੈ | 

ਉਹਨਾਂ ਨੇ ਜ਼ੋਰ ਦੇਕੇ ਕਿਹਾ ਕਿ ਖੋਜਕਰਤਾਵਾਂ ਨੂੰ ਸਮੱਸਿਆ ਦੀ ਜੜ੍ਹ ਤੱਕ ਪਹੁੰਚਣ ਲਈ ਉਹਨਾਂ ਦੇ ਖੇਤਰ ਅਧਿਐਨ ਦੌਰਾਨ ਉੱਤਰਦਾਤਾਵਾਂ ਨੂੰ ਉਹਨਾਂ ਦੀ ਪ੍ਰਤੀਕਿਰਿਆ ਦਰਜ ਕਰਨ ਲਈ ਢੁਕਵੇਂ ਮੌਕੇ ਦੇਣੇ ਚਾਹੀਦੇ ਹਨ। ਵਿਸ਼ੇਸ਼ ਮਹਿਮਾਨ ਡਾ. ਉਮਾਸ਼ੰਕਰ ਪਚੌਰੀ ਨੇ ਖੋਜਕਰਤਾਵਾਂ ਨੂੰ ਭਾਰਤ-ਕੇਂਦ੍ਰਿਤ ਖੋਜ ਵਿਧੀ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਜੋ ਮੁੱਖ ਤੌਰ 'ਤੇ ਨਿਰੀਖਣ ਅਤੇ ਤੱਥਾਂ 'ਤੇ ਆਧਾਰਿਤ ਹੈ।

ਉਦਘਾਟਨੀ ਸਮਾਰੋਹ ਵਿੱਚ ਪ੍ਰੋ. ਜਗਬੀਰ ਸਿੰਘ ਦੁਆਰਾ ਲਿਖੀ ਅਤੇ ਚੇਤਨਾ ਪਬਲੀਕੇਸ਼ਨ ਵੱਲੋਂ ਪ੍ਰਕਾਸ਼ਿਤ “ਇੰਡਿਕ ਸਿਵਿਲਾਈਜ਼ੇਸ਼ਨ ਐਂਡ ਇਟ੍ਸ ਧਰਮਾ ਟ੍ਰੈਡੀਸ਼ਨਜ਼" ਨਾਮਕ ਪੁਸਤਕ ਨੂੰ ਰਿਲੀਜ਼ ਕੀਤਾ ਗਿਆ।ਇਸ ਸਮਾਗਮ ਨੇ ਅਕਾਦਮਿਕ ਸਹਿਯੋਗ ਲਈ ਇੱਕ ਪਲੇਟਫਾਰਮ ਵੀ ਪ੍ਰਦਾਨ ਕੀਤਾ ਜਿਸ ਦੇ ਤਹਿਤ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ, ਲੌਂਗੋਵਾਲ ਅਤੇ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼, ਬਠਿੰਡਾ ਦੇ ਅਧਿਕਾਰੀਆਂ ਨੇ ਮਾਨਯੋਗ ਮਹਿਮਾਨਾਂ ਦੀ ਮੌਜੂਦਗੀ ਵਿੱਚ ਰਿਸਰਚ ਫਾਰ ਰਿਸਰਜੈਂਸ ਫਾਊਂਡੇਸ਼ਨ, ਨਾਗਪੁਰ ਨਾਲ ਇੱਕ ਸਮਝੌਤੇ ਤੇ ਹਸਤਾਖਰ ਕੀਤੇ।

ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਕੂਲ ਓਫ ਐਜੂਕੇਸ਼ਨ ਦੇ ਡੀਨ ਡਾ. ਸ਼ੰਕਰ ਲਾਲ ਬੀਕਾ ਨੇ ਪ੍ਰੋਗਰਾਮ ਦੇ ਵਿਸ਼ੇ 'ਤੇ ਚਾਨਣਾ ਪਾਇਆ |  ਉਨ੍ਹਾਂ ਨੇ ਦੱਸਿਆ ਕਿ ਇਸ ਕੋਰਸ ਲਈ ਦੇਸ਼ ਭਰ ਤੋਂ 300 ਤੋਂ ਵੱਧ ਬਿਨੈਕਾਰਾਂ ਨੇ ਅਪਲਾਈ ਕੀਤਾ ਸੀ, ਜਿਹਨਾਂ ਵਿੱਚੋਂ 17 ਰਾਜਾਂ ਅਤੇ 3 ਕੇਂਦਰ ਸ਼ਾਸਤ ਪ੍ਰਦੇਸ਼ਾਂ ਸਮੇਤ ਦੇਸ਼ ਭਰ ਦੇ 30 ਤੋਂ ਵੱਧ ਉਮੀਦਵਾਰਾਂ ਨੂੰ ਇਸ ਦਸ ਦਿਨਾਂ ਕੋਰਸ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ। ਇਸ ਵਰਕਸ਼ਾਪ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਰਿਸਰਚ ਸਕਾਲਰ ਵੀ ਭਾਗ ਲੈ ਰਹੇ ਹਨ। 

ਇਸ 10 ਰੋਜ਼ਾ ਕੋਰਸ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ 15 ਬੁਲਾਰੇ ਪ੍ਰੋਗਰਾਮ ਥੀਮ 'ਤੇ ਭਾਗੀਦਾਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਪ੍ਰੋਗਰਾਮ ਦੇ ਅੰਤ ਵਿੱਚ ਕੰਟਰੋਲਰ ਪ੍ਰੀਖਿਆਵਾਂ ਅਤੇ ਕਾਰਜਕਾਰੀ ਰਜਿਸਟਰਾਰ ਪ੍ਰੋ. ਬੀ.ਪੀ. ਗਰਗ ਨੇ ਸਭ ਦਾ ਧੰਨਵਾਦ ਕੀਤਾ। ਉਦਘਾਟਨ ਸਮਾਰੋਹ ਵਿੱਚ ਫੈਕਲਟੀ, ਰਿਸਰਚ ਸਕਾਲਰ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।