5 Dariya News

ਬਰੁੱਕਫੀਲਡ ਇੰਟਰਨੈਸ਼ਨਲ ਸਕੂਲ ਅਤੇ ਮਿੰਗਦਾਓ ਹਾਈ ਸਕੂਲ, ਤਾਇਵਾਨ ਦੇ ਵਿਦਿਆਰਥੀਆਂ ਵਿਚਕਾਰ ਇੱਕ ਆਨਲਾਈਨ ਗਲੋਬਲ ਲਰਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ

5 Dariya News

ਮੋਹਾਲੀ 15-Nov-2022

ਬਰੁੱਕਫੀਲਡ ਇੰਟਰਨੈਸ਼ਨਲ ਸਕੂਲ ਵੱਲੋਂ ਆਪਣੇ ਅੱਠਵੀਂ, ਨੌਵੀਂ ਅਤੇ ਦਸਵੀਂ ਦੇ ਵਿਦਿਆਰਥੀਆਂ ਅੰਦਰ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਆਪਣੇ ਵਿਦਿਆਰਥੀਆਂ ਅੰਤਰਰਾਸ਼ਟਰੀ ਬੁਲੰਦੀਆਂ ਤੇ ਪਹੁੰਚਣ ਦੇ ਸਵੈ-ਵਿਸ਼ਵਾਸ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਇਕ ਆਨਲਾਈਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। 

ਇਸ ਵਰਕਸ਼ਾਪ ਵਿਚ ਮਿੰਗਦਾਓ ਹਾਈ ਸਕੂਲ, ਤਾਇਵਾਨ ਦੇ ਵਿਦਿਆਰਥੀਆਂ ਨਾਲ ਸਕੂਲ ਦੇ ਵਿਦਿਆਰਥੀਆਂ ਦਰਮਿਆਨ ਵੱਖ ਵੱਖ ਵਿਸ਼ਿਆਂ ਤੇ ਵਿਚਾਰ ਚਰਚਾ ਕਰਵਾਈ ਗਈ। ਜਿਸ ਵਿਚ ਦੋਵਾਂ ਪਾਸਿਆਂ ਦੇ ਵਿਦਿਆਰਥੀਆਂ ਨੇ ਟਿਕਾਊ ਵਿਕਾਸ ਟੀਚਿਆਂ ਬਾਰੇ ਆਪਣੀਆਂ ਪ੍ਰਾਪਤੀਆਂ ਸਾਂਝੀਆਂ ਕੀਤੀਆਂ। ਦੋਹਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਜੀਵਨ ਵਿਚ ਸਿੱਖਿਆ ਦੇ ਮਹੱਤਤਾ ਅਤੇ ਉਨ੍ਹਾਂ ਦੀ ਉਮਰ ਵਿਚ ਵਿਕਾਸ ਕਰ ਰਹੇ ਉਨ੍ਹਾਂ ਦੇ ਦਿਮਾਗ਼ ਵਿਚ ਸਕਾਰਾਤਮਿਕ ਅਤੇ ਉਸਾਰੂ ਤਬਦੀਲੀਆਂ ਲਿਆਉਣ ਬਾਰੇ ਵਿਚਾਰ ਸਾਂਝੇ ਕੀਤੇ। 

ਇਸ ਦੇ ਨਾਲ ਹੀ ਇੱਕ ਪੜ੍ਹੇ-ਲਿਖੇ ਨੌਜਵਾਨ ਦੇ ਦੇਸ਼ ਦੇ ਵਿਕਾਸ ਵਿਚ ਯੋਗਦਾਨ, ਇਕ ਉਦਹਾਰਣ ਬਣ ਕੇ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਪ੍ਰੇਰਿਤ ਕਰਕੇ ਸਮਾਜ ਵਿਚ ਤਬਦੀਲੀ ਜਿਹੇ ਵਿਸ਼ੇ ਵੀ ਚਰਚਾ ਦਾ ਵਿਸ਼ਾ ਬਣੇ ਰਹੇ। ਇੱਕ ਘੰਟੇ ਤੱਕ ਚੱਲੇ ਇਸ ਗਲੋਬਲ ਲਰਨਿੰਗ ਸੈਸ਼ਨ ਵਿਚ ਦੋਵਾਂ ਪਾਸਿਆਂ ਦੇ ਵਿਦਿਆਰਥੀਆਂ ਨੇ ਆਉਣ ਵਾਲੀਆਂ ਚੁਨੌਤੀਆਂ ਲਈ ਆਪਣੇ ਕਾਰਜ-ਕਰਮ ਨੂੰ ਸਾਂਝਾ ਕੀਤਾ।

ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਸਿਹਤ ਅਤੇ ਤੰਦਰੁਸਤੀ ਵਿਸ਼ੇ ਹੇਠ ਕੀਤੇ ਇਕ ਹੋਰ ਸੈਸ਼ਨ ਵਿਚ ਸਕੂਲ ਦੇ ਸਹਾਇਕ ਸਟਾਫ਼ ਵਿਚ  ਸੀ ਤੰਦਰੁਸਤੀ ਬਾਰੇ ਜਾਗਰੂਕਤਾ ਲਿਆਉਣ ਤੇ ਵੀ ਚਰਚਾ ਕੀਤੀ। ਇਸ ਸਮੇਂ ਵਿਦਿਆਰਥੀਆਂ ਨੇ ਖੁਸੀ ਦੀ ਕੁੰਜੀ ਵਜੋਂ ਚੰਗੀ ਸਿਹਤ ਅਤੇ ਸਫ਼ਾਈ ਦੇ ਮਹੱਤਵ ਨੂੰ ਸਾਂਝਾ ਕੀਤਾ।

ਸਕੂਲ ਦੇ ਪ੍ਰਿੰਸੀਪਲ ਡਾ. ਜੇ ਕੇ ਸਿੰਘ ਨੇ ਦੋਹਾਂ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸਬੰਧਿਤ ਵਿਸ਼ਿਆਂ ਤੇ ਵਿਚਾਰ ਸਾਂਝੇ ਕਰਨ ਤੇ ਖ਼ੁਸ਼ੀ ਪ੍ਰਗਟ ਕੀਤੀ। ਪ੍ਰਿੰਸੀਪਲ ਸਿੰਘ ਨੇ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਆਪਣੇ ਦੇਸ਼ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਪੂਰੀ ਲਗਨ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ।

ਮਾਨਵ ਸਿੰਗਲਾ, ਡਾਇਰੈਕਟਰ, ਬਰੁੱਕਫੀਲਡ ਸਕੂਲ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਲਈ ਸਖ਼ਤ ਮਿਹਨਤ ਕਰਨ ਦੀ ਅਪੀਲ ਕੀਤੀ।ਡਾਇਰੈਕਟਰ ਸਿੰਗਲਾ ਨੇ ਮਿੰਗਦਾਓ ਹਾਈ ਸਕੂਲ, ਤਾਇਵਾਨ ਦੀ ਮੈਨੇਜਮੈਂਟ ਦਾ ਤਹਿ ਦਿਲੋਂ ਧੰਨਵਾਦ  ਕੀਤਾ।