5 Dariya News

ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ “ਹਾਊਸ ਹੋਲਡ ਸਰਵੇ “ ਤੇਜ਼ੀ ਨਾਲ ਮੁਕੰਮਲ ਕਰਨ ਦੇ ਹੁਕਮ

ਪਹਿਲੇ ਪੜਾਅ ਤਹਿਤ 18 ਪਿੰਡਾਂ ਦਾ ਹੋਵੇਗਾ ਸਰਵੇ, ਵੱਖ-ਵੱਖ ਵਿਭਾਗਾਂ ਨੂੰ ਵਿਸਥਾਰਿਤ ਡਾਟਾ ਹਫ਼ਤੇ ਅੰਦਰ ਜਮ੍ਹਾਂ ਕਰਵਾਉਣ ਦੇ ਨਿਰਦੇਸ਼

5 Dariya News

ਕਪੂਰਥਲਾ 11-Nov-2022

ਡਿਪਟੀ  ਕਮਿਸ਼ਨਰ ਕਪੂਰਥਲਾ ਸ੍ਰੀ ਵਿਸ਼ੇਸ ਸਾਰੰਗਲ ਵਲੋਂ “ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ “ ਤਹਿਤ ਜ਼ਿਲ੍ਹੇ ਦੇ ਪਿੰਡਾਂ ਅੰਦਰ “ਹਾਊਸ ਹੋਲਡ ਸਰਵੇ” ਦਾ ਕੰਮ ਤੇਜ਼ੀ ਨਾਲ ਮੁਕੰਮਲ ਕਰਨ ਦੇ ਹੁਕਮ ਦਿੱਤੇ ਗਏ ਹਨ।ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗੀ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ ਸਿਹਤ,ਸਮਾਜਿਕ ਨਿਆਂ , ਸਿੱਖਿਆ,ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ।

ਉਨ੍ਹਾਂ ਸਪੱਸ਼ਟ ਕਿਹਾ ਕਿ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਪਹਿਲੇ ਪੜਾਅ ਤਹਿਤ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਸਰਵੇ ਲਈ ਚੁਣੇ ਗਏ 18 ਪਿੰਡਾਂ ਸਬੰਧੀ ਵਿਸਥਾਰਿਤ ਡਾਟਾ ਇਕ ਹਫ਼ਤੇ ਦੇ ਅੰਦਰ-ਅੰਦਰ ਯੋਜਨਾ ਦੇ ਨੋਡਲ ਸਮਾਜਿਕ ਨਿਆਂ ਵਿਭਾਗ ਕੋਲ ਜ਼ਮ੍ਹਾਂ ਕਰਵਾਉਣ।ਇਨ੍ਹਾਂ ਪਿੰਡਾਂ ਵਿਚ ਨੰਗਲ,ਮੇਹਟ,ਜਗਤਪੁਰ ਜੱਟਾ,ਚਹੇੜੂ,ਖੇੜਾ,ਹਮੀਰਾ,ਬੂਟ,ਭੱਠੇ,ਜਮਾਲਪੁਰ,ਖਲਵਾੜਾ,ਸੰਗਤਪੁਰ,ਚੱਕ ਹਕੀਮ,ਦਰਵੇਸ਼ ਪਿੰਡ,ਮਾਧੋਪੁਰ,ਲਾਟੀਆਂਵਾਲ,ਅੰਮ੍ਰਿਤਪੁਰ, ਕਿਸ਼ਨ ਸਿੰਘ ਵਾਲਾ ਅਤੇ ਚੱਕੋਕੀ ਸ਼ਾਮਿਲ ਹਨ।

ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿਚ ਇਸ ਯੋਜਨਾ ਤਹਿਤ 57 ਪਿੰਡਾਂ ਦਾ “ਹਾਊਸ ਹੋਲਡ ਸਰਵੈ” ਕੀਤਾ ਜਾਣਾ ਹੈ। ਜਿਸ ਵਿਚੋਂ ਪਹਿਲੇ ਪੜਾਅ ਤਹਿਤ 18 ਪਿੰਡਾਂ ਨੂੰ ਕਵਰ ਕੀਤਾ ਜਾਵੇਗਾ।ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾਕਿ ਉਹ ਸਰਵੈ ਦੇ ਕੰਮ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਤਾਂ ਜੋ ਇਸ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਤੱਕ ਵੱਖ-ਵੱਖ ਭਲਾਈ ਯੋਜਨਾਵਾਂ ਦੇ ਲਾਭ ਪੁੱਜਦਾ ਯਕੀਨੀ ਬਣਾਇਆ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਵੱਖ-ਵੱਖ ਵਿਕਾਸ ਯੋਜਨਾਵਾਂ ਸਬੰਧੀ ਵਰਤੋਂ ਸਰਟੀਫਿਕੇਟ ਜਲਦ ਜਮ੍ਹਾਂ ਕਰਵਾਉਣ ਤਾਂ ਜੋ ਵਿਕਾਸ ਕੰਮਾਂ ਲਈ ਹੋਰ ਲੋੜੀਂਦੇ ਫੰਡ ਜਾਰੀ ਕੀਤੇ ਜਾ ਸਕਣ।ਇਸ ਮੌਕੇ ਐਸ.ਡੀ.ਐਮ ਕਪੂਰਥਲਾ ਸ੍ਰੀ ਲਾਲ ਵਿਸ਼ਵਾਸ ਬੈਂਸ ਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।