5 Dariya News

ਸਿਵਲ ਸਰਜਨ ਵਲੋਂ ਦੰਦਾਂ ਦੇ ਪੰਦਰਵਾੜੇ ਦੀ ਸ਼ੁਰੂਆਤ

ਜ਼ਿਲ੍ਹੇ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਚ ਲੋੜਵੰਦਾਂ ਨੂੰ ਮੁਫ਼ਤ ਲਾਏ ਜਾਣਗੇ 155 ਡੈਂਚਰ : ਡਾ. ਆਦਰਸ਼ਪਾਲ ਕੌਰ

5 Dariya News

ਐਸ.ਏ.ਐਸ.ਨਗਰ 14-Nov-2022

ਜ਼ਿਲ੍ਹਾ ਐਸ.ਏ.ਐਸ. ਨਗਰ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ 34ਵਾਂ ਦੰਦ ਪੰਦਰਵਾੜਾ ਅੱਜ ਤੋਂ ਸ਼ੁਰੂ ਹੋ ਗਿਆ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਅੱਜ ਜ਼ਿਲ੍ਹਾ ਹਸਪਤਾਲ ਵਿਚ ਦੰਦਾਂ ਦੀ ਮੁਫ਼ਤ ਜਾਂਚ ਅਤੇ ਇਲਾਜ ਲਈ ਵਿਸ਼ੇਸ਼ ਪੰਦਰਵਾੜੇ ਦਾ ਉਦਘਾਟਨ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਡਾ. ਆਦਰਸ਼ਪਾਲ ਕੌਰ ਨੇ ਦਸਿਆ ਕਿ ਇਹ ਪੰਦਰਵਾੜਾ 14 ਨਵੰਬਰ ਤੋਂ 29 ਨਵੰਬਰ ਤਕ ਚੱਲੇਗਾ ।

ਜਿਸ ਦੌਰਾਨ ਜ਼ਿਲ੍ਹੇ ਦੀਆਂ ਵੱਖ ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਚ ਵਿਸ਼ੇਸ਼ ਕੈਂਪ ਲਗਾ ਕੇ ਲੋੜਵੰਦ ਮਰੀਜ਼ਾਂ ਨੂੰ 155 ਡੈਂਚਰ (ਦੰਦਾਂ ਦੀ ਬੀੜ ) ਮੁਫ਼ਤ ਲਾਏ ਜਾਣਗੇ ਅਤੇ ਦੰਦਾਂ ਦੀਆਂ ਕਈ ਬੀਮਾਰੀਆਂ ਦਾ ਇਲਾਜ ਵੀ ਮੁਫ਼ਤ ਕੀਤਾ ਜਾਵੇਗਾ। ਪੰਦਰਵਾੜੇ ਦੌਰਾਨ ਪਰਚੀ ਫ਼ੀਸ ਵੀ ਨਹੀਂ ਲੱਗੇਗੀ। ਜ਼ਿਲ੍ਹਾ ਹਸਪਤਾਲ ਵਿਚ ਲੋੜਵੰਦਾਂ ਨੂੰ ਕੁਲ 50 ਡੈਂਚਰ ਲਗਾਏ ਜਾਣਗੇ।ਡਾ. ਆਦਰਸ਼ਪਾਲ ਕੌਰ ਨੇ ਹਸਪਤਾਲ ਵਿਚ ਆਏ ਹੋਏ ਮਰੀਜ਼ਾਂ ਖ਼ਾਸਰਕ ਬਜ਼ੁਰਗਾਂ, ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਹੋਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੰਦਾਂ ਦੀ ਸਹੀ ਢੰਗ ਨਾਲ ਸਫ਼ਾਈ ਅਤੇ ਸੰਭਾਲ ਬੇਹੱਦ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਕਈ ਵਾਰ ਅਸੀਂ ਦੰਦ ਪੀੜ ਨੂੰ ਮਾਮੂਲੀ ਗੱਲ ਸਮਝ ਕੇ ਅਣਡਿੱਠ  ਕਰ ਦਿੰਦੇ ਹਾਂ ਪਰ ਅਜਿਹੀ ਹਾਲਤ ਵਿਚ ਤੁਰੰਤ ਡਾਕਟਰ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ ਕਿਉਂਕਿ ਦੰਦ ਪੀੜ ਦੰਦ ਦੇ ਖ਼ਰਾਬ ਹੋਣ ਦਾ ਸੰਕੇਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਦੰਦ ਵੀ ਸਾਡੇ ਸਰੀਰ ਦਾ ਅਹਿਮ ਅੰਗ ਹਨ ਅਤੇ ਇਨ੍ਹਾਂ ਦੀ ਤੰਦਰੁਸਤੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਸਿਹਤਮੰਦ ਦੰਦਾਂ ਲਈ ਸਹੀ ਢੰਗ ਨਾਲ ਬਰੱਸ਼ ਕੀਤਾ ਜਾਵੇ। ਬਹੁਤ ਜ਼ੋਰ ਨਾਲ ਬਰੱਸ਼ ਨਾ ਕੀਤਾ ਅਤੇ ਮਸੂੜਿਆਂ ਉਤੇ ਬਰੱਸ਼ ਨਾ ਕੀਤਾ ਜਾਵੇ। 

ਹਰ ਤਿੰਨ ਮਹੀਨੇ ਮਗਰੋਂ ਬਰੱਸ਼ ਬਦਲਿਆ ਜਾਵੇ। ਬਹੁਤ ਜ਼ਿਆਦਾ ਠੰਢਾ ਜਾਂ ਗਰਮ ਲੱਗਣ ’ਤੇ ਡਾਕਟਰ ਦੀ ਸਲਾਹ ਲਈ ਜਾਵੇ।ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਪਰਨੀਤ ਗਰੇਵਾਲ ਨੇ ਡੈਂਚਰ ਦੀ ਸੰਭਾਲ ਬਾਰੇ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਰਾਤ ਨੂੰ ਸੌਣ ਵੇਲੇ ਦੰਦਾਂ ਦੀ ਬੀੜ ਨੂੰ ਪਾਣੀ ਵਿਚ ਪਾ ਕੇ ਰਖਿਆ ਜਾਵੇ। ਹਰ ਰੋਜ਼ ਸਵੇਰੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਬਰੱਸ਼ ਕਰਨ ਦੀ ਆਦਤ ਪਾਈ ਜਾਵੇ। ਤੰਬਾਕੂ ਆਦਿ ਦੀ ਵਰਤੋਂ ਤੋਂ ਪ੍ਰਹੇਜ਼ ਬਹੁਤ ਜ਼ਰੂਰੀ ਹੈ। 

ਉਨ੍ਹਾਂ ਦੰਦਾਂ ਦੀਆਂ ਵੱਖ ਵੱਖ ਬਿਮਾਰੀਆਂ ਦੇ ਲੱਛਣਾਂ, ਬਚਾਅ ਅਤੇ ਇਲਾਜ ਬਾਰੇ ਦਸਿਆ। ਪਹਿਲੇ ਦਿਨ 10 ਮਰੀਜ਼ਾਂ ਨੇ ਦੰਦਾਂ ਦੀ ਬੀੜ ਲਗਵਾਉਣ ਲਈ ਪੰਜੀਕਰਣ ਕਰਵਾਇਆ। ਸਮਾਗਮ ਵਿਚ ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਪਰਨੀਤ ਗਰੇਵਾਲ, ਐਸਐਮਓ ਡਾ. ਐਚ.ਐਸ. ਚੀਮਾ, ਡਾ. ਵਿਜੇ ਭਗਤ, ਦੰਦਾਂ ਦੇ ਡਾਕਟਰ ਕਿਰਤੀ ਅਰੋੜਾ, ਡਾ. ਹਰਪ੍ਰੀਤ ਕੌਰ, ਡਾ. ਸ਼ਿਵਾਨੀ ਚੂਚਰਾ ਤੇ ਹੋਰ ਅਧਿਕਾਰੀ ਮੌਜੂਦ ਸਨ।